nabaz-e-punjab.com

ਪਹਿਲਕਦਮੀ: ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਦੇ ਵਸਨੀਕਾਂ ਨੂੰ ਸਸਤਾ ਪਾਣੀ ਮਿਲਣ ਦੀ ਆਸ ਬੱਝੀ

ਮੇਅਰ ਕੁਲਵੰਤ ਸਿੰਘ ਵੱਲੋਂ ਗਮਾਡਾ ਅਧੀਨ ਆਉਂਦੇ ਇਲਾਕਿਆਂ ’ਚ ਜਲ ਸਪਲਾਈ ਦਾ ਕੰਮ ਆਪਣੇ ਅਧੀਨ ਲੈਣ ਲਈ ਕਾਰਵਾਈ ਆਰੰਭ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਇੱਥੋਂ ਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਦੇ ਵਸਨੀਕਾਂ ਨੂੰ ਨੇੜ ਭਵਿੱਖ ਵਿੱਚ ਸਸਤਾ ਪੀਣ ਵਾਲਾ ਪਾਣੀ ਮਿਲਣ ਦੀ ਆਸ ਬੱਝ ਗਈ ਹੈ। ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਪਹਿਲਕਦਮੀ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਉਕਤ ਗਮਾਡਾ ਅਧੀਨ ਆਉਂਦੇ ਉਕਤ ਸਾਰੇ ਸੈਕਟਰਾਂ ਦੀ ਜਲ ਸਪਲਾਈ ਦਾ ਕੰਮ ਗਮਾਡਾ ਤੋਂ ਆਪਣੇ ਹੱਥਾਂ ਵਿੱਚ ਲੈਣ ਲਈ ਯੋਗ ਪੈਰਵੀ ਕੀਤੀ ਜਾਵੇ। ਇੱਥੇ ਇਹ ਦੱਸਣਯੋਗ ਹੈ ਕਿ ਗਮਾਡਾ ਨੇ ਪਿੱਛੇ ਜਿਹੇ ਅਚਾਨਕ ਪਾਣੀ ਦੇ ਬਿੱਲਾਂ ਵਿੱਚ ਸਾਢੇ 5 ਗੁਣਾ ਵਾਧਾ ਕਰਨ ਦੇ ਫੈਸਲੇ ਦਾ ਅਕਾਲੀ ਭਾਜਪਾ ਕੌਂਸਲਰਾਂ ਅਤੇ ਉਕਤ ਸੈਕਟਰਾਂ ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਹੁਣ ਤੱਕ ਕਈ ਵਾਰ ਧਰਨੇ ਦਿੱਤੇ ਜਾ ਚੁੱਕੇ ਹਨ ਅਤੇ ਰੋਸ ਮਾਰਚ ਕਰਕੇ ਪਾਣੀ ਦੇ ਬਿੱਲਾਂ ਵਿੱਚ ਵਾਧਾ ਵਾਪਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਲੇਕਿਨ ਗਮਾਡਾ ਆਪਣੇ ਫੈਸਲੇ ’ਤੇ ਬਜਿੱਦ ਹੈ।
ਮੇਅਰ ਕੁਲਵੰਤ ਸਿੰਘ ਵੱਲੋਂ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਗਰ ਨਿਗਮ ਵੱਲੋਂ 5 ਅਗਸਤ 2016 ਨੂੰ ਇੱਥੋਂ ਦੇ ਸੈਕਟਰ-48 ਤੋਂ 71 ਅਤੇ ਸੈਕਟਰ-76 ਤੋਂ 81 ਦੀ ਮੈਂਟੀਨੈਂਸ ਅਤੇ ਕੈਪਟਲ ਵਰਕ ਗਮਾਡਾ ਤੋਂ ਟੇਕ ਓਵਰ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਜਿਸ ਦੇ ਤਹਿਤ ਉਕਤ ਸੈਕਟਰਾਂ ਦੀ ਜਲ ਸਪਲਾਈ ਦਾ ਕੰਮ ਵੀ ਨਗਰ ਨਿਗਮ ਵੱਲੋਂ ਟੇਕਓਵਰ ਕੀਤਾ ਜਾਣਾ ਸੀ ਪ੍ਰੰਤੂ ਨਗਰ ਨਿਗਮ ਵੱਲੋਂ ਇਹ ਕੰਮ ਆਪਣੇ ਹੱਥਾਂ ਵਿੱਚ ਲੈਣ ਲਈ ਦੇਰੀ ਕੀਤੀ ਜਾ ਰਹੀ ਹੈ। ਮੇਅਰ ਨੇ ਜ਼ੋਰ ਦੇ ਕੇ ਆਖਿਆ ਕਿ ਉਕਤ ਸੈਕਟਰਾਂ ਦੀ ਜਲ ਸਪਲਾਈ ਦਾ ਕੰਮ ਤੁਰੰਤ ਪ੍ਰਭਾਵ ਨਾਲ ਗਮਾਡਾ ਤੋਂ ਆਪਣੇ ਹੱਥਾਂ ਵਿੱਚ ਲੈ ਕੇ ਨਗਰ ਨਿਗਮ ਦੀ ਜੂਨ ਦੇ ਤੀਜ਼ੇ ਹਫ਼ਤੇ ਹੋਣ ਵਾਲੀ ਹਾਊਸ ਦੀ ਮੀਟਿੰਗ ਵਿੱਚ ਮੱਦ ਪੇਸ਼ ਕੀਤੀ ਜਾਵੇ ਅਤੇ ਲੋਕ ਹਿੱਤ ਵਿੱਚ ਇਸ ਕੰਮ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।
