
ਪਹਿਲਕਦਮੀ: ਅੱਤ ਦੀ ਗਰਮੀ ਦੇ ਬਾਵਜੂਦ ਠੰਢਾ ਰਹੇਗਾ ‘ਟੈਂਕੀ’ ਦਾ ਪਾਣੀ
ਪੁਰਾਣੇ ਬੱਸ ਅੱਡੇ ’ਤੇ ਯਾਤਰੀਆਂ ਦੀ ਸੁਵਿਧਾ ਲਈ ਰੱਖੀ ਪਾਣੀ ਦੀ ਵਿਸ਼ੇਸ਼ ਟੈਂਕੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਉੱਘੇ ਸਮਾਜ ਸੇਵੀ ਅਤੇ ਸਨਅਤਕਾਰ ਅਸ਼ੋਕ ਗੁਪਤਾ ਨੇ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਡਿਪਲਾਸਟ ਕੰਪਨੀ ਵੱਲੋਂ ਇੱਥੋਂ ਦੇ ਫੇਜ਼-8 ਸਥਿਤ ਪੁਰਾਣੇ ਅੰਤਰਰਾਜੀ ਬੱਸ ਅੱਡੇ ’ਤੇ ਬੁੱਧਵਾਰ ਨੂੰ ਕਰੀਬ 1500 ਲੀਟਰ ਸਮਰੱਥਾ ਵਾਲੀ ਪਾਣੀ ਦੀ ਵਿਸ਼ੇਸ਼ ਟੈਂਕੀ ਲਗਾਈ ਗਈ। ਜਿਸ ਦਾ ਉਦਘਾਟਨ ਕੰਪਨੀ ਦੇ ਡਾਇਰੈਕਟਰ ਵਿਨੈ ਭੂਸ਼ਨ ਅਗਰਵਾਲ ਨੇ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਯਾਤਰੀਆਂ ਅਤੇ ਰਾਹਗੀਰਾਂ ਦੀ ਸਹੂਲਤ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਦੀ ਮੰਗ ’ਤੇ ਅਤੇ ਲੋੜ ਅਨੁਸਾਰ ਹੋਰਨਾਂ ਥਾਵਾਂ ’ਤੇ ਵੀ ਅਜਿਹੀਆਂ ਟੈਂਕੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਆਲ ਵੈਦਰ ਫੁਲੀ ਇਨਸੁਲੇਟਡ ਟੈਂਕ ਹੈ। ਇਸ ਨਾਲ ਅੱਤ ਦੀ ਗਰਮੀ ਦੇ ਦਿਨਾਂ ਵਿੱਚ ਪਾਣੀ ਗਰਮ ਨਹੀਂ ਹੋਵੇਗਾ। ਭਾਵ ਟੈਂਕੀ ਦਾ ਪਾਣੀ ਨਾਰਮਲ ਰਹੇਗਾ।
ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ 300 ਫੁੱਟ ਲੰਮੀ ਪਾਈਪਲਾਈਨ ਪਾ ਕੇ ਟੈਂਕੀ ਨੂੰ ਪਾਣੀ ਦੇ ਕੁਨੈਕਸ਼ਨ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪਲਾਸਟ ਗਰੁੱਪ ਵੱਲੋਂ ਸ਼ਹਿਰ ਅਤੇ ਪਿੰਡਾਂ ਵਿੱਚ ਜਨਤਕ ਥਾਵਾਂ ’ਤੇ ਜਿੱਥੇ ਲੋਕਾਂ ਲਈ ਠੰਢਾ ਪਾਣੀ ਉਪਲਬਧ ਨਹੀਂ ਹੈ, ਉੱਥੇ ਅਜਿਹੇ ਟੈਂਕ ਮੁਫ਼ਤ ਲਗਾਏ ਜਾ ਰਹੇ ਹਨ ਤਾਂ ਜੋ ਤੇਜ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਪਾਣੀ ਦੀ ਪੱਕੀ ਛਬੀਲ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇੱਥੇ ਲੋਕਾਂ ਨੂੰ 24 ਘੰਟੇ ਪਾਣੀ ਮਿਲੇਗਾ। ਟੈਂਕੀ ਦੀ ਦੇਖਭਾਲ ਲਈ ਸੇਵਾਦਾਰ ਦੀ ਡਿਊਟੀ ਵੀ ਲਾਈ ਜਾਵੇਗੀ। ਇਸ ਮੌਕੇ ਵੀਪੀ ਸਿੰਘ, ਨਰਿੰਦਰ ਸਿੰਘ ਮਨੌਲੀ, ਸੁਖਦੇਵ ਸਿੰਘ ਛਿੰਦਾ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ, ਕਮਲਜੀਤ ਸਿੰਘ, ਜਗਦੀਪ ਸਿੰਘ, ਬਲਜੀਤ ਸਿੰਘ ਹਾਜ਼ਰ ਸਨ।