Naaz-e-punjab.com

ਘਰੇਲੂ ਕਲੇਸ਼: ਮੁਹਾਲੀ ਪਿੰਡ ਵਿੱਚ ਵਿਆਹੁਤਾ ਦੇ ਸਹੁਰੇ ਅਤੇ ਪੇਕੇ ਪਰਿਵਾਰ ’ਚ ਝਗੜਾ, ਦੋਵਾਂ ਧਿਰਾਂ ਦੇ 7 ਜੀਅ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਇੱਥੋਂ ਦੇ ਫੇਜ਼-1 ਸਥਿਤ ਪੁਰਾਣੇ ਮੁਹਾਲੀ ਪਿੰਡ ਵਿੱਚ ਘਰੇਲੂ ਕਲੇਸ਼ ਦੇ ਚੱਲਦਿਆਂ ਵਿਆਹੁਤਾ ਦੇ ਸਹੁਰਾ ਪਰਿਵਾਰ ਅਤੇ ਪੇਕੇ ਪਰਿਵਾਰ ਵਿੱਚ ਡੰਡੇ ਸੋਟੇ ਚਲੇ। ਇਸ ਦੌਰਾਨ ਦੋਵਾਂ ਧਿਰਾਂ ਦੇ ਕਰੀਬ ਸੱਤ ਜੀਅ ਜ਼ਖ਼ਮੀ ਹੋ ਗਏ। ਅੌਰਤ ਦੇ ਪੇਕੇ ਪਰਿਵਾਰ ’ਚੋਂ ਭਰਾ ਅਵਤਾਰ ਸਿੰਘ, ਮਾਂ ਪਰਮਜੀਤ ਕੌਰ ਅਤੇ ਕੁੜਮ ਡੇਰਾਬੱਸੀ ਦੇ ਹਸਪਤਾਲ ਵਿੱਚ ਦਾਖ਼ਲ ਹਨ ਜਦੋਂਕਿ ਸਹੁਰਾ ਪਰਿਵਾਰ ’ਚੋਂ ਪਤੀ ਮਨਜੀਤ ਸਿੰਘ, ਸਹੁਰਾ ਰਾਮਪਾਲ ਧੀਮਾਨ, ਉਨ੍ਹਾਂ ਦਾ ਜਵਾਈ ਨੈਬ ਸਿੰਘ ਅਤੇ ਉਸ ਦਾ ਛੋਟਾ ਭਰਾ ਬੰਟੀ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਭਾਂਖਰਪੁਰ ਦੀ ਲੜਕੀ ਮਨਦੀਪ ਕੌਰ ਪੁੱਤਰੀ ਅਜੀਤ ਸਿੰਘ ਮੁਹਾਲੀ ਪਿੰਡ ਦੇ ਵਸਨੀਕ ਮਨਜੀਤ ਸਿੰਘ ਨੂੰ ਵਿਆਹੀ ਹੋਈ ਹੈ। ਉਨ੍ਹਾਂ ਕੋਲ ਦੋ ਬੱਚੇ ਇਕ ਮੁੰਡਾ ਤੇ ਕੁੜੀ ਵੀ ਹਨ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਪਰਿਵਾਰ ਇਕੱਠਾ ਰਹਿਣ ਕਾਰਨ ਮਨਦੀਪ ਕੌਰ ਦੀ ਆਪਣੇ ਪਤੀ ਨੂੰ ਛੱਡ ਕੇ ਬਾਕੀ ਮੈਂਬਰਾਂ ਨਾਲ ਬੋਲ ਚਾਲ ਨਹੀਂ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਘਰੇਲੂ ਕਲੇਸ਼ ਚਲ ਰਿਹਾ ਸੀ।
ਪਿੰਡ ਦੇ ਕੌਂਸਲਰ ਨਛੱਤਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਪੁਲੀਸ ਦੀ ਮੌਜੂਦਗੀ ਵਿੱਚ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਇਆ ਗਿਆ ਸੀ ਅਤੇ ਲੜਕੀ ਦੇ ਕਹਿਣ ’ਤੇ ਉਸ ਨੂੰ ਅਲੱਗ ਕਰ ਦਿੱਤਾ ਗਿਆ ਸੀ ਲੇਕਿਨ ਸ਼ੁੱਕਰਵਾਰ ਦੇਰ ਸ਼ਾਮ ਨੂੰ ਅਚਾਨਕ ਲੜਕੀ ਨੇ ਆਪਣੇ ਘਰਦਿਆਂ ਨੂੰ ਫੋਨ ਕਰ ਕੇ ਮੁਹਾਲੀ ਸੱਦ ਲਿਆ। ਉਕਤ ਅੌਰਤ ਦੇ ਜੇਠ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਕਰੀਬ 