ਪਹਿਲਕਦਮੀ: ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਹੁਨਰ ਸਿਖਲਾਈ ਕੇਂਦਰ ਦੀ ਸਥਾਪਨਾ

ਡੀਸੀ ਆਸ਼ਿਕਾ ਜੈਨ, ਆਈਜੀ ਭੁੱਲਰ ਤੇ ਐੱਸਐੱਸਪੀ ਸੰਦੀਪ ਗਰਗ ਦੀ ਮੌਜੂਦਗੀ ਵਿੱਚ ਹੋਇਆ ਪ੍ਰਭਾਵਸ਼ਾਲੀ ਸਮਾਗਮ

ਫਿਟਿੰਗ ਤੇ ਹਾਊਸ ਵਾਇਰਿੰਗ ਦੀ ਸਿਖਲਾਈ ਦੇਣ ਲਈ ਮੁਹਾਲੀ ਵਿੱਚ ਹੁਨਰ ਕੇਂਦਰ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 5 ਸਤੰਬਰ:
ਮੁਹਾਲੀ ਪ੍ਰਸ਼ਾਸਨ ਵੱਲੋਂ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ਵਾਲੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਮਦਦ ਕਰਨ ਦੇ ਮੰਤਵ ਨਾਲ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਗੈਰ ਸਰਕਾਰੀ ਸੰਗਠਨ ਹਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਥੋਂ ਦੇ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਸੈਕਟਰ-66 ਵਿੱਚ ਹੁਨਰ ਸਿਖਲਾਈ ਕੇਂਦਰ ਸ਼ੁਰੂ ਕੀਤਾ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸਐੱਸਪੀ ਸੰਦੀਪ ਗਰਗ ਦੀ ਮੌਜੂਦਗੀ ਵਿੱਚ ਇਸ ਪ੍ਰਾਜੈਕਟ ਦਾ ਆਗਾਜ਼ ਕਰਦਿਆਂ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਮੁੜ ਵਸੇਬੇ ਲਈ ਹੁਨਰ ਦੀ ਲੋੜ ਹੈ ਤਾਂ ਜੋ ਉਹ ਇਲਾਜ ਦੇ ਨਾਲ-ਨਾਲ ਘਰਾਂ ਨੂੰ ਵਾਪਸ ਪਰਤਣ ਬਾਅਦ ਆਪਣਾ ਰੁਜ਼ਗਾਰ ਦਾ ਵਸੀਲਾ ਬਣਾ ਸਕਣ।
ਡੀਸੀ ਆਸ਼ਿਕਾ ਜੈਨ ਨੇ ਕਿਹਾ, ’’ਪਿਛਲੇ ਹਫ਼ਤੇ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ ਮੀਟਿੰਗ ਦੌਰਾਨ ਇਹ ਮਹਿਸੂਸ ਕੀਤਾ ਗਿਆ ਸੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਇਲਾਜ ਦੇ ਨਾਲ-ਨਾਲ ਸਵੈ-ਰੁਜ਼ਗਾਰ ਸਿਖਲਾਈ ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਦੀ ਸਖ਼ਤ ਲੋੜ ਹੈ। ਇਸ ਸਬੰਧੀ ਵਿਚਾਰ ਕਰਦਿਆਂ ਹਰਟੇਕ ਫਾਊਂਡੇਸ਼ਨ ਇਸ ਮੁੱਦੇ ਨੂੰ ਅਮਲੀ ਰੂਪ ਦੇਣ ਲਈ ਅੱਗੇ ਆਈ। ਉਨ੍ਹਾਂ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹੋਰ ਵੀ ਕਾਰਗਰ ਸਾਬਤ ਹੋਣਗੇ ਜਦੋਂ ਉਹ ਇੱਥੋਂ ਮੁਕਤ ਹੋ ਕੇ ਹੁਨਰਮੰਦ ਅਤੇ ਚੰਗੀ ਕਮਾਈ ਕਰਨਗੇ। ਉਨ੍ਹਾਂ ਕਿਹਾ ਕਿ 15 