ਸੈਕਟਰ-76 ਤੋਂ 80 ਰੈਜ਼ੀਡੈਂਟਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਕੰਗ, ਕੁਲਦੀਪ ਸਿੰਘ ਜਾਗਲਾਂ ਅਤੇ ਸੈਕਟਰ-79 ਦੇ ਪ੍ਰਧਾਨ ਐਮਪੀ ਸਿੰਘ ਨੇ ਮੇਅਰ ਕੁਲਵੰਤ ਸਿੰਘ ਦੀ ਇਸ ਪੈਰਵੀ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਉਕਤ ਸੈਕਟਰਾਂ ਦੀ ਜਲ ਸਪਲਾਈ ਅਤੇ ਹੋਰ ਵਿਕਾਸ ਦੇ ਕੰਮ ਆਪਣੇ ਅਧੀਨ ਲਏ ਜਾਣ ਤਾਂ ਜੋ ਅਲਾਟੀਆਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਸਿਰਫ਼ 1.80 ਰੁਪਏ ਵਿੱਚ ਪਾਣੀ ਦਿੱਤਾ ਜਾ ਰਿਹਾ ਹੈ ਜਦੋਂਕਿ ਗਮਾਡਾ ਨੇ ਪਾਣੀ ਦੇ ਬਿੱਲਾਂ ਵਿੱਚ ਅਚਾਨਕ ਹੀ ਸਾਢੇ 5 ਗੁਣਾ ਵਾਧਾ ਕਰਕੇ ਲੋਕਾਂ ’ਤੇ ਬੋਝ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਉੱਪਰਲੀਆਂ ਮੰਜ਼ਲਾਂ ’ਤੇ ਪਾਣੀ ਦੀ ਬੂੰਦ ਤੱਕ ਨਹੀਂ ਚੜ੍ਹਦੀ ਹੈ। ਉਨ੍ਹਾਂ ਦੱਸਿਆ ਕਿ ਗਮਾਡਾ 20 ਕਿੱਲੋ ਲੀਟਰ 5 ਰੁਪਏ ਅਤੇ ਇਸ ਤੋਂ ਵੱਧ ਪਾਣੀ ਦੀ ਵਰਤੋਂ ਕਰਨ ਵਾਲਿਆਂ ਤੋਂ 10 ਰੁਪਏ ਪ੍ਰਤੀ ਕਿੱਲੋ ਲੀਟਰ ਦੇ ਹਿਸਾਬ ਨਾਲ ਵਸੂਲੇ ਜਾ ਰਹੇ ਹਨ। ਇਹੀ ਨਹੀਂ ਗਮਾਡਾ ਨੇ ਹਰੇਕ ਸਾਲ 5 ਫੀਸਦੀ ਪਾਣੀ ਬਿੱਲਾਂ ਵਿੱਚ ਵਾਧਾ ਕਰਨ ਦੀ ਵੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਕਿਤੇ ਵੀ ਏਨਾ ਮਹਿੰਗਾ ਸਪਲਾਈ ਨਹੀਂ ਕੀਤਾ ਜਾ ਰਿਹਾ ਹੈ।
ਸੈਕਟਰ-68 ਦੇ ਭਾਜਪਾ ਕੌਂਸਲਰ ਬੌਬੀ ਕੰਬੋਜ ਨੇ ਦੱਸਿਆ ਕਿ ਇਸ ਸਬੰਧੀ ਸੈਕਟਰ ਵਾਸੀਆਂ ਵੱਲੋਂ ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਪੁੱਡਾ ਮੰਤਰੀ ਨਾਲ ਵੀ ਮੁਲਾਕਾਤਾਂ ਕੀਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਕੋਈ ਵੀ ਲੋਕਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਹੀ ਸ਼ਹਿਰ ਵਿੱਚ ਵੱਖੋ ਵੱਖਰੇ ਕਾਨੂੰਨ ਲਾਗੂ ਹੋਣ ਵਾਲਾ ਮੁਹਾਲੀ ਦੇਸ਼ ਦਾ ਪਹਿਲਾ ਸ਼ਹਿਰ ਹੈ।
ਜ਼ਿਕਰਯੋਗ ਹੈ ਕਿ 2017 ਵਿੱਚ ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਗਮਾਡਾ ਨੇ ਆਪਣੇ ਅਧੀਨ ਆਉਂਦੇ ਉਕਤ ਸੈਕਟਰਾਂ ਵਿੱਚ ਪੀਣ ਵਾਲੇ ਪਾਣੀ ਦੀ ਕੀਮਤ ਵਿੱਚ ਕਰੀਬ ਸਾਢੇ 5 ਗੁਣਾ ਵਾਧਾ ਕਰ ਦਿੱਤਾ ਗਿਆ ਸੀ। ਗਮਾਡਾ ਵੱਲੋਂ ਪਾਣੀ ਸਪਲਾਈ ਦੀ ਦਰ 1.80 ਰੁਪਏ ਪ੍ਰਤੀ ਕਿੱਲੋ ਲੀਟਰ ਤੋਂ ਵਧਾ ਕੇ 9.40 ਪ੍ਰਤੀ ਕਿੱਲੋ ਲੀਟਰ ਕਰ ਦਿੱਤਾ ਗਿਆ ਸੀ। ਗਮਾਡਾ ਵੱਲੋਂ ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਤਾਂ ਪਾਣੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਸਨ।

Load More Related Articles
Load More By Nabaz-e-Punjab
Load More In General News

Check Also

CM lays foundation stone of expansion of the DAC, Moga by constructing third and fourth floor

CM lays foundation stone of expansion of the DAC, Moga by constructing third and fourth fl…