ਪਹਿਲਕਦਮੀ: ਡੀਸੀ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਲਈ ‘ਅਨੁਸ਼ਾਸਨੀ ਸੈੱਲ ਦਾ ਗਠਨ’

ਮਾਲ ਅਫ਼ਸਰਾਂ ਨੂੰ ਪਟਵਾਰੀ ਦੇ ਛੁੱਟੀ ’ਤੇ ਜਾਣ ਦੀ ਸੂਰਤ ਵਿੱਚ ਬਦਲ ਯਕੀਨੀ ਬਣਾਉਣ ਦੇ ਆਦੇਸ਼

ਬਕਾਇਆ ਇੰਤਕਾਲਾਂ ਤੇ ਜਮਾਂਬੰਦੀਆਂ ਦਾ ਛੇਤੀ ਨਿਪਟਾਰਾ ਕਰਨ ਦੇ ਹੁਕਮ

ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਮਾਲ ਦਫ਼ਤਰਾਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਲਿਆਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਹਿਲਕਦਮੀ ਕਰਦਿਆਂ ਇੱਕ ਵਿਸ਼ੇਸ਼ ਅਨੁਸ਼ਾਸਨੀ ਸੈੱਲ ਦਾ ਗਠਨ ਕੀਤਾ ਹੈ। ਸਹਾਇਕ ਕਮਿਸ਼ਨਰ (ਜਨਰਲ) ਦੀ ਅਗਵਾਈ ਵਾਲੇ ਇਸ ਸੈੱਲ ਵਿੱਚ ਦੋ-ਪੱਖੀ ਕਾਰਜ ਪ੍ਰਣਾਲੀ ਹੋਵੇਗੀ। ਇੱਕ ਮਾਲ ਅਫ਼ਸਰਾਂ ਲਈ ਅਤੇ ਦੂਜਾ ਹੋਰ ਸਟਾਫ਼ ਲਈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਾਲ ਅਧਿਕਾਰੀਆਂ ਅਤੇ ਸਟਾਫ਼ ਦੀ ਕਾਰਗੁਜ਼ਾਰੀ ਨੂੰ ਉਨ੍ਹਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਆਧਾਰ ‘ਤੇ ‘‘ਚੰਗਾ’’ ਜਾਂ ‘‘ਮਾੜਾ’’ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਵਿਭਾਗੀ ਕੰਮਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਲੇਟ-ਲਤੀਫ਼ੀ ਅਤੇ ਲੋਕਾਂ ਦੀ ਖੱਜਲ-ਖੁਆਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡੀਸੀ ਆਸ਼ਿਕਾ ਜੈਨ ਨੇ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਮਾਲ ਪਟਵਾਰੀਆਂ ਦੀ ਛੁੱਟੀ ਹੋਣ ਦੀ ਸੂਰਤ ਵਿੱਚ ਲਿੰਕ ਅਫ਼ਸਰਾਂ ਦੇ ਬਦਲ ਵਜੋਂ ਕੰਮ ਕਰਨ ਦੇ ਪ੍ਰਬੰਧ ਕੀਤੇ ਜਾਣ। ਮਾਲ ਤਹਿਸੀਲਦਾਰਾਂ ਨੂੰ ਹਦਾਇਤ ਵੀ ਕੀਤੀ ਕਿ ਉਹ ਮਾਲ ਪਟਵਾਰੀਆਂ ਅਤੇ ਹੋਰ ਸਟਾਫ਼ ਦੇ ਤਬਾਦਲੇ ਦੇ ਹੁਕਮਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਉਨ੍ਹਾਂ ਤੋਂ ਸਮੇਂ ਸਿਰ ਚਾਰਜ ਰਿਪੋਰਟ ਪ੍ਰਾਪਤ ਕਰਕੇ ਹੀ ਫ਼ਾਰਗ ਕਰਨ। ਐਸਡੀਐਮਜ਼ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਉਹ ਕਿਸੇ ਵਿਸ਼ੇਸ਼ ਖੇਤਰ ਵਿੱਚ ਕੁਲੈਕਟਰ ਦਰਾਂ ਵਿੱਚ ਕਟੌਤੀ ਦੇ ਮਾਮਲੇ ਵਿੱਚ ਸਪੱਸ਼ਟ ਟਿੱਪਣੀਆਂ ਅਤੇ ਤਰਕ ਨਾਲ ਸਬ-ਡਵੀਜ਼ਨ-ਵਾਰ ਆਧਾਰ ’ਤੇ ਕੁਲੈਕਟਰ ਰੇਟ ਪ੍ਰਸਤਾਵ ਪੇਸ਼ ਕਰਨ। ਮਾਲ ਅਫ਼ਸਰਾਂ ਨੂੰ ਬਕਾਇਆ ਇੰਤਕਾਲਾਂ ਅਤੇ ਜਮਾਂਬੰਦੀਆਂ ਦੇ ਕੰਮ ਨੂੰ ਤੇਜ਼ ਕਰਨ ਲਈ ਕਿਹਾ।
ਜ਼ੀਰਕਪੁਰ ਅਤੇ ਖਰੜ ਵਿੱਚ ਬਕਾਇਆ ਪਏ ਇੰਤਕਾਲਾਂ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਫ਼ਤੇ ਤੱਕ ਕਾਰਵਾਈ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। ਨੈਸ਼ਨਲ ਹਾਈਵੇਅ ਐਕਵਾਇਰ ਨਾਲ ਸਬੰਧਤ ਇੰਤਕਾਲ ਛੇਤੀ ਕਰਨ ਦੇ ਵੀ ਹੁਕਮ ਦਿੱਤੇ। ਮਾਲਕੀ ਦੇ ਦਸਤਾਵੇਜ਼ ਮੁਹਿੰਮ ਨੂੰ ਹੁਲਾਰਾ ਦੇਣ ਲਈ ਡੀਸੀ ਨੇ ਐਸਡੀਐਮਜ਼ ਨੂੰ ਡਰੋਨ ਉਡਾਣ ਅਤੇ ਫਾਈਨਲ ਮੈਪਿੰਗ ਦੀ ਪ੍ਰਗਤੀ ਦੀ ਹਫ਼ਤਾਵਾਰੀ ਸਮੀਖਿਆ ਕਰਨ ਲਈ ਕਿਹਾ।
ਮੀਟਿੰਗ ਵਿੱਚ ਏਡੀਸੀ (ਜ) ਵਿਰਾਜ ਐਸ ਤਿੜਕੇ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਐਸਡੀਐਮ ਮੁਹਾਲੀ ਦੀਪਾਂਕਰ ਗਰਗ, ਐਸਡੀਐਮ ਖਰੜ ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਹਰਮਿੰਦਰ ਸਿੰਘ ਹੁੰਦਲ ਅਤੇ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਮਾਲ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ ਆਪਣੀਆਂ…