
ਅਧਿਆਪਕ ਸਿਖਲਾਈ ਤੇ ਮਾਈਂਡਸਪਾਰਕ’ ਪ੍ਰੋਗਰਾਮ ਦੀ ਸ਼ੁਰੂਆਤ
ਨਬਜ਼-ਏ-ਪੰਜਾਬ, ਮੁਹਾਲੀ, 14 ਸਤੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਆਪਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 42 ਸਕੂਲਾਂ ਦੇ ਬਲਾਕ ਸਿੱਖਿਆ ਅਫ਼ਸਰਾਂ, ਕਲੱਸਟਰ ਤੇ ਸਕੂਲ ਮੁਖੀਆਂ ਨੇ ਸ਼ਮੂਲੀਅਤ ਕੀਤੀ। ਐਜੂਕੇਸ਼ਨਲ ਇਨੀਸ਼ੀਏਟਿਵ ਦੀ ਮਾਹਰ ਟੀਮ ਵੱਲੋਂ ਕਰਵਾਏ ਗਏ ਇਸ ਸਿਖਲਾਈ ਪ੍ਰੋਗਰਾਮ ਵਿੱਚ ਰੋਹਨ ਕਾਟੇਪਲੇਰਵਾਰ, ਪ੍ਰਿਆ ਸਿੰਘ, ਸੁਭਾਸ਼ ਪ੍ਰਭਾਕਰਨ ਅਤੇ ਮਹਿੰਦਰ ਸਿੰਘ ਆਦਿ ਸਾਰੇ ਭਾਗੀਦਾਰਾਂ ਲਈ ਇੱਕ ਗਿਆਨ ਭਰਪੂਰ ਅਨੁਭਵ ਹੋ ਨਿਬੜਿਆ।
ਏਡੀਸੀ (ਪੇਂਡੂ ਵਿਕਾਸ) ਮਿਸ ਗੀਤਿਕਾ ਸਿੰਘ ਨੇ ਵਿੱਦਿਅਕ ਟੈਕਨਾਲੋਜੀ ਨੂੰ ਅਪਣਾਉਣ ਲਈ ਸਿੱਖਿਆ ਵਿਭਾਗ ਦੇ ਅਗਾਂਹਵਧੂ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਮਾਈਂਡਸਪਾਰਕ ਪ੍ਰੋਗਰਾਮ ਦੀ ਵਰਤੋਂ ਕਰਕੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਿੱਖਣ ਦੇ ਸਫ਼ਰ ਵਿੱਚ ਸ਼ਾਨਦਾਰ ਤਰੱਕੀ ਹਾਸਲ ਕੀਤੀ।
ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਅਸ਼ਵਨੀ ਦੱਤਾ ਨੇ ਸਾਰੇ ਮੁੱਖ ਅਧਿਆਪਕਾਂ ਨੂੰ ਇਸ ਸਿਖਲਾਈ ਨੂੰ ਇੱਕ ਸਕਾਰਾਤਮਿਕ ਵਜੋਂ ਅਪਣਾਉਣ ਦੀ ਅਪੀਲ ਕੀਤੀ, ਜਿਸ ਨਾਲ ਵਿਦਿਆਰਥੀਆਂ ਦੇ ਸਿੱਖਣ ਦੇ ਸਫ਼ਰ ਨੂੰ ਬਦਲਣ ਦੀ ਇਸ ਦੀ ਸਮਰੱਥਾ ਨੂੰ ਉਜਾਗਰ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀਮਤੀ ਗਿੰਨੀ ਦੁੱਗਲ ਨੇ ਟੈਕਨਾਲੋਜੀ ਰਾਹੀਂ ਸਿੱਖਣ ਦੇ ਪਾੜੇ ਨੂੰ ਪੂਰਾ ਕਰਨ ਦੀ ਲੋੜ ਮਹਿਸੂਸ ਕਰਦਿਆਂ ਇਸ ਉਦੇਸ਼ ਦੀ ਪ੍ਰਾਪਤੀ ਲਈ ‘ਮਾਈਂਡਸਪਾਰਕ’ ਪ੍ਰੋਗਰਾਮ ਨੂੰ ਇੱਕ ਮਹੱਤਵਪੂਰਨ ਸਾਧਨ ਵਜੋਂ ਗ੍ਰਹਿਣ ਕਰਨ ’ਤੇ ਜ਼ੋਰ ਦਿੱਤਾ। ।

‘ਮਾਈਂਡਸਪਾਰਕ ਇੰਪਲੀਮੈਂਟੇਸ਼ਨ’ ਦੀ ਸਟੇਟ ਹੈੱਡ ਸ੍ਰੀਮਤੀ ਪ੍ਰਿਆ ਸਿੰਘ ਨੇ ਦੱਸਿਆ ਕਿ 21 ਮਿਡਲ ਅਤੇ ਹਾਈ ਸਕੂਲਾਂ ਵਿੱਚ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਪਾਇਲਟ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਖਰੜ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਜਿਸ ਨਾਲ 32 ਨਵੇਂ ਪ੍ਰਾਇਮਰੀ ਸਕੂਲ ਅਤੇ 10 ਵਾਧੂ ਮਿਡਲ ਅਤੇ ਹਾਈ ਸਕੂਲ ਸ਼ਾਮਲ ਕੀਤੇ ਗਏ। ਸਰਕਾਰੀ ਮਿਡਲ ਸਕੂਲ ਕਰਾਲਾ, ਸਰਕਾਰੀ ਹਾਈ ਸਕੂਲ ਫੇਜ਼-6 ਅਤੇ ਸਰਕਾਰੀ ਹਾਈ ਸਕੂਲ ਪਲਹੇੜੀ ਦੇ ਮੁੱਖ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਬੇਮਿਸਾਲ ਪ੍ਰਦਰਸ਼ਨ ਲਈ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਾਨਤਾ ਅਤੇ ਇਨਾਮ ਦਿੱਤੇ ਗਏ।