Nabaz-e-punjab.com

ਪਹਿਲਕਦਮੀ: ਡੀਸੀ ਵੱਲੋਂ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਵਿੱਚ ਲੱਗੇ ਵਾਹਨਾਂ ਨੂੰ ਜ਼ਬਤ ਕਰਨ ਦੇ ਆਦੇਸ਼

ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡਟਣ ਵਾਲਿਆਂ ਨੂੰ ਸੁਰੱਖਿਆ ਛੱਤਰੀ ਮੁਹੱਈਆ ਕਰੇਗਾ ਜ਼ਿਲ੍ਹਾ ਪ੍ਰਸ਼ਾਸਨ

ਡੀਸੀ ਨੇ ਨਾਜਾਇਜ਼ ਖਣਨ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਵਿਅਕਤੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਸਰਾਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖ਼ਿਲਾਫ਼ ਕਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਆਪਣੇ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ, ਮਾਈਨਿੰਗ ਵਿਭਾਗ ਅਤੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਵਿਅਕਤੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮਾਜਰੀ ਬਲਾਕ ਵਿੱਚ ਮਾਈਨਿੰਗ ਮਾਫ਼ੀਆ ਨਾਲ ਲੋਹਾ ਲੈਣ ਵਾਲੇ ਤਿੰਨ ਵਿਅਕਤੀਆਂ ਭਾਗ ਸਿੰਘ ਪਿੰਡ ਅਭੀਪੁਰ, ਸ਼ੇਰ ਮੁਹੰਮਦ ਖ਼ਾਨ ਪਿੰਡ ਖਿਜ਼ਰਾਬਾਦ ਅਤੇ ਸਰਦਾਰਾ ਸਿੰਘ ਪਿੰਡ ਹੰਡੇਸਰਾ ਹਾਜ਼ਰ ਸਨ। ਡੀਸੀ ਨੇ ਐਸਐਸਪੀ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਮਾਈਨਿੰਗ ਮਾਫ਼ੀਆ ਖ਼ਿਲਾਫ਼ ਲੜਨ ਵਾਲੇ ਪਿੰਡ ਅਭੀਪੁਰ ਦੇ ਭਾਗ ਸਿੰਘ, ਰਾਮ ਸਿੰਘ ਅਤੇ ਜਰਨੈਲ ਸਿੰਘ ਨੂੰ ਢੁਕਵੀਂ ਸੁਰੱਖਿਆ ਛੱਤਰੀ ਮੁਹੱਈਆ ਕਰਵਾਉਣ। ਡੀਸੀ ਨੇ ਕਿਹਾ ਕਿ ਉਕਤ ਵਿਅਕਤੀਆਂ ਦੀ ਸੁਰੱਖਿਆ ਲਈ ਸਬੰਧਤ ਥਾਣੇ ਦਾ ਐਸਐਚਓ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗਾ।
ਸ੍ਰੀ ਗਿਰੀਸ ਦਿਆਲਨ ਨੇ ਉਕਤ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪੋ-ਆਪਣੇ ਇਲਾਕਿਆਂ ਵਿੱਚ ਨਾਜਾਇਜ਼ ਮਾਈਨਿੰਗ ਨਾਲ ਕਰੜੇ ਹੱਥੀਂ ਟੱਕਰ ਲੈਣ ਦਾ ਸਾਹਸ ਦਿਖਾਇਆ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਸਿਵਲ ਤੇ ਪੁਲੀਸ ਪ੍ਰਸ਼ਾਸਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਮਾਈਨਿੰਗ ਵਿਭਾਗ ਨੂੰ ਸਾਂਝੀ ਟੀਮ ਬਣਾ ਕੇ ਐਸਡੀਐਮ ਦੀ ਨਿਗਰਾਨੀ ਹੇਠ ਕਰੱਸ਼ਰਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਅਤੇ ਗ਼ੈਰ ਕਾਨੂੰਨੀ ਕਰੱਸ਼ਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਤੁਰੰਤ ਸੀਲ ਕੀਤਾ ਜਾਵੇਗਾ। ਡੀਸੀ ਨੇ ਆਦੇਸ਼ ਦਿੱਤੇ ਕਿ ਕਾਨੂੰਨੀ ਤੌਰ ’ਤੇ ਚੱਲ ਰਹੇ ਕਰੱਸ਼ਰਾਂ ਵਿੱਚ ਸਟਾਕ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਰੇਤਾ ਜਾਂ ਹੋਰ ਸਮੱਗਰੀ ਕਿੱਥੋਂ ਲਿਆਂਦੀ ਗਈ ਹੈ।
ਡੀਸੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੀ ਜ਼ਮੀਨ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ, ਉਸ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੰਚਾਇਤ ਅਤੇ ਪੰਚਾਇਤ ਸਕੱਤਰਾਂ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਜੇ ਉਨ੍ਹਾਂ ਦੀ ਅਣਗਹਿਲੀ ਸਾਹਮਣੇ ਆਈ ਤਾਂ ਉਨ੍ਹਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਜੇ ਕਿਸੇ ਇਲਾਕੇ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਬੀਡੀਪੀਓ ਜ਼ਿੰਮੇਵਾਰ ਹੋਵੇਗਾ।
ਸ੍ਰੀ ਦਿਆਲਨ ਨੇ ਐਸਪੀ (ਟਰੈਫ਼ਿਕ) ਕੇਸਰ ਸਿੰਘ ਅਤੇ ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਜ਼ਿਲ੍ਹੇ ਦੀਆਂ ਲਿੰਕ ਸੜਕਾਂ ਉੱਤੇ ਓਵਰਲੋਡਿਡ ਟਿੱਪਰ ਨਾ ਚੱਲਣ ਦੇਣ ਅਤੇ ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟਰੈਕਟਰ ਟਰਾਲੀ ਦੀ ਵਪਾਰਕ ਮੰਤਵ ਲਈ ਵਰਤੋਂ ਨੂੰ ਵੀ ਰੋਕਿਆ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਜਿਹੜੇ ਟਰੈਕਟਰ-ਟਰਾਲੀਆਂ ਹਰਿਆਣਾ ਤੋਂ ਆਉਂਦੇ-ਜਾਂਦੇ ਹਨ ਅਤੇ ਜ਼ਿਲ੍ਹੇ ਵਿੱਚ ਟੈਕਸ ਨਹੀਂ ਭਰਦੇ, ਉਨ੍ਹਾਂ ਨੂੰ ਵੀ ਰੋਕਿਆ ਜਾਵੇ। ਉਨ੍ਹਾਂ ਨਾਜਾਇਜ਼ ਮਾਈਨਿੰਗ ਲਈ ਬਦਨਾਮ ਇਲਾਕਿਆਂ ਵਿੱਚ ਬਦਲਵੀਆਂ ਥਾਵਾਂ ਉਤੇ ਨਾਕੇ ਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਵਾਹਨ ਨੂੰ ਜ਼ਬਤ ਕੀਤਾ ਜਾਵੇ ਅਤੇ ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ਮੁਤਾਬਕ ਉਸ ਦੇ ਮਾਲਕ ਨੂੰ ਸਬੰਧਤ ਵਾਹਨ ਦੀ ਕੀਮਤ (ਐਕਸ ਸ਼ੋਅਰੂਮ ਕੀਮਤ) ਦੇ 50 ਫੀਸਦੀ ਦੇ ਬਰਾਬਰ ਜੁਰਮਾਨਾ ਕੀਤਾ ਜਾਵੇ।
ਇਸ ਮੌਕੇ ਮਾਈਨਿੰਗ ਮਾਫ਼ੀਆ ਹੱਥੋਂ ਝੱਲੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ ਭਾਗ ਸਿੰਘ ਨੇ ਕਿਹਾ ਕਿ ਉਸ ਨੇ ਨੌਂ ਸਾਲ ਪਹਿਲਾਂ ਇਹ ਲੜਾਈ ਸ਼ੁਰੂ ਕੀਤੀ ਸੀ, ਜੋ ਜਾਰੀ ਰਹੇਗੀ। ਖਿਜ਼ਰਾਬਾਦ ਨਾਲ ਸਬੰਧਤ ਸ਼ੇਰ ਮੁਹੰਮਦ ਖ਼ਾਨ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਉਹ ਹਾਰ ਨਹੀਂ ਮੰਨੇਗਾ। ਬੀਐਸਐਨਐਲ ’ਚੋਂ ਸੇਵਾਮੁਕਤ ਸਰਦਾਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਨਾਜਾਇਜ਼ ਮਾਈਨਿੰਗ ਰੋਕ ਕੇ ਆਪਣੇ ਪਿੰਡਾਂ ਦੀ ਮਹਿੰਗੀ ਜ਼ਮੀਨ ਬਚਾਈ ਹੈ ਅਤੇ ਹੁਣ ਉਹ ਲੋਕਾਂ ਨੂੰ ਨਾਜਾਇਜ਼ ਮਾਈਨਿੰਗ ਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕ ਕਰ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …