nabaz-e-punjab.com

ਪਹਿਲਕਦਮੀ: ਗਮਾਡਾ ਹੁਣ ਨਿਰਧਾਰਿਤ ਸਮੇਂ ਵਿੱਚ ਪ੍ਰਦਾਨ ਕਰੇਗਾ ਨਾਗਰਿਕ ਸੇਵਾਵਾਂ

ਪੈਂਡਿੰਗ ਕੰਮਾਂ ਦੀ ਨਜ਼ਰਸਾਨੀ ਲਈ ਵਧੀਕ ਮੁੱਖ ਪ੍ਰਸ਼ਾਸਕ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

ਗਮਾਡਾ ਮਿੱਥੇ ਸਮੇਂ ਵਿੱਚ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ: ਮੁੱਖ ਪ੍ਰਸ਼ਾਸਕ

ਨਬਜ਼-ਏ-ਪੰਜਾਬ, ਮੁਹਾਲੀ, 3 ਦਸੰਬਰ:
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਮਾਡਾ ਦੀਆਂ ਵੱਖ-ਵੱਖ ਸ਼ਾਖਾਵਾਂ ਨੇ ਆਮ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਪੈਂਡੈਂਸੀ ਨੂੰ ਜਿੱਥੇ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ, ਉੱਥੇ ਇੱਕ ਹੋਰ ਲੋਕ-ਪੱਖੀ ਪਹਿਲਕਦਮੀ ਤਹਿਤ ਅਰਜ਼ੀਆਂ ਦਾ ਨਿਪਟਾਰਾ ਤਸੱਲੀਬਖ਼ਸ਼ ਢੰਗ ਨਾਲ ਕੀਤਾ ਜਾ ਰਿਹਾ ਹੈ ਕਿ ਨਹੀਂ, ਜਾਚਣ ਲਈ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਨੂੰ ਪੈਂਡੈਂਸੀ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਨੇ ਮੁਨੀਸ਼ ਕੁਮਾਰ ਨੇ ਦੱਸਿਆ ਕਿ ਬਿਨੈਕਾਰਾਂ ਦੀ ਖੱਜਲ-ਖੁਆਰੀ ਘੱਟ ਕਰਨ ਅਤੇ ਨਾਗਰਿਕ ਸੇਵਾਵਾਂ ਦੇ ਅਧਿਕਾਰ ਐਕਟ ਤਹਿਤ ਨਿਰਧਾਰਿਤ ਸਮੇਂ ਵਿੱਚ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਠੋਸ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੇ ਹਫ਼ਤੇ ਅਰਜ਼ੀਆਂ ਦੀ ਪੈਂਡੈਂਸੀ ਨੂੰ ਇੱਕ ਵਾਰ ਜ਼ੀਰੋ ’ਤੇ ਲਿਆਂਦਾ ਗਿਆ ਹੈ, ਉੱਥੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬਕਾਇਆ ਕੇਸਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ। ਇਸ ਤੋਂ ਇਲਾਵਾ ਏਸੀਏ ਵੱਲੋਂ ਜਿਨ੍ਹਾਂ ਵਿਅਕਤੀਆਂ ਦੀਆਂ ਅਰਜ਼ੀਆਂ ਦਾ ਨਿਬੇੜਾ ਕੀਤਾ ਗਿਆ ਹੈ, ਉਨ੍ਹਾਂ ਨੂੰ ਫੋਨ ਕਰਕੇ ਇਹ ਪੁੱਛਿਆ ਜਾ ਰਿਹਾ ਹੈ ਕਿ ਦਫ਼ਤਰੀ ਕੰਮ ਦੌਰਾਨ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੋਈ। ਮੁੱਖ ਪ੍ਰਸ਼ਾਸਕ ਨੇ ਦਾਅਵਾ ਕੀਤਾ ਕਿ ਆਮ ਲੋਕਾਂ ਤੋਂ ਗਮਾਡਾ ਅਥਾਰਟੀ ਵੱਲੋਂ ਇਕੱਤਰ ਕੀਤੀ ਫੀਡਬੈਕ ਤੋਂ ਪੱਤਾ ਚੱਲਿਆ ਕਿ ਲੋਕ, ਨਾਗਰਿਕ ਸੇਵਾਵਾਂ ਦੇ ਨਿਪਟਾਰੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਮਾਸਟਰ ਸਾਫ਼ਟਵੇਅਰ ਸਲਿਊਸ਼ਨ ਅਤੇ ਆਈਟੀ ਇੰਡਸਟਰੀ ਦੇ ਮਾਲਕ ਸੁਨੀਲ ਗਰਗ (ਕੈਨੇਡਾ ਦੇ ਉਦਯੋਗਪਤੀ) ਨੇ ਕਿਹਾ ਕਿ ‘‘ਆਈਟੀ ਸਿਟੀ ਮੁਹਾਲੀ ਵਿੱਚ ਸਥਿਤ ਮੇਰੇ ਪ੍ਰਾਜੈਕਟ ਦਾ ਕੰਪਲੀਸ਼ਨ ਸਰਟੀਫਿਕੇਟ ਗਮਾਡਾ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤਾ ਗਿਆ ਸੀ। ਮੈਂ ਅਤੇ ਮੇਰੀ ਟੀਮ ਚੰਗੇ ਮਾਰਗ-ਦਰਸ਼ਨ ਅਤੇ ਬੇਮਿਸਾਲ ਆਨਲਾਈਨ ਨਾਗਰਿਕ ਸੇਵਾਵਾਂ ਦੇਣ ਲਈ ਗਮਾਡਾ ਦੀ ਧੰਨਵਾਦੀ ਹੈ। ਪੰਜਾਬ ਸਰਕਾਰ ਦੇ ਪ੍ਰਗਤੀਸ਼ੀਲ ਨਜ਼ਰੀਏ ਨਾਲ ਆਪਣੀਆਂ ਪਹਿਲਕਦਮੀਆਂ ਨੂੰ ਜੋੜ ਕੇ ਗਮਾਡਾ ਨੇ ਰੁਜ਼ਗਾਰ ਦੇ ਮੌਕੇ ਪੈਦਾ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਕੇ ਮੁਹਾਲੀ ਨੂੰ ਦੇਸ਼ ਵਿੱਚ ਇੱਕ ਪ੍ਰਮੁੱਖ ਆਈਟੀ ਕੇਂਦਰ ਬਣਾ ਦਿੱਤਾ ਹੈ।
ਸੈਕਟਰ-70 ਦੇ ਵਸਨੀਕ ਅਵਤਾਰ ਸਿੰਘ ਦਾ ਕਹਿਣਾ ਹੈ ਕਿ ‘‘ਮੈਂ ਗਮਾਡਾ ਵਿੱਚ ਡੈੱਥ ਕੇਸ ਵਿੱਚ ਜਾਇਦਾਦ ਤਬਦੀਲੀ ਲਈ ਅਪਲਾਈ ਕੀਤਾ ਸੀ। ਮੈਨੂੰ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਈ ਅਤੇ ਕੰਮ ਐਨੀ ਤੇਜ਼ੀ ਨਾਲ ਕੀਤਾ ਗਿਆ ਕਿ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਮੈਂ ਕੋਈ ਸੇਵਾ ਪ੍ਰਾਪਤ ਕਰਨ ਲਈ ਕਿਸੇ ਸਰਕਾਰੀ ਵਿਭਾਗ ਨਾਲ ਸੰਪਰਕ ਕੀਤਾ ਹੈ।’’
ਇੰਜ ਹੀ ਆਈਟੀ ਇੰਡਸਟਰੀ ਪਲਾਟ 9-34 ਦੇ ਮਾਲਕ ਤਰੁਣ ਸਿੰਘ ਉੱਪਲ ਨੇ ਕਿਹਾ ਕਿ ‘‘ਪਿਛਲੇ ਹਫ਼ਤੇ ਮੈਨੂੰ ਆਈਟੀ ਸਿਟੀ ਵਿੱਚ ਸਥਿਤ ਆਪਣੇ ਅੱਧੇ ਏਕੜ ਦੇ ਪਲਾਟ ਦਾ ਕਬਜ਼ਾ ਮਿਲਿਆ ਹੈ। ਹੁਣ ਮੈਂ ਮਨਜ਼ੂਰੀ ਲਈ ਬਿਲਡਿੰਗ ਪਲਾਨ ਜਮ੍ਹਾਂ ਕਰਨ ਜਾ ਰਿਹਾ ਹਾਂ। ਗਮਾਡਾ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਅਪਲਾਈ ਕਰਨ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਉਹ ਪਲਾਨ ਪਾਸ ਕਰ ਦੇਣਗੇ ਤਾਂ ਜੋ ਮੈਂ ਨਵੇਂ ਸਾਲ ਦੇ ਪਹਿਲੇ ਹਫ਼ਤੇ ਉਸਾਰੀ ਸ਼ੁਰੂ ਕਰ ਸਕਾਂ ਅਤੇ ਪਹਿਲਾਂ ਦੇ ਤਜਰਬੇ ਨੂੰ ਦੇਖਦੇ ਹੋਏ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗਮਾਡਾ ਆਪਣੀ ਵਚਨਬੱਧਤਾ ਅਨੁਸਾਰ ਕੰਮ ਕਰੇਗਾ।’’

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਵੱਲੋਂ ਨਵੇਂ ਨਿਯਮ ਰੱਦ ਕਰਵਾਉਣ ਤੇ ਹੱਕੀ ਮੰਗਾਂ ਮਨਵਾਉਣ ਲਈ ਸਿੱਖਿਆ ਭਵਨ ਦਾ ਘਿਰਾਓ

ਕੰਪਿਊਟਰ ਅਧਿਆਪਕਾਂ ਵੱਲੋਂ ਨਵੇਂ ਨਿਯਮ ਰੱਦ ਕਰਵਾਉਣ ਤੇ ਹੱਕੀ ਮੰਗਾਂ ਮਨਵਾਉਣ ਲਈ ਸਿੱਖਿਆ ਭਵਨ ਦਾ ਘਿਰਾਓ ਨਵ…