
ਪਹਿਲਕਦਮੀ: ਗਮਾਡਾ ਨੂੰ ਹੁਣ ਵਟਸਐਪ ’ਤੇ ਭੇਜੀ ਜਾ ਸਕੇਗੀ ਕੋਈ ਵੀ ਸ਼ਿਕਾਇਤ
ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਲਈ ਗਮਾਡਾ ਨੇ ਸ਼ੁਰੂ ਕੀਤਾ ਵਸਟਐਪ ਨੰਬਰ: ਸ੍ਰੀਮਤੀ ਕਵਿਤਾ ਸਿੰਘ
ਵਟਸਐਪ ’ਤੇ ਮਿਲੀਆਂ ਸ਼ਿਕਾਇਤਾਂ ਦਾ ਤੁਰੰਤ ਹੋਵੇਗਾ ਨਿਬੇੜਾ, ਹੈਲਪ ਡੈਸਕ ਤੇ ਵਿਸ਼ੇਸ਼ ਟੀਮ ਦਾ ਗਠਨ
ਸਰਕਾਰੀ ਛੁੱਟੀਆਂ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੇਜੀ ਜਾ ਸਕਦੀ ਹੈ ਸ਼ਿਕਾਇਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਗਮਾਡਾ ਨੂੰ ਆਨਲਾਈਨ ਸ਼ਿਕਾਇਤਾਂ ਭੇਜਣ ਦੀ ਵਿਵਸਥਾ ਕੀਤੀ ਹੋਈ ਸੀ ਅਤੇ ਈਮੇਲ ’ਤੇ ਵੀ ਸ਼ਿਕਾਇਤਾਂ ਭੇਜੀਆਂ ਜਾ ਸਕਦੀਆਂ ਹਨ। ਸਿੰਗਲ ਵਿੰਡੋ ਸਿਸਟਮ ਦੀ ਵੀ ਸੁਵਿਧਾ ਮੁਹੱਈਆ ਕਰਵਾਈ ਹੋਈ ਹੈ ਪ੍ਰੰਤੂ ਹੁਣ ਵਟਸਐਪ ਨੰਬਰ 78886-96869 ਜਾਰੀ ਕਰਕੇ ਪੀੜਤ ਲੋਕਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਦਾ ਸੌਖਾ ਤਰੀਕਾ ਮੁਹੱਈਆ ਕਰਵਾਇਆ ਗਿਆ ਹੈ।
ਗਮਾਡਾ ਵੱਲੋਂ ਵਟਸਐਪ ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਪ੍ਰਭਾਵ ਨਾਲ ਨਿਬੇੜਾ ਕੀਤਾ ਜਾਵੇ। ਇਸ ਸਬੰਧੀ ਵਿਸ਼ੇਸ਼ ਹੈਲਪ ਡੈਸਕ ਸਥਾਪਿਤ ਕਰਨ ਦੇ ਨਾਲ ਨਾਲ ਵਿਸ਼ੇਸ਼ ਟੀਮ ਕਾਇਮ ਕੀਤੀ ਗਈ ਹੈ, ਜੋ ਵਟਸਐਪ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਮੁੱਖ ਪ੍ਰਸ਼ਾਸਕ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਸਬੰਧਤ ਬ੍ਰਾਂਚ ਨੂੰ ਕਾਰਵਾਈ ਲਈ ਭੇਜੀਆਂ ਜਾਣਗੀਆਂ ਅਤੇ ਸਬੰਧਤ ਸ਼ਿਕਾਇਤ ਦਾ ਨਿਪਟਾਰਾ ਹੋਣ ਤੱਕ ਫਾਈਲ ਦਾ ਪਿੱਛਾ ਕੀਤਾ ਜਾਵੇਗਾ।
ਗਮਾਡਾ ਅਧਿਕਾਰੀਆਂ ਦੇ ਦੱਸਣ ਮੁਤਾਬਕ ਵਟਸਐਪ ਨੰਬਰ ਜਾਰੀ ਕਰਨ ਦਾ ਮੁੱਖ ਮੰਤਵ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਪ੍ਰਭਾਵ ਨਾਲ ਨਿਬੇੜਾ ਕਰਨਾ ਹੈ ਤਾਂ ਜੋ ਸਬੰਧਤ ਵਿਅਕਤੀ ਨੂੰ ਗਮਾਡਾ ਦੇ ਮੁੱਖ ਦਫ਼ਤਰ ਸਮੇਤ ਹੋਰਨਾਂ ਬ੍ਰਾਂਚਾਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ। ਇਸ ਨਾਲ ਗਮਾਡਾ ਜਿੱਥੇ ਲੋਕਾਂ ਦਾ ਦਿਲ ਵੀ ਜਿੱਤਣਾ ਚਾਹੁੰਦਾ ਹੈ, ਉੱਥੇ ਦਫ਼ਤਰੀ ਕੰਮ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੁੰਦਾ ਹੈ।
