Nabaz-e-punjab.com

ਇਤਿਹਾਸਕ ਨਗਰ ਸੋਹਾਣਾ ਦੇ ਬਾਸ਼ਿੰਦੇ ਪੀਣ ਵਾਲੇ ਪਾਣੀ ਨੂੰ ਤਰਸੇ, ਨਾਅਰੇਬਾਜ਼ੀ ਕੀਤੀ

ਪਿਛਲੇ ਸਾਲ ਸਤੰਬਰ ਵਿੱਚ ਫੇਲ ਹੋ ਗਿਆ ਸੀ ਟਿਊਬਵੈਲ, ਦੂਜਾ ਟਿਊਬਵੈੱਲ 24 ਘੰਟੇ ਚੱਲਣ ਕਾਰਨ ਮੋਟਰ ਦੇ ਗਈ ਜਵਾਬ

ਪੀੜਤ ਲੋਕ ਆਪਣੇ ਪੱਲਿਓਂ ਮਾਰਕੀਟ ’ਚੋਂ ਟੈਂਕਰ ਮੰਗਵਾ ਕੇ ਬੁਝਾ ਰਹੇ ਨੇ ਆਪਣੀ ਪਿਆਸ, ਅਧਿਕਾਰੀ ਬੇਖ਼ਬਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਇੱਥੋਂ ਦੇ ਇਤਿਹਾਸਕ ਨਗਰ ਪਿੰਡ ਸੋਹਾਣਾ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ। ਹਾਲਾਂਕਿ ਪਿੰਡ ਵਾਸੀ ਸਾਲ ਭਰ ਤੋਂ ਜਲ ਸੰਕਟ ਨਾਲ ਜੂਝ ਰਹੇ ਹਨ ਪ੍ਰੰਤੂ ਬੀਤੀ 28 ਅਗਸਤ ਤੋਂ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਗਏ ਹਨ। ਪਿੰਡ ਵਾਸੀ ਨਸੀਬ ਸਿੰਘ, ਸੁਰੇਸ਼ ਕੁਮਾਰ, ਆਰਕੇ ਕੌਸ਼ਿਕ, ਰਮਨਜੀਤ ਕੌਰ, ਗੁਰਸ਼ਰਨ ਕੌਰ ਸਾਰੇ ਵਾਸੀ ਥਾਣਾ ਮੁਹੱਲਾ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਪਿੰਡ ਵਾਸੀਆਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਪੱਲਿਓਂ ਪੈਸੇ ਖ਼ਰਚ ਕਰਕੇ ਸਾਢੇ 700 ਰੁਪਏ ਵਿੱਚ ਮਾਰਕੀਟ ’ਚੋਂ ਪਾਣੀ ਦਾ ਟੈਂਕਰ ਮੰਗਵਾ ਕੇ ਆਪਣੀ ਪਿਆਸ ਬੁਝਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ, ਜਲ ਸਪਲਾਈ ਵਿਭਾਗ, ਨਗਰ ਨਿਗਮ ਅਧਿਕਾਰੀਆਂ ਨੂੰ ਅਨੇਕਾਂ ਵਾਰ ਜਲ ਸੰਕਟ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪ੍ਰੰਤੂ ਹੁਣ ਤੱਕ ਇਹ ਸਮੱਸਿਆ ਜਿਊ ਦੀ ਤਿਊ ਬਰਕਰਾਰ ਹੈ।
ਉਧਰ, ਐਤਵਾਰ ਨੂੰ ਪਿੰਡ ਵਾਸੀਆਂ ਨੇ ਤੇਜ਼ ਧੁੱਪ ਅਤੇ ਗਰਮੀ ਦੇ ਬਾਵਜੂਦ ਟਿਊਬਵੈੱਲ ਵਾਲੀ ਥਾਂ ’ਤੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਸੀਬ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿੱਚ ਥਾਣਾ ਮੁਹੱਲੇ ਵਿੱਚ ਲੱਗਿਆ ਪਾਣੀ ਦਾ ਟਿਊਬਵੈੱਲ ਫੇਲ ਹੋ ਗਿਆ ਸੀ ਲੇਕਿਨ ਹੁਣ ਤੱਕ ਨਵਾਂ ਟਿਊਬਵੈੱਲ ਨਹੀਂ ਲਗਾਇਆ ਗਿਆ। ਜਿਸ ਕਾਰਨ ਪਿੰਡ ਵਾਸੀਆਂ ਦੇ ਹਲਕ ਸੁੱਕ ਗਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਸਬਮਰਸੀਬਲ ਪੰਪ ਲਗਾਏ ਹੋਏ ਹਨ। ਹੁਣ ਉਨ੍ਹਾਂ ਘਰਾਂ ’ਚੋਂ ਪਾਣੀ ਢੋਹਣਾ ਪੈ ਰਿਹਾ ਹੈ।
(ਬਾਕਸ ਆਈਟਮ)
ਪਿੰਡ ਸੋਹਾਣਾ ਦੇ ਅਕਾਲੀ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਕਾਰਨ ਇਹ ਦਿੱਕਤ ਆ ਰਹੀ ਹੈ ਲੇਕਿਨ 5 ਦਿਨ ਬੀਤ ਜਾਣ ਦੇ ਬਾਵਜੂਦ ਨਵੀਂ ਮੋਟਰ ਨਹੀਂ ਲਗਾਈ ਗਈ। ਉਨ੍ਹਾਂ ਦੱਸਿਆ ਕਿ ਮੁਹਾਲੀ ਨਿਗਮ ਵੱਲੋਂ ਨਵੰਬਰ 2018 ਵਿੱਚ ਨਵਾਂ ਟਿਊਬਵੈੱਲ ਲਗਾਉਣ ਦਾ ਪਤਾ ਪਾਸ ਕਰਕੇ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਭੇਜਿਆ ਸੀ। ਪਹਿਲਾਂ ਤਾਂ ਸਰਕਾਰ ਨੇ ਮਤਾ ਪਾਸ ਕਰਨ ਨੂੰ ਚਾਰ ਮਹੀਨੇ ਲਗਾ ਦਿੱਤੇ ਅਤੇ ਹੁਣ ਜਲ ਸਪਲਾਈ ਵਿਭਾਗ ਵਾਲੇ ਨਵਾਂ ਟਿਊਬਵੈੱਲ ਨਹੀਂ ਲਗਾ ਰਹੇ ਹਨ ਜਦੋਂਕਿ ਨਗਰ ਨਿਗਮ ਵੱਲੋਂ 8 ਮਹੀਨੇ ਪਹਿਲਾਂ ਜਲ ਸਪਲਾਈ ਵਿਭਾਗ ਕੋਲ 32 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਗਏ ਸੀ। ਹੁਣ ਤੱਕ ਵਿਭਾਗ ਨੇ ਟੈਂਡਰ ਵੀ ਨਹੀਂ ਲਗਾ ਸਕਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਫੇਲ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਉਨ੍ਹਾਂ ਨੇ ਉਪਰਾਲਾ ਕਰਕੇ ਸੋਹਾਣਾ ਵਿੱਚ ਪਾਣੀ ਦੇ ਤਿੰਨ ਟਿਊਬਵੈਲ ਲਗਵਾਏ ਸੀ ਅਤੇ ਬਾਦਲ ਸਰਕਾਰ ਨੇ ਲੋਕ ਹਿੱਤ ਵਿੱਚ ਪ੍ਰਵਾਨਗੀਆਂ ਬਾਅਦ ਵਿੱਚ ਦਿੱਤੀਆਂ ਸੀ ਪ੍ਰੰਤੂ ਟਿਊਬਵੈਲ ਦਾ ਕੰਮ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਲੇਕਿਨ ਮੌਜੂਦਾ ਸਮੇਂ ਵਿੱਚ ਕਾਂਗਰਸ ਸਰਕਾਰ ਕਈ ਕਈ ਮਹੀਨੇ ਵਿਕਾਸ ਅਤੇ ਹੋਰ ਵੱਖ ਵੱਖ ਕੰਮਾਂ ਦੇ ਮਤਿਆਂ ਨੂੰ ਰੋਕ ਕੇ ਰੱਖੀ ਰੱਖਦੀ ਹੈ।
(ਬਾਕਸ ਆਈਟਮ)
ਜਲ ਸਪਲਾਈ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਦਾ ਕਹਿਣਾ ਹੈ ਕਿ ਸੋਹਾਣਾ ਵਿੱਚ ਪਾਣੀ ਦੀ ਸਪਲਾਈ ਦੇਣ ਲਈ ਇਕ ਟਿਊਬਵੈਲ ਲਗਾਤਾਰ 20 ਘੰਟੇ ਚੱਲਣ ਕਾਰਨ ਬੀਤੇ ਕੱਲ੍ਹ ਮੋਟਰ ਖਰਾਬ ਹੋ ਗਈ ਸੀ। ਜਿਸ ਨੂੰ ਅੱਜ ਬਾਹਰ ਕੱਢ ਲਿਆ ਗਿਆ ਹੈ ਅਤੇ ਸੋਮਵਾਰ ਨੂੰ ਦੁਪਹਿਰ ਤੱਕ ਮੋਟਰ ਦੀ ਮੁਰੰਮਤ ਕਰਕੇ ਫਿੱਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕੇ ਵਿੱਚ ਨਵਾਂ ਟਿਊਬਵੈਲ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ ਅਤੇ ਅਗਲੇ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਨਵਾਂ ਟਿਊਬਵੈਲ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਅਧਿਕਾਰੀ ਨੇ ਪਿਛਲੇ 5 ਦਿਨਾਂ ਤੋਂ ਪਾਣੀ ਸਪਲਾਈ ਨਾ ਹੋਣ ਬਾਰੇ ਪਿੰਡ ਵਾਸੀਆਂ ਦੇ ਦੋਸ਼ਾਂ ਨੂੰ ਝੂਠ ਅਤੇ ਮਨਘੜਤ ਦੱਸਿਆ ਹੈ।

Load More Related Articles
Load More By Nabaz-e-Punjab
Load More In General News

Check Also

ਦੀਵਾਲੀ ਨਾਈਟ: ਵੱਖ-ਵੱਖ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ

ਦੀਵਾਲੀ ਨਾਈਟ: ਵੱਖ-ਵੱਖ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ ਮੁਹਾਲੀ 27 ਅਕਤੂਬਰ: ਪੇਂਡੂ ਵਿਕਾਸ, ਪੰਚਾਇਤ , ਸ…