ਪਹਿਲਕਦਮੀ: ਮਨੁੱਖਤਾ ਦੀ ਸੇਵਾ ਵਿੱਚ ਮੁਹਾਲੀ ਪੁਲੀਸ ਸਰਗਰਮ

ਮੁਹਾਲੀ ਪੁਲੀਸ ਨੇ ਸੜਕ ਹਾਦਸੇ ਵਿੱਚ ਫੌਤ ਹੋਈ ਅੌਰਤ ਦੇ ਬੱਚਿਆਂ ਤੱਕ ਪਹੁੰਚ ਕੀਤੀ

ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ, ਬੱਚਿਆਂ ਨੂੰ ਸਰਦੀ ਦੇ ਕੱਪੜੇ ਅਤੇ ਕੰਬਲ ਮੁਹੱਈਆ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਮੁਹਾਲੀ ਟਰੈਫ਼ਿਕ ਪੁਲੀਸ ਨੇ ਸੜਕ ਹਾਦਸੇ ਵਿੱਚ ਫੌਤ ਹੋਈ ਅੌਰਤ ਦੇ ਮਾਸੂਮ ਬੱਚਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦੇ ਕੇ ਮਨੁੱਖਤਾ ਦੀ ਸੇਵਾ ਵਿੱਚ ਇੱਕ ਤਾਜ਼ਾ ਮਿਸਾਲ ਕਾਇਮ ਕੀਤੀ ਹੈ। ਮੁਹਾਲੀ ਦੇ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਇਨ੍ਹਾਂ ਲਾਵਾਰਿਸ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਦਿਲਾਸਾ ਦਿੱਤਾ ਅਤੇ ਉਨ੍ਹਾਂ ਨੂੰ ਸਰਦੀਆਂ ਦੇ ਕੱਪੜੇ ਅਤੇ ਕੰਬਲ ਮੁਹੱਈਆ ਕਰਵਾਏ। ਵਾਹਨਾਂ ਦੀ ਤੇਜ਼ ਰਫ਼ਤਾਰ ਅਤੇ ਡਰਾਈਵਰਾਂ ਦੁਆਰਾ ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਕਰਕੇ ਸੜਕ ਹਾਦਸਿਆਂ ਵਿੱਚ ਹਰ ਸਾਲ ਲੱਖਾਂ ਕੀਮਤੀ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ।
ਅਜਿਹੀ ਹੀ ਇੱਕ ਹਾਲ ਹੀ ਵਿੱਚ ਵਾਪਰੀ ਦਿਲ ਕੰਬਾਊ ਘਟਨਾ ਵਿੱਚ ਮੁਹਾਲੀ ਦੇ ਰਹਿਣ ਵਾਲੇ ਦੋ ਛੋਟੇ ਬੱਚਿਆਂ ਤਾਨੀਆ ਅਤੇ ਬਾਦਲ ਆਪਣੀ ਮਾਂ ਨੂੰ ਗੁਆ ਬੈਠੇ, ਜਦੋਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਰਕੇ ਉਨ੍ਹਾਂ ਦੀ ਮਾਂ ਦੀ ਜਾਨ ਚਲੀ ਗਈ। ਪੁਲੀਸ ਨੇ ਇਨ੍ਹਾਂ ਦੋਵਾਂ ਛੋਟੇ ਬੱਚਿਆਂ ਦੀ ਮਾਂ ਦੀ ਮੌਤ ਲਈ ਜ਼ਿੰਮੇਵਾਰ ਡਰਾਈਵਰ, ਜਿਸ ਦੀ ਗਲਤੀ ਕਰਕੇ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਹਨੇਰਾ ਛਾ ਗਿਆ ਹੈ, ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬੱਚਿਆਂ ਲਈ ਇਹ ਬਹੁਤ ਹੀ ਦੁਖਦਾਈ ਸਮਾਂ ਹੈ, ਕਿਉਂਕਿ ਛੋਟੀ ਉਮਰ ਵਿੱਚ ਹੀ ਇਨ੍ਹਾਂ ਬੱਚਿਆਂ ਨੇ ਚਾਰ ਸਾਲ ਪਹਿਲਾਂ ਆਪਣੇ ਪਿਤਾ ਨੂੰ ਵੀ ਖੋ ਦਿੱਤਾ ਸੀ।
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਦੁੱਖ ਦੀ ਇਸ ਘੜੀ ਵਿੱਚ ਬਾਦਲ ਅਤੇ ਤਾਨੀਆ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕਰਦੀ ਹੈ। ਗੁਰਜੋਤ ਸਿੰਘ ਕਲੇਰ ਨੇ ਕਿਹਾ ਕਿ ‘ਅਸੀਂ ਇਨ੍ਹਾਂ ਬੱਚਿਆਂ ਦਾ ਦੁੱਖ ਤਾਂ ਨਹੀਂ ਘਟਾ ਸਕਦੇ ਪ੍ਰੰਤੂ ਹਰ ਪੱਖੋਂ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।’ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਢੰਗ ਅਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਉਣ ਅਤੇ ਸੜਕਾਂ ’ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਤੇਜ਼ ਅਤੇ ਖ਼ਤਰਨਾਕ ਡਰਾਈਵਿੰਗ ਦਾ ਸਹਾਰਾ ਨਾ ਲੈਣ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…