
ਰਿਹਾਇਸ਼ੀ ਖੇਤਰ ਫੇਜ਼-4 ਵਿੱਚ ਬੰਦ ਪਈ ਸੀਵਰੇਜ ਲਾਈਨ ਦੀ ਸਫ਼ਾਈ ਦਾ ਕੰਮ ਸ਼ੁਰੂ
ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਕਮਿਸ਼ਨਰ ਨੂੰ ਮਿਲ ਕੇ ਦਿੱਤਾ ਸੀ ਮੰਗ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ
ਮੁਹਾਲੀ ਨਗਰ ਨਿਗਮ ਵੱਲੋਂ ਇੱਥੋਂ ਦੇ ਫੇਜ਼-4 ਸਥਿਤ ਰਿਹਾਇਸ਼ੀ ਖੇਤਰ ਬੰਦ ਪਈਆਂ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ। ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਸੀਵਰੇਜ ਲਾਈਨ ਸਫ਼ਾਈ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ ਨੂੰ ਮਿਲ ਕੇ ਸਥਾਨਕ ਵਸਨੀਕਾਂ ਨੂੰ ਦਰਪੇਸ਼ ਸਮੱਸਿਆ ਬਾਰੇ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਸੀ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।
ਸ੍ਰੀ ਸੋਹਲ ਨੇ ਦੱਸਿਆ ਕਿ ਕਮਿਸ਼ਨਰ ਨੇ ਸੀਵਰੇਜ ਲਾਈਨ ਦੀ ਸਫ਼ਾਈ ਕਰਨ ਲਈ ਵਾਹਨ ਅਤੇ ਕਰਮਚਾਰੀ ਭੇਜ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਫੇਜ਼-4 ਵਿੱਚ ਕੋਠੀ ਨੰਬਰ-501 ਤੋਂ 592 ਅਤੇ ਮਾਰਕੀਟ ਵਾਲੇ ਖੇਤਰ ਵਿੱਚ ਸੀਵਰੇਜ ਜਾਮ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪਹਿਲਾਂ ਵੀ ਸਮੇਂ ਸਮੇਂ ’ਤੇ ਸੀਵਰੇਜ ਜਾਣ ਹੋਣ ਤੋਂ ਤੁਰੰਤ ਬਾਅਦ ਪਾਈਪਲਾਈਨ ਦੀ ਸਫ਼ਾਈ ਕੀਤੀ ਜਾਂਦੀ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਨਿਗਮ ਅਮਲਾ ਲੋਕਾਂ ਦੀ ਸ਼ਿਕਾਇਤ ਨੂੰ ਤਵੱਜੋ ਨਹੀਂ ਦੇ ਰਿਹਾ ਸੀ। ਜਿਸ ਕਾਰਨ ਉਨ੍ਹਾਂ ਨੂੰ ਕਮਿਸ਼ਨਰ ਤੱਕ ਪਹੁੰਚ ਕਰਨੀ ਪਈ। ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਬੰਦ ਪਈ ਸੀਵਰੇਜ ਲਾਈਨ ਦੀ ਸਫ਼ਾਈ ਕਰਵਾਈ ਗਈ।