11 ਵਜੇ ਮਨਦੀਪ ਕੌਰ ਦਾ ਭਰਾ ਅਤੇ ਪਿਤਾ ਦਰਜਨ ਤੋਂ ਵੱਧ ਬੰਦੇ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦਾ ਛੋਟਾ ਮਨਜੀਤ ਸਿੰਘ, ਪਿਤਾ ਰਾਮਪਾਲ ਧੀਮਾਨ ਜ਼ਖ਼ਮੀ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਜਵਾਈ ਨੈਬ ਸਿੰਘ ਅਤੇ ਉਸ ਦੇ ਛੋਟੇ ਭਰਾ ਬੰਟੀ ਨੂੰ ਵੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉਧਰ, ਦੂਜੇ ਪਾਸੇ ਮਨਦੀਪ ਕੌਰ ਦੇ ਪਿਤਾ ਅਜੀਤ ਸਿੰਘ ਨੇ ਆਪਣੇ ਜਵਾਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਹ ਲੰਘੀ ਰਾਤ ਉਹ ਨਿੱਤ ਦੇ ਝਗੜੇ ਦਾ ਨਿਪਟਾਰਾ ਕਰਨ ਸਬੰਧੀ ਆਪਸੀ ਗੱਲਬਾਤ ਕਰਨ ਲਈ ਆਏ ਸੀ ਲੇਕਿਨ ਉਸ ਦੀ ਬੇਟੀ ਦੇ ਸਹੁਰੇ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਨ੍ਹਾਂ ’ਤੇ ਡੰਡੇ ਸੋਟਿਆਂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਸਿੱਧਾ ਥਾਣੇ ਪਹੁੰਚ ਗਏ। ਅਜੀਤ ਸਿੰਘ ਨੇ ਦੱਸਿਆ ਕਿ ਬੇਟੀ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਦੇ ਕੁੜਮ ਦੀ ਪੱਗ ਵੀ ਲਾਹ ਦਿੱਤੀ। ਪੁਲੀਸ ਨੇ ਉਨ੍ਹਾਂ ਨੂੰ ਮੈਡੀਕਲ ਕਰਵਾਉਣ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਸੀ ਲੇਕਿਨ ਉਹ ਡਰਦੇ ਮਾਰੇ ਮੁਹਾਲੀ ਥਾਂ ਡੇਰਾਬੱਸੀ ਹਸਪਤਾਲ ਵਿੱਚ ਆ ਕੇ ਦਾਖ਼ਲ ਹੋ ਗਏ ਲੇਕਿਨ ਹੁਣ ਤੱਕ ਪੁਲੀਸ ਉਨ੍ਹਾਂ ਦੇ ਬਿਆਨ ਲਿਖਣ ਵੀ ਨਹੀਂ ਆਈ।
ਉਧਰ, ਜਾਂਚ ਅਧਿਕਾਰੀ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਬੀਤੀ ਰਾਤ ਸੂਚਨਾ ਮਿਲਣ ’ਤੇ ਉਹ ਪੁਲੀਸ ਕਰਮਚਾਰੀ ਲੈ ਕੇ ਮੌਕੇ ’ਤੇ ਪਹੁੰਚੇ ਸੀ ਅਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ ਸੀ ਲੇਕਿਨ ਦੇਰ ਰਾਤ ਦੋਵੇਂ ਪਰਿਵਾਰ ਆਪਸ ਵਿੱਚ ਉਲਝ ਗਏ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…