ਪਹਿਲਕਦਮੀ: ਪੌਲੀਥੀਨ ਦੇ ਬਦਲ ਵਜੋਂ ਵਾਤਾਵਰਨ ਦੀ ਸ਼ੁੱਧਤਾ ਲਈ ਦੁਕਾਨਦਾਰਾਂ ਨੂੰ ਵਿਸ਼ੇਸ਼ ਥੈਲੇ ਵੰਡੇ

ਮੁਹਾਲੀ ਨੂੰ ਪਲਾਸਟਿਕ ਮੁਕਤ ਕਰਨ ਲਈ ਐਨਜੀਓਜ਼ ਨੂੰ ਅੱਗੇ ਆਉਣ ਦੀ ਲੋੜ: ਮੇਅਰ ਜੀਤੀ ਸਿੱਧੂ

ਮੇਅਰ ਜੀਤੀ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਸਾਮਾਨ ਖਰੀਦਣ ਲਈ ਆਪਣੇ ਨਾਲ ਥੈਲੇ ਲੈ ਕੇ ਜਾਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਮੁਹਾਲੀ ਨਗਰ ਨਿਗਮ ਨੇ ਪਹਿਲਕਦਮੀ ਕਰਦਿਆਂ ਕਰਿਆਨਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮਿਲ ਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਵਾਤਾਵਰਨ ਦੀ ਸ਼ੁੱਧਤਾ ਲਈ ਅੱਜ ਸੈਕਟਰ-68 ਵਿੱਚ ਦੁਕਾਨਦਾਰਾਂ ਨੂੰ ਸਰਕਾਰ ਦੇ ਮਾਪਦੰਡਾਂ ਅਨੁਸਾਰ ਵਿਸ਼ੇਸ਼ ਥੈਲੇ ਵੰਡੇ ਗਏ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੇ ਹਰੇਕ ਕਰਿਆਨਾ ਦੁਕਾਨਦਾਰ ਨੂੰ ਅਜਿਹੇ 50-50 ਥੈਲੇ ਦਿੱਤੇ ਜਾਣਗੇ। ਉਨ੍ਹਾਂ ਮੁਹਾਲੀ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕੌਂਸਲਰ ਵਿਨੀਤ ਮਲਿਕ ਅਤੇ ਸਮਾਜ ਸੇਵੀ ਕੁਲਵਿੰਦਰ ਸੰਜੂ ਵੀ ਮੌਜੂਦ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪਲਾਸਟਿਕ ਦੇ ਥੈਲੇ ਨਾ ਸਿਰਫ਼ ਵਾਤਾਵਰਨ ਲਈ ਘਾਤਕ ਹਨ ਸਗੋਂ ਮਨੁੱਖੀ ਜ਼ਿੰਦਗੀ ਅਤੇ ਪਸ਼ੂਆਂ ਲਈ ਵੀ ਘਾਤਕ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸੜਕਾਂ ਕਿਨਾਰੇ ਸੁੱਟੇ ਜਾਂਦੇ ਪਲਾਸਟਿਕ ਦੇ ਥੈਲਿਆਂ ਕਾਰਨ ਜਿੱਥੇ ਡਰੇਨੇਜ ਸਿਸਟਮ ਜਾਮ ਹੋ ਜਾਂਦਾ ਹੈ, ਉੱਥੇ ਲਾਵਾਰਿਸ ਪਸ਼ੂ ਵੀ ਪਲਾਸਟਿਕ ਖਾ ਕੇ ਬੀਮਾਰ ਹੋ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਪਲਾਸਟਿਕ ਖਾਣ ਨਾਲ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪੋਸਟ ਮਾਰਟਮ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਮ੍ਰਿਤਕ ਪਸ਼ੂਆਂ ਦੇ ਪੇਟ ’ਚੋਂ ਕਿੱਲੋਆਂ ਦੇ ਹਿਸਾਬ ਨਾਲ ਪਲਾਸਟਿਕ ਮਿਲਿਆ ਸੀ।
ਮੇਅਰ ਨੇ ਕਿਹਾ ਕਿ ਹਾਲਾਂਕਿ ਸਿੰਗਲ ਯੂਜ਼ ਪੌਲੀਥੀਨ ਦੇ ਥੈਲਿਆਂ ਦੀ ਵਰਤੋਂ ਅਤੇ ਵਿਕਰੀ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਕਾਫ਼ੀ ਦੁਕਾਨਦਾਰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਮਾਨ ਖਰੀਦਣ ਲਈ ਆਪਣੇ ਘਰੋਂ ਸਰਕਾਰ ਦੇ ਮਾਪਦੰਡਾਂ ਅਨੁਸਾਰ ਵਿਸ਼ੇਸ਼ ਥੈਲੇ ਲੈ ਕੇ ਜਾਣ ਤਾਂ ਜੋ ਮੁਹਾਲੀ ਨੂੰ ਪਲਾਸਟਿਕ ਮੁਕਤ ਬਣਾਇਆ ਜਾ ਸਕੇ।

ਇਸ ਮੌਕੇ ਸਤਪਾਲ ਸਿੰਘ, ਗੋਪਾਲ ਬਾਂਸਲ, ਰਾਕੇਸ਼ ਗੁਪਤਾ, ਪ੍ਰਦੀਪ ਗਰਗ, ਸ਼ਾਮ ਸੁੰਦਰ, ਨਿਊ ਕੁਆਲਿਟੀ ਸੈਕਟਰ-68, ਸਮਰੱਥ ਡਿਪਾਰਟਮੈਂਟ ਸੈਕਟਰ-68, ਮੁਹਾਲੀ ਡਿਪਾਰਟਮੈਂਟ, ਜਿੰਦਲ ਕੁੰਭੜਾ, ਭਾਰਤ ਕੁਮਾਰ ਫੇਜ਼-11, ਸਿੰਗਲਾ ਫੇਜ਼-2, ਸਿੰਗਲਾ ਸਟੋਰ ਫੇਜ਼-10, ਵਿੱਕੀ ਸੈਕਟਰ-70 ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…