ਦਿਨਾਂ ਤੋਂ 20 ਦਿਨਾਂ ਦਾ ਸਿਖਲਾਈ ਬੈਚ ਹੋਵੇਗਾ, ਜੋ ਉਨ੍ਹਾਂ ਦੇ ਸਿੱਖਣ ਦੇ ਸਮੇਂ ’ਤੇ ਨਿਰਭਰ ਕਰੇਗਾ। ਉਨ੍ਹਾਂ ਦੱਸਿਆ ਕਿ ਇੱਥੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:30 ਤੋਂ 11 ਵਜੇ ਤੱਕ ਸਿਖਲਾਈ ਦੇਣ ਲਈ ਇੱਕ ਇੰਜੀਨੀਅਰ ਅਤੇ ਇੱਕ ਇੰਸਟ੍ਰਕਟਰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੈਵਿਕ ਖੇਤੀ ਦੇ ਹੁਨਰ ਸਿੱਖਣ ਦੇ ਨਾਲ-ਨਾਲ ਖੇਡ ਗਤੀਵਿਧੀਆਂ ’ਚ ਵਾਧਾ ਕੀਤਾ ਜਾਵੇਗਾ।
ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਲਈ ਰੁਜ਼ਗਾਰ ਦਾ ਰਾਹ ਪੱਧਰਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਨਸ਼ਾ ਛੱਡਣ ਵਾਲੇ ਨੂੰ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰਨ ਅਤੇ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਦਾ ਹੱਕ ਹੈ। ਹੁਨਰ ਸਿਖਲਾਈ ਇਲਾਜ ਅਤੇ ਮੁੜ ਵਸੇਬੇ ਦੀਆਂ ਰਣਨੀਤੀਆਂ ਦਾ ਜ਼ਰੂਰੀ ਹਿੱਸਾ ਹੈ।
ਐੱਸਐੱਸਪੀ ਸੰਦੀਪ ਗਰਗ ਨੇ ਇਸ ਨਿਵੇਕਲੀ ਪਹੁੰਚ ਲਈ ਮੁਹਾਲੀ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਸਾਡੇ ਕੋਲ ਬਹੁਪੱਖੀ ਪਹੁੰਚ ਹੈ, ਪਹਿਲਾਂ ਤਸਕਰਾਂ ਨੂੰ ਕਾਬੂ ਕਰਨਾ, ਦੂਜਾ ਲੋਕ ਜਾਗਰੂਕਤਾ ਅਤੇ ਤੀਜਾ ਨਸ਼ਿਆਂ ਦੇ ਆਦੀ ਲੋਕਾਂ ਦਾ ਇਲਾਜ ਸਮੇਤ ਪੁਨਰਵਾਸ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਪਹਿਲਕਦਮੀ ਨਾਲ ਨੌਜਵਾਨਾਂ ਵਿੱਚ ਨਸ਼ੇ ਛੱਡਣ ਅਤੇ ਕੰਮ ਸਿੱਖਣ ਦੀ ਭਾਵਨਾ ਬਣੇਗੀ।

ਇਸ ਮੌਕੇ ਏਡੀਸੀ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ, ਐਸਡੀਐਮ ਚੰਦਰ ਜੋਤੀ ਸਿੰਘ ਨੇ ਹੁਨਰ ਸਿਖਲਾਈ ਕੇਂਦਰ ਦੀ ਸਥਾਪਨਾ ਲਈ ਤਾਲਮੇਲ ਰਾਹੀਂ ਵੱਡਾ ਯੋਗਦਾਨ ਪਾਇਆ। ਡਿਪਟੀ ਮੈਡੀਕਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਡਾ. ਪਰਵਿੰਦਰ ਪਾਲ ਕੌਰ ਸਮੇਤ ਹਰਟੇਕ ਫਾਊਂਡੇਸ਼ਨ ਦੀ ਸੀਈਓ ਹਰਕੀਰਤ ਕੌਰ ਨੇ ਇਸ ਨਵੇਂ ਉਦੇਸ਼ ਪ੍ਰਤੀ ਆਪਣੀ ਸੰਸਥਾ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਇਸ ਪ੍ਰਾਜੈਕਟ ਨੂੰ ਸਫਲਤਾਪੂਰਵਕ ਚਲਾਉਣ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …