nabaz-e-punjab.com

ਪਹਿਲਕਦਮੀ: ਪੰਜਾਬ ਵਿੱਚ ਹੁਣ ਦਸਵੀਂ ਤੇ ਬਾਰ੍ਹਵੀਂ ਦੇ ਡਿਜੀਟਲ ਪ੍ਰਮਾਣ-ਪੱਤਰ ਹੋਣਗੇ ਆਨਲਾਈਨ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨੈਸ਼ਨਲ ਅਕਾਦਮਿਕ ਡਿਪੋਜ਼ਿਟਰੀ (ਨੈਡ) ਨਾਲ ਕੀਤਾ ਕਰਾਰ, ਮੌਜੂਦਾ ਸੈਸ਼ਨ ਤੋਂ ਲਾਗੂ ਹੋਵੇਗਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਪੰਜਾਬ ਵਿੱਚ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਡਿਜੀਟਲ ਪ੍ਰਮਾਣ ਪੱਤਰ ਕਮ ਅੰਕ ਬਿਊਰਾ ਕਾਰਡ ਆਨਲਾਈਨ ਹੋਣਗੇ। ਇਸ ਸਬੰਧੀ ਸਿੱਖਿਆ ਬੋਰਡ ਵੱਲੋਂ ਨੈਸ਼ਨਲ ਅਕਾਦਮਿਕ ਡਿਪੋਜ਼ਿਟਰੀ (ਐੱਨਏਡੀ) ਨਾਲ ਕਰਾਰ ਕੀਤਾ ਗਿਆ ਹੈ। ਇਹ ਫੈਸਲਾ ਮੌਜੂਦਾ ਸਿੱਖਿਆ ਸੈਸ਼ਨ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਵਜ਼ਾਰਤ ਨੇ ਡਿਜੀਟਲ ਡਿਪੋਜ਼ਿਟਰੀ ਤਿਆਰ ਕੀਤੀ ਹੈ। ਜਿਸ ਵਿੱਚ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਮਾਣ ਪੱਤਰ-ਕਮ-ਅੰਕ ਬਿਊਰਾ ਕਾਰਡ ਡਿਜ਼ੀਟਲ ਰੂਪ ਵਿੱਚ ਸੰਭਾਲੇ ਜਾਣਗੇ। ਐੱਨਏਡੀ (ਨੈਡ) ਨੇ ਸੁਨਿਸ਼ਚਿਤ ਕੀਤਾ ਹੈ ਕਿ ਇਸ ਡਿਪੋਜ਼ਿਟਰੀ ਤੋਂ ਅਕਾਦਮਿਕ ਰਿਕਾਰਡ ਨੂੰ ਦੇਖਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਸ ਡਿਪੋਜ਼ਿਟਰੀ ’ਤੇ ਸੁਰੱਖਿਅਤ ਰਹਿਣ ਦੀ ਗਾਰੰਟੀ ਤੇ ਪ੍ਰਮਾਣਿਕਤਾ ਵੀ ਦਿੱਤੀ ਹੈ।
ਇਸ ਲਈ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੂੰ ਇਸ ਦੀ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਸਿੱਖਿਆ ਬੋਰਡ, ਕੇਂਦਰੀ ਉੱਚ ਸਿੱਖਿਆ ਸੰਸਥਾਨ (ਸੀਐਚਈਆਈਜ਼), ਰਾਸ਼ਟਰੀ ਮਹੱਤਤਾ ਦੇ ਸੰਸਥਾਨ (ਆਈਐਨਆਈਜ਼) ਨਾਲ ਕਰਾਰ ਕਰਨ ਲਈ ਅਧਿਕਾਰਤ ਕੀਤਾ ਹੈ। ਸਕੂਲ ਬੋਰਡ ਸੀਡੀਐਸ ਐੱਲ ਵੈਂਚਰ ਲਿਮਟਿਡ (ਸੀਵੀਐੱਲ) ਇਸ ਸਬੰਧੀ ਸਹਿਮਤੀ ਪ੍ਰਗਟ ਕੀਤੀ ਹੈ। ਇਸ ਤਰ੍ਹਾਂ ਹੁਣ ਦਸਵੀਂ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਵਿੱਚ ਅਪੀਅਰ ਹੋਏ ਕਰੀਬ ਅੱਠ ਲੱਖ ਵਿਦਿਆਰਥੀਆਂ ਦਾ ਵਿੱਦਿਅਕ ਰਿਕਾਰਡ ਅਪਲੋਡ ਕੀਤਾ ਜਾ ਸਕੇਗਾ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਨੈਡ ਨਾਲ ਰਜਿਸਟਰਡ ਹੋਣ ’ਤੇ ਸਕੂਲ ਬੋਰਡ ਆਪਣੇ ਸਾਰੇ ਪ੍ਰਮਾਣ ਪੱਤਰ-ਕਮ-ਅੰਕ ਬਿਊਰਾ ਕਾਰਡ ਪੱਕੇ ਤੌਰ ’ਤੇ ਐੱਨਏਡੀ (ਨੈਡ) ਸਟੋਰ ਕਰਨ ਦੇ ਯੋਗ ਹੋਵੇਗਾ। ਭਵਿੱਖ ਵਿੱਚ ਵਿਦਿਆਰਥੀਆਂ ਨੂੰ ਬਿਨਾਂ ਦੇਰੀ ਉਨ੍ਹਾਂ ਦੇ ਪ੍ਰਮਾਣ ਪੱਤਰ-ਕਮ-ਅੰਕ ਬਿਊਰਾ ਕਾਰਡ ਉਪਲਬਧ ਹੋਣਗੇ ਅਤੇ ਉਨ੍ਹਾਂ ਨੂੰ ਹੁਣ ਸਰਟੀਫਿਕੇਟ ਗੁੰਮ ਹੋਣ ਜਾਂ ਨਸ਼ਟ ਹੋਣ ਦਾ ਖ਼ਤਰਾ ਵੀ ਨਹੀਂ ਰਹੇਗਾ। ਜਿਹੜੇ ਵਿਦਿਆਰਥੀ ਸਾਲ 2017-18 ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਹਨ। ਉਹ ਇਸ ਸੁਵਿਧਾ ਦਾ ਲਾਭ ਲੈ ਸਕਣਗੇ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਜਿੱਥੇ ਭਵਿੱਖ ਵਿੱਚ ਦੁਪਰਤੀ ਪ੍ਰਮਾਣ-ਪੱਤਰ ਜਾਰੀ ਕਰਵਾਉਣ ਜਾਂ ਵਿੱਦਿਅਕ ਪ੍ਰਮਾਣ-ਪੱਤਰਾਂ ਦੀ ਜਾਂਚ ਦੀ ਕੋਈ ਲੋੜ ਨਹੀਂ ਹੋਵੇਗੀ, ਉੱਥੇ ਹੀ ਸਿੱਖਿਆ ਬੋਰਡ ਦਾ ਜਾਅਲੀ ਪ੍ਰਮਾਣ ਪੱਤਰਾਂ ਦੀ ਸਮੱਸਿਆ ਤੋਂ ਬਚਾਅ ਹੋਵੇਗਾ।
ਬੁਲਾਰੇ ਨੇ ਦੱਸਿਆ ਕਿਹਾ ਕਿ ਨੈਡ ਪਾਸੋਂ ਡਿਜੀਟਲ ਪ੍ਰਮਾਣ-ਪੱਤਰ ਲੈਣ ਲਈ ਵਿਦਿਆਰਥੀਆਂ ਨੂੰ ਸਿੱਖਿਆ ਬੋਰਡ ਦੀ ਵੈਬਸਾਈਟ http://www.pseb.ac.in ਤੋਂ N14 ਦੇ ਲਿੰਕ ਤੋਂ ਆਧਾਰ ਕਾਰਡ ਰਾਹੀਂ ਰਜਿਸਟਰਡ ਹੋਣਾ ਪਵੇਗਾ। ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਵਿਦਿਆਰਥੀ ਨੂੰ ਬਿਨਾਂ ਆਧਾਰ ਕਾਰਡ ਆਧਾਰਿਤ ਲਿੰਕ ਤੋਂ ਰਜਿਸਟਰਡ ਹੋਣਾ ਪਵੇਗਾ। ਵਿਦਿਆਰਥੀ ਨੂੰ ਆਪਣੇ ਵੇਰਵੇ ਭਰਨ ਉਪਰੰਤ ਜ਼ਿਲ੍ਹਾ ਡਿੱਪੂ ਮੈਨੇਜਰ ਤੋਂ ਨੈਡ ਆਈਡੀ ਸਬੰਧੀ ਦਸਤਾਵੇਜ਼ ਤਸਦੀਕ ਕਰਵਾਉਣੇ ਲਾਜ਼ਮੀ ਹਨ। ਇਸ ਤਰ੍ਹਾਂ ਵਿਦਿਆਰਥੀ ਆਪਣੇ ਡਿਜੀਟਲ ਹਸਤਾਖਰ ਵਾਲੇ ਪ੍ਰਮਾਣ-ਪੱਤਰ ਦੀ ਕਾਪੀ ਦੇਖ ਜਾਂ ਡਾਊਨਲੋਡ ਕਰ ਸਕਣਗੇ ਅਤੇ ਪ੍ਰਮਾਣ-ਪੱਤਰ ਦਾ ਪ੍ਰਿੰਟ ਲੈ ਸਕਣਗੇ। ਵਿਦਿਆਰਥੀ ਦੇ ਨੈਡ ਆਈਡੀ ’ਤੇ ਪ੍ਰਕਿਰਿਆ ਦੀ ਪ੍ਰਵਾਨਗੀ ਉਪਰੰਤ ਹੀ ਪ੍ਰਮਾਣ-ਪੱਤਰ ਦੇਖਿਆ, ਡਾਊਨਲੋਡ ਜਾਂ ਪ੍ਰਿੰਟ ਲਿਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨੈਡ ’ਤੇ ਸਕੂਲ ਬੋਰਡ ਵੱਲੋਂ ਅਪਲੋਡ ਡਿਜੀਟਲ ਪ੍ਰਮਾਣ-ਪੱਤਰਾਂ ਨੂੰ ਦੇਖਣ ਲਈ ਐਜੂਸੈਟ ਰਾਹੀਂ ਸਿਖਲਾਈ ਦਿੱਤੀ ਜਾਵੇਗੀ। ਪੰਜਾਬ ਬੋਰਡ ਦੀ ਵੈਬਸਾਈਟ http://www.pseb.ac.in ’ਤੇ ਨੈਡ ਤੋਂ ਅਕਾਦਮਿਕ ਪ੍ਰਮਾਣ-ਪੱਤਰ ਲਈ ਕਿਵੇਂ ਰਜਿਸਟਰਡ ਹੋਣਾ ਹੈ’ ਲਿੰਕ ਦਿੱਤਾ ਗਿਆ ਹੈ। ਇਸਦੇ ਨਾਲ ਹੀ ਬੋਰਡ ਵੱਲੋਂ ਜਾਰੀ ਡਿਜੀਟਲ ਪ੍ਰਮਾਣ-ਪੱਤਰ ਪ੍ਰਾਪਤ ਕਰਨ ਲਈ ਰਜਿਸਟਰੇਸ਼ਨ ਪ੍ਰਕਿਰਿਆ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…