ਪਹਿਲਕਦਮੀ: ਮੁੱਖ ਮੰਤਰੀ ਵੱਲੋਂ ਸੜਕ ਸੁਰੱਖਿਆ ਸਬੰਧੀ ਰੱਤੀ ਭਰ ਵੀ ਉਲੰਘਣਾ ਨਾ ਸਹਿਣ ਕਰਨ ਦਾ ਐਲਾਨ

ਸੜਕ ਸੁਰੱਖਿਆ ਫੰਡਾਂ ਦੇ ਖ਼ਰਚੇ ਸਬੰਧੀ ਤਿੰਨ ਮੈਂਬਰੀ ਵਿਸ਼ੇਸ਼ ਕਮੇਟੀ ਦਾ ਗਠਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਅਪਰੈਲ:
ਸੜਕ ਸੁਰੱਖਿਆ ਦੇ ਸਬੰਧ ਵਿਚ ਰੱਤੀ ਭਰ ਵਿਚ ਉਲੰਘਣਾ ਨਾ ਸਹਿਣ ਕਰਨ ਦੀ ਪਹੁੰਚ ਅਪਣਾਉਣ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਸੁਰੱਖਿਆ ਦੇ ਸਬੰਧ ਵਿਚ ਟੀਚਾਗਤ ਖਰਚਿਆਂ ਦੇ ਖਰਚੇ ਬਾਰੇ ਇਕ ਕਾਰਜ ਯੋਜਨਾ ਤਿਆਰ ਕਰਨ ਵਾਸਤੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਅੱਗੇ ਹੋਰ ਘਟਾਇਆ ਜਾ ਸਕੇ। ਪਿਛਲੇ ਸਾਲ ਇਨ੍ਹਾਂ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ’ਚ ਤਕਰੀਬਨ 16 ਫੀਸਦੀ ਕਮੀ ਆਈ ਹੈ। ਪਿਛਲੇ ਦਸ ਸਾਲਾਂ ਦੌਰਾਨ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਤੁਲਣਾ ’ਚ ਪਿਛਲੇ ਸਾਲ ਤੇਜ਼ੀ ਨਾਲ ਕਮੀ ਆਉਣ ਦੇ ਬਾਵਜੂਦ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਸੜਕ ਹਾਦਸਿਆਂ ਨੂੰ ਘੱਟ ਤੋਂ ਘੱਟ ਕਰਨਾ ਹੈ ਤਾਂ ਜੋ ਸੂਬੇ ਨੂੰ ਹਾਦਸਿਆਂ ਤੋਂ ਮੁਕਤ ਬਣਾਇਆ ਜਾ ਸਕੇ।
ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਤਿੰਨ ਮੈਂਬਰੀ ਕਮੇਟੀ ਗ੍ਰਹਿ ਸਕੱਤਰ, ਟਰਾਂਸਪੋਰਟ ਸਕੱਤਰ ਅਤੇ ਏ.ਡੀ.ਜੀ.ਪੀ ਅਧਾਰਤ ਹੋਵੇਗੀ ਜੋ ਕਿ ਫੰਡਾਂ ਨੂੰ ਸਹੀ ਢੰਗ ਨਾਲ ਵਰਤੇ ਜਾਣ ਨੂੰ ਯਕੀਨੀ ਬਣਾਵੇਗੀ। ਇਸ ਸਾਲ ਇਸ ਫੰਡ ਹੇਠ 20 ਕਰੋੜ ਰੁਪਏ ਦੀ ਰਾਸ਼ੀ ਉਪਲਬੱਧ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਵਾਜਾਈ ਦੀ ਉਲੰਘਣਾ ਉੱਤੇ ਗੰਭੀਰ ਨੋਟਿਸ ਲਿਆ ਜਿਸ ਨਾਲ ਸੜਕ ਹਾਦਸੇ ਹੁੰਦੇ ਹਨ। ਉਨ੍ਹਾਂ ਨੇ ਗੱਡੀਆਂ ਦੇ ਪਿਛੇ ਢੁੱਕਵੇਂ ਰੂਪ ਵਿਚ ਨਾ ਲੱਗੀਆਂ ਲਾਈਟਾਂ ਵਾਲੀਆਂ ਗੱਡੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਡੀਆਂ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟਰੈਕਟਰ-ਟਰਾਲੀਆਂ ਨੂੰ ਵੀ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਸਵੈ-ਚਾਲਿਤ ਤਰੀਕੇ ਨਾਲ ਗੱਡੀਆਂ ਦੀ ਸਪੀਡ ਚੈਕ ਕਰਨ ਉੱਤੇ ਕੌਂਸਲ ਨੂੰ ਆਪਣਾ ਧਿਆਨ ਕੇਂਦਰਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਆਵਾਜਾਈ ਦੀਆਂ ਹੋਰਨਾਂ ਉਲੰਘਣਾਵਾਂ ਲਈ ਈ-ਚਲਾਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਓਟੋਮੈਟਿਕ ਸਪੀਡ ਬੈਰੀਅਰ ਸਥਾਪਤ ਕੀਤੇ ਜਾਣ ਤੱਕ ਟਰੈਫਿਕ ਪੁਲਿਸ ਅਤੇ ਸੜਕਾਂ ਉੱਤੇ ਅਨੁਸਾਸ਼ਨ ਨੂੰ ਕਾਇਮ ਰੱਖਣ ਵਾਲੀਆਂ ਹੋਰਨਾਂ ਏਜੰਸੀਆਂ ਵੱਲੋਂ ਗੱਡੀਆਂ ਦੀ ਰਫਤਾਰ ਦੇ ਨਿਯਮਾਂ ਨੂੰ ਸਖ਼ਤੀ ਨਾਲ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਤੇਜ਼ ਰਫ਼ਤਾਰ ਅਤੇ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਦੇ ਰੁਝਾਨ ਨੂੰ ਸ਼ਹਿਰੀ ਇਲਾਕਿਆਂ ਵਿਚ ਰੋਕਣ ਵਾਸਤੇ ਟਰੈਫਿਕ ਵਿਭਾਗ ਨੂੰ ਵਿਸ਼ੇਸ਼ ਯੰਤਰਾਂ ਰਾਹੀਂ ਨੇੜਿਓਂ ਨਿਗਰਾਨੀ ਰੱਖਣ ਲਈ ਕਿਹਾ ਹੈ।
ਸੂਬੇ ਦੇ ਬਜਟ ਵਿਚ ਹਾਈਵੇਅ ਟ੍ਰੋਮਾ ਸੈਂਟਰਾਂ ਲਈ ਪ੍ਰਵਾਨਗੀ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਐਂਬੂਲੈਂਸ ਸੇਵਾਵਾਂ ਸ਼ੁਰੂ ਕਰਨ ਲਈ ਹੋਰਨਾਂ ਨਿੱਜੀ ਯੂਨੀਵਰਸਿਟੀਆਂ ਨੂੰ ਵੀ ਉਤਸ਼ਾਹਤ ਕੀਤਾ ਜਾਵੇਗਾ ਜਿਨ੍ਹਾਂ ਨੂੰ ਰਾਜ ਮਾਰਗਾਂ ਉੱਤੇ ਅਹਿੰਮ ਥਾਵਾਂ ਉੱਤੇ ਖੜੇ੍ਹ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਟ੍ਰੈਫਿਕ ਉਲੰਘਣਾ ਕਰਨ ਤੋਂ ਬਚਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਆਮ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣ ਵਾਸਤੇ ਵਿਆਪਕ ਜਨ ਜਾਗਰੁਕਤਾ ਮੁਹਿੰਮ ਸ਼ੁਰੂ ਕਰਨ ਲਈ ਵੀ ਅਧਿਕਾਰੀਆਂ ਨੂੰ ਆਖਿਆ ਹੈ। ਉਨ੍ਹਾਂ ਨੇ ਲੋਕਾਂ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਭਾਵਨਾ ਨੂੰ ਭਰਨ ਵਾਸਤੇ ਇਸ ਮੁਹਿੰਮ ਵਿਚ ਲੋਕਾਂ ਖਾਸ ਕਰ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਵਾਸਤੇ ਵੀ ਅਧਿਕਾਰੀਆਂ ਨੂੰ ਆਖਿਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਵਾਸਤੇ ਵਿਸ਼ੇਸ਼ ਕੈਂਪ ਵੀ ਲਾਏ ਜਾਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਟ੍ਰੈਫਿਕ ਦੀ ਉਲੰਘਣਾ ਕਰਨ ਦੇ ਆਦੀ ਲੋਕਾਂ ਲਈ ਸਖ਼ਤ ਸਜ਼ਾ ਯਕੀਨੀ ਬਣਾਉਣ ਦਾ ਵੀ ਸੁਝਾਅ ਦਿੱਤਾ ਤਾਂ ਜੋ ਬਾਕੀ ਦੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਹਿਚਕਿਚਾਉਣ।
ਪਿਛਲੇ ਇੱਕ ਸਾਲ ਦੌਰਾਨ ਸੜਕ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਨੂੰ ਘਟਾਉਣ ਲਈ ਕੌਂਸਲ ਵੱਲੋਂ ਚੁੱਕੇ ਗਏ ਕਦਮਾਂ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਮੀਟਿੰਗ ਦੌਰਾਨ ਦੱਸਿਆ ਗਿਆ ਕਿ 2017 ਦੀ ਕਾਰਜ ਯੋਜਨਾ ਦੇ ਹੇਠ ਸੂਬੇ ਭਰ ’ਚ ਹਾਦਸਿਆਂ ਵਾਲੀਆਂ 400 ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਜਿਨ੍ਹਾਂ ਵਿਚੋਂ 150 ਥਾਵਾਂ ਨੂੰ ਠੀਕ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਪੀ.ਡਬਲਯੂ.ਡੀ ਨਾਲ ਮਿਲ ਕੇ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰ ਰਹੀ ਹੈ ਅਤੇ ਉਨ੍ਹਾਂ ਵਿਚ ਸੁਧਾਰ ਲਿਆ ਰਹੀ ਹੈ।
ਏਡੀਜੀਪੀ ਟ੍ਰੈਫਿਕ ਸਰਵ ਸਤਿਆ ਚੌਹਾਨ ਵੱਲੋਂ ਪੰਜਾਬ ਵਿਚ ਸੜਕ ਸੁਰੱਖਿਆ ਦੇ ਪੱਖ ਤੋਂ ਕੀਤੀ ਗਈ ਪੇਸ਼ਕਾਰੀ ਵਿਚ ਦੱਸਿਆ ਗਿਆ ਕਿ ਸੜਕ ਸੁਰੱਖਿਆ ਅਤੇ ਹਾਦਸਿਆਂ ਦੇ ਤਰੀਕਿਆਂ ਦੇ ਸਬੰਧ ਵਿਚ ਨਿਗਰਾਨੀ ਰੱਖਣ ਲਈ ਹਰੇਕ ਜ਼ਿਲ੍ਹੇ ਵਿਚ ਵਿਕੇਂਦਰੀਕ੍ਰਿਤ ਡਾਟਾ ਅਧਾਰਤ ਪਹੁੰਚ ਅਪਣਾਈ ਗਈ ਹੈ। ਤੇਜ਼ ਗੱਡੀਆਂ ਚਲਾਉਣ ਅਤੇ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਸਬੰਧ ਵਿਚ ਸ਼ਹਿਰੀ ਇਲਕਿਆਂ ਵਿਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਕਾਰਨ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ।