ਉਧਰ, ਜੇਕਰ ਗਮਾਡਾ ਦੇ ਸੂਤਰਾਂ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਇਹ ਦੇਖਣ ਵਿੱਚ ਆ ਰਿਹਾ ਸੀ ਕਿ ਕਈ ਬ੍ਰਾਂਚਾਂ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਾ ਕੀਤੇ ਜਾਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਸੀ। ਇਸ ਨਾਲ ਗਮਾਡਾ ਦੀ ਵੀ ਬਦਨਾਮੀ ਹੋ ਰਹੀ ਸੀ। ਇਸ ਸਬੰਧੀ ਪੀੜਤ ਲੋਕਾਂ ਵੱਲੋਂ ਜਨਤਕ ਤੌਰ ’ਤੇ ਦੋਸ਼ ਲਗਾਏ ਜਾ ਚੁੱਕੇ ਹਨ ਅਤੇ ਉੱਚ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਕੋਲ ਵੀ ਸ਼ਿਕਾਇਤਾਂ ਪੁੱਜਦੀਆਂ ਕੀਤੀਆਂ ਗਈਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਗਮਾਡਾ ਦਾ ਖੇਤਰਫਲ ਬਹੁਤ ਜ਼ਿਆਦਾ ਵਧ ਗਿਆ ਹੈ ਅਤੇ ਹਰੇਕ ਸਾਲ ਅਧਿਕਾਰੀ ਅਤੇ ਮੁਲਾਜ਼ਮ ਸੇਵਾਮੁਕਤ ਹੋ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਗਮਾਡਾ\ਪੁੱਡਾ ਦਫ਼ਤਰਾਂ ਦਾ ਕੰਮ ਚਲਾਉਣ ਲਈ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਮੌਜੂਦਾ ਮੁਲਾਜ਼ਮਾਂ ਉੱਤੇ ਕੰਮ ਦਾ ਬੋਝ ਕਾਫੀ ਵਧ ਗਿਆ ਹੈ, ਪ੍ਰੰਤੂ ਹੁਣ ਵਟਸਐਪ ਨੰਬਰ ਆਮ ਲੋਕਾਂ ਅਤੇ ਗਮਾਡਾ ਵਿੱਚ ਪੁਲ ਦਾ ਕੰਮ ਕਰੇਗਾ।
(ਬਾਕਸ ਆਈਟਮ)
ਗਮਾਡਾ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਵਟਸਐਪ ਨੰਬਰ 78886-96869 ਜਾਰੀ ਕੀਤਾ ਗਿਆ ਹੈ ਤਾਂ ਜੋ ਸ਼ਿਕਾਇਤ ਕਰਤਾ ਨੂੰ ਵੱਖ ਵੱਖ ਬ੍ਰਾਂਚਾਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਹੈ ਕਿ ਸਰਕਾਰੀ ਛੁੱਟੀ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਉਕਤ ਨੰਬਰ ’ਤੇ ਭੇਜ ਸਕਦਾ ਹੈ। ਉਹ ਖ਼ੁਦ ਵੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਰੋਜ਼ਾਨਾ ਨਜਰਸ਼ਾਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਨਵੀਂ ਤਰਕੀਬ ਨਾਲ ਗਮਾਡਾ ਦੇ ਦਫ਼ਤਰੀ ਕੰਮ ਵਿੱਚ ਸੁਧਾਰ ਅਤੇ ਪਾਰਦਰਸ਼ਤਾ ਆਵੇਗੀ। ਉਨ੍ਹਾਂ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਸਬੰਧਤ ਬ੍ਰਾਂਚ ਕੋਲ ਪਹੁੰਚਦੀਆਂ ਹੀ ਨਹੀਂ ਸਨ। ਜਿਸ ਕਾਰਨ ਪੀੜਤਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪ੍ਰੰਤੂ ਹੁਣ ਵਟਸਐਪ ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਤੁਰੰਤ ਸਬੰਧਤ ਬ੍ਰਾਂਚ ਵਿੱਚ ਭੇਜਿਆ ਜਾਵੇ ਅਤੇ ਅਧਿਕਾਰੀ ਅਤੇ ਡੀਲਿੰਗ ਹੈੱਡ ਨੂੰ ਸ਼ਿਕਾਇਤ ਦਾ ਛੇਤੀ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਲੋਕ helpdesk0gmada.gov.in ’ਤੇ ਵੀ ਸ਼ਿਕਾਇਤ ਭੇਜ ਸਕਦੇ ਹਨ ਅਤੇ ਹੈਲਪ ਡੈਸਕ ਦੇ ਨੰਬਰ 0172-2215202 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।