
ਜ਼ਖ਼ਮੀ ਦੋਧੀ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਲਾਸ਼ ਨੂੰ ਖੇਤਾਂ ਵਿੱਚ ਸੁੱਟਿਆ
ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਇਕ ਮੁਲਜ਼ਮ ਗ੍ਰਿਫ਼ਤਾਰ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਮੁਹਾਲੀ ਪੁਲੀਸ ਨੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਦੋਧੀ ਸੁਖਦੇਵ ਸਿੰਘ (60) ਵਾਸੀ ਪਿੰਡ ਕੰਬਾਲਾ ਨੂੰ ਸਰਕਾਰੀ ਜਾਂ ਨੇੜਲੇ ਕਿਸੇ ਹਸਪਤਾਲ ਵਿੱਚ ਪਹੁੰਚਾਉਣ ਦੀ ਬਜਾਏ ਸੈਕਟਰ-88 ਨੇੜੇ ਖੇਤਾਂ ਵਿੱਚ ਸੁੱਟ ਦੇਣ ਦੇ ਮਾਮਲੇ ਵਿੱਚ ਇਕ ਮੁਲਜ਼ਮ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਕਾਰ ਵਿੱਚ ਸਵਾਰ ਉਸ ਦੇ ਤਿੰਨ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫੇਜ਼-11 ਥਾਣਾ ਦੇ ਐਸਐਚਓ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਦਿਨੀਂ ਸੁਖਦੇਵ ਸਿੰਘ ਸ਼ਾਮ ਵੇਲੇ ਇੱਥੋਂ ਦੇ ਫੇਜ਼-11 ਵਿੱਚ ਦੁੱਧ ਸਪਲਾਈ ਕਰਕੇ ਵਾਪਸ ਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਬੈਸਟੈਕ ਮਾਲ ਸੈਕਟਰ-66 ਨਜ਼ਦੀਕੀ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਆ ਰਹੀ ਆਈ-20 ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਧੀ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਕਾਰ ਕਾਫੀ ਦੂਰ ਤੱਕ ਧੂਹ ਕੇ ਲੈ ਗਈ।
ਆਲੇ ਦੁਆਲੇ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਤਾਂ ਕਾਰ ਸਵਾਰਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਖ਼ੁਦ ਹੀ ਜ਼ਖ਼ਮੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦੇਣਗੇ। ਹਾਦਸਾ ਗ੍ਰਸਤ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਬਜ਼ੁਰਗ ਨੂੰ ਚੁੱਕ ਕੇ ਹਸਪਤਾਲ ਵਿੱਚ ਲਿਜਾਉਣ ਵੀ ਲੱਗੇ ਸੀ ਪ੍ਰੰਤੂ ਦੋਧੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਹ ਕਾਫੀ ਘਬਰਾ ਗਏ ਅਤੇ ਉਨ੍ਹਾਂ ਨੇ ਜ਼ਖ਼ਮੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਬਜਾਏ ਸੈਕਟਰ-88 ਨੇੜੇ ਖੇਤਾਂ ’ਚ ਸੁੱਟ ਕੇ ਫਰਾਰ ਹੋ ਗਏ।
ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ਨੇ ਮੁਹਾਲੀ ਅਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਚੈੱਕ ਕੀਤਾ ਗਿਆ ਪ੍ਰੰਤੂ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਸੁਖਦੇਵ ਸਿੰਘ ਦੇ ਦਾਖ਼ਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਮਗਰੋਂ ਪਰਿਵਾਰ ਦੀ ਸ਼ਿਕਾਇਤ ’ਤੇ ਪਹਿਲਾਂ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦੋਧੀ ਨੂੰ ਅਗਵਾ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ ਪ੍ਰੰਤੂ ਅੱਜ ਦੋਧੀ ਦੀ ਲਾਸ਼ ਸੈਕਟਰ-88 ਨੇੜੇ ਖੇਤਾਂ ’ਚੋਂ ਬਰਾਮਦ ਕੀਤੀ ਗਈ। ਮ੍ਰਿਤਕ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਕਾਰ ਸਵਾਰਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਥਾਣਾ ਮੁਖੀ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਇਕ ਕਾਰ ਚਾਲਕ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਬਾਕੀ ਤਿੰਨ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਰਵੀ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਦੋਧੀ ਸੁਖਦੇਵ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਜਿਸ ਕਾਰਨ ਉਹ ਕਾਫੀ ਘਬਰਾ ਗਏ ਅਤੇ ਲਾਸ਼ ਨੂੰ ਖੇਤਾਂ ਵਿੱਚ ਸੁੱਟ ਕੇ ਫਰਾਰ ਹੋ ਗਏ ਸੀ।