ਸ੍ਰੀ ਚੌਹਾਨ ਦੇ ਦੱਸਿਆ ਕਿ ਹੈਲਮਟ ਪਾਉਣ ਅਤੇ ਸੀਟ ਬੈਲਟ ਲਾਉਣ ਦੇ ਸਬੰਧ ਵਿਚ ਵੀ ਚੌਖਾ ਸੁਧਾਰ ਆਇਆ ਹੈ। ਪੇਸ਼ਕਾਰੀ ਦੌਰਾਨ ਦੱਸਿਆ ਗਿਆ ਕਿ 2017 ਵਿਚ ਸੂਬੇ ਵਿਚ ਕੁੱਲ 5997 ਹਾਦਸੇ ਹੋਏ ਜਿਸ ਦੇ ਕਾਰਨ 4278 ਮੌਤਾਂ ਹੋਈਆਂ। ਸਾਲ 2016 ਦੇ ਮੁਕਾਬਲੇ ਮੌਤਾਂ ਵਿਚ 15.7 ਫੀਸਦੀ ਕਮੀ ਆਈ। ਸਾਲ 2017 ਦੌਰਾਨ 4024 ਵਿਅਕਤੀ ਗੰਭੀਰ ਜ਼ਖਮੀ ਹੋਏ। ਇਸੇ ਸਾਲ ਦੌਰਾਨ ਹੀ ਹਾਈਵੇਅ ਗਸ਼ਤੀ ਗੱਡੀਆਂ ਅਤੇ ਐਂਬੂਲੈਂਸਾਂ ਵੱਲੋਂ ਸੂਬੇ ਭਰ ਵਿਚ 3951 ਵਿਅਕਤੀਆਂ ਦੀ ਜਾਨ ਬਚਾਈ ਗਈ। ਇਨ੍ਹਾਂ ਨੂੰ ਤੇਜ਼ੀ ਨਾਲ ਮੁਢਲੀ ਸਹਾਇਤਾ ਦੇ ਕੇ ਇਲਾਜ ਵਾਲੀਆਂ ਥਾਵਾਂ ’ਤੇ ਪਹੁੰਚਾਇਆ ਗਿਆ। ਗੌਰਤਲਬ ਹੈ ਕਿ 63 ਹਾਈਵੇਅ ਗਸ਼ਤੀ ਗੱਡੀਆਂ, 17 ਕਰੇਨਾਂ, 12 ਰਿਕਵਰੀ ਵੈਨਾਂ ਅਤੇ 18 ਐਂਬੂਲੈਂਸਾਂ ਸੂਬੇ ਦੇ 6 ਨਾਜ਼ੁਕ ਸਥਾਨਾਂ ਅਤੇ ਰਾਸ਼ਟਰੀ ਰਾਜ ਮਾਰਗਾਂ ਉੱਤੇ ਤਾਇਨਾਤ ਹਨ। ਇਸ ਤੋਂ ਇਲਾਵਾ ਐਨ.ਜੀ.ਓਜ਼ ਨਾਲ ਸਬੰਧਤ 125 ਨਿੱਜੀ ਐਂਬੂਲੈਂਸਾਂ ਵੀ ਪੁਲਿਸ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਤਾਲਮੇਲ ਨਾਲ ਚੱਲ ਰਹੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ, ਵਧੀਕ ਰਾਜ ਟਰਾਂਸਪੋਰਟ ਕਮਿਸ਼ਨਰ ਐਮ.ਕੇ. ਅਰਵਿੰਦ ਕੁਮਾਰ, ਪੰਜਾਬ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਹਰਮਨ ਸਿੰਘ ਸਿੱਧੂ ਅਤੇ ਰਾਹੁਲ ਵਰਮਾ ਤੋਂ ਇਲਾਵਾ ਡਾਇਰੈਕਟਰ ਸਿਹਤ ਸੇਵਾਵਾਂ ਤੋਂ ਡਾ. ਪ੍ਰੀਤੀ, ਸੜਕ ਸੁਰੱਖਿਆ ਦੇ ਕੁਆਰਡੀਨੇਟਰ ਮਨਮੋਹਨ ਲੂਥਰਾ ਅਤੇ ਪੰਜਾਬ ਸੜਕ ਅਤੇ ਬ੍ਰਿਜ ਵਿਕਾਸ ਬੋਰਡ ਦੇ ਚੀਫ ਇੰਜੀਨੀਅਰ ਮੁਕੇਸ਼ ਗੋਇਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…