Nabaz-e-punjab.com

ਜਾਂਚ ਅਧਿਕਾਰੀ ਨੇ ਪਸ਼ੂਆਂ ਦੀ ਮੌਤ ਬਾਰੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਭੇਜੀ ਜਾਂਚ ਰਿਪੋਰਟ

ਡੇਅਰੀ ਫਾਰਮਰਾਂ ਨੂੰ ਚਾਰਾ ਸਪਲਾਈ ਕਰਨ ਵਾਲਾ ਅਤੇ ਪਸ਼ੂ ਪਾਲਕਾਂ ਦੀ ਜ਼ਿੰਮੇਵਾਰੀ ਕੀਤੀ ਫਿਕਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਮੁਹਾਲੀ ਦੇ ਏਡੀਸੀ (ਵਿਕਾਸ) ਤੇ ਜਾਂਚ ਅਧਿਕਾਰੀ ਅਮਰਦੀਪ ਸਿੰਘ ਬੈਂਸ ਨੇ ਪਿੰਡ ਕੰਡਾਲਾ ਅਤੇ ਸਫ਼ੀਪੁਰ ਦੇ ਡੇਅਰੀ ਫਾਰਮ ਵਿੱਚ ਜ਼ਹਿਰੀਲਾ ਚਾਰਾ ਖਾਣ ਨਾਲ ਮਰੇ ਪਸ਼ੂਆਂ ਦੀ ਮੌਤ ਬਾਰੇ ਵਿਸਥਾਰਤ ਜਾਂਚ ਰਿਪੋਰਟ ਵੀਰਵਾਰ ਨੂੰ ਦੇਰ ਸ਼ਾਮੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਰਾਹੀਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤੀ ਹੈ। ਮੁੱਖ ਮੰਤਰੀ ਨੇ ਬੀਤੀ 28 ਜੁਲਾਈ ਨੂੰ ਪਸ਼ੂਆਂ ਦੀ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਸੀ ਨੂੰ ਜਾਂਚ ਕਰਨ ਦੇ ਆਦੇਸ਼ ਜਾਰੀ ਕਰਦਿਆਂ ਤਿੰਨ ਦਿਨਾਂ ਅੰਦਰ ਰਿਪੋਰਟ ਮੰਗੀ ਸੀ। ਜਾਂਚ ਅਧਿਕਾਰੀ ਨੇ ਪਸ਼ੂ ਪਾਲਣ ਵਿਭਾਗ ਦੇ ਹਵਾਲੇ ਨਾਲ ਸਿਰਫ਼ 29 ਪਸ਼ੂਆਂ ਨੂੰ ਮਰਿਆ ਦਿਖਾਇਆ ਹੈ। ਜੇਕਰ ਪੀੜਤਾਂ ਅਤੇ ਪਿੰਡ ਵਾਸੀਆਂ ਦੀ ਗੱਲ ਮੰਨੀਏ ਤਾਂ ਹੁਣ ਤੱਕ 117 ਪਸ਼ੂ ਮਰ ਚੁੱਕੇ ਹਨ।
ਸ੍ਰੀ ਬੈਂਸ ਨੇ ਦੱਸਿਆ ਕਿ ਪਸ਼ੂਆਂ ਨੂੰ ਹੋਟਲਾਂ, ਰੈਸਟੋਰੈਂਟਾਂ ਦਾ ਬਚਿਆ ਕੁਚਿਆ ਖਾਣਾ, ਬਾਸੀ ਰੋਟੀਆਂ ਪਾਈ ਜਾਂਦੀਆਂ ਸਨ। ਇਸ ਚਾਰੇ ਵਿੱਚ ਅਫਲੈਟੋਕਸ਼ਿਨਜ ਦੀ ਵੱਧ ਮਾਤਰਾ ਪਾਈ ਗਈ ਹੈ। ਜਿਸ ਕਾਰਨ ਪਸ਼ੂਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਵਧੀਆਂ ਕਿਸਮ ਦਾ ਹਰਾ ਪਾਉਣਾ ਚਾਹੀਦਾ ਸੀ, ਪ੍ਰੰਤੂ ਚਾਰ ਪੈਸੇ ਬਚਾਉਣ ਦੇ ਚੱਕਰ ਵਿੱਚ ਪਸ਼ੂ ਪਾਲਕਾਂ ਨੇ ਆਪਣਾ ਵੱਡਾ ਨੁਕਸਾਨ ਕਰਵਾ ਲਿਆ ਹੈ। ਉਨ੍ਹਾਂ ਪਸ਼ੂਆਂ ਦੀ ਮੌਤ ਲਈ ਪਸ਼ੂ ਪਾਲਕਾਂ ਅਤੇ ਚਾਰ ਸਪਲਾਈ ਕਰਨ ਵਾਲੇ ਵਿਅਕਤੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਚਾਰਾ ਸਪਲਾਈ ਕਰਨ ਵਾਲੇ ਨੂੰ ਸੋਹਾਣਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਹੁਣ ਇਹ ਪਤਾ ਲਗਾਏਗੀ ਕਿ ਉਹ ਕਿਹੜੇ ਕਿਹੜੇ ਹੋਟਲਾਂ, ਰੈਸਟੋਰੈਂਟਾਂ ਜਾਂ ਹੋਰ ਅਦਾਰਿਆਂ ਤੋਂ ਫੀਡ ਅਤੇ ਬਾਸੀ ਰੋਟੀਆਂ ਖਰੀਦ ਕੇ ਡੇਅਰੀ ਫਾਰਮਰਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਪੀੜਤ ਪਸ਼ੂ ਪਾਲਕਾਂ ਨੂੰ ਮੁੜ ਤੋਂ ਪੈਰਾਂ ’ਤੇ ਖੜੇ ਹੋਣ ਲਈ ਵੱਖ ਵੱਖ ਬੈਂਕਾਂ ਤੋਂ ਨਿਯਮਾਂ ਅਨੁਸਾਰ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਉਂਜ ਰਿਪੋਰਟ ਵਿੱਚ ਪੀੜਤਾਂ ਨੂੰ ਮੁਆਵਜ਼ਾ ਦੇਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਇਸ ਬਾਰੇ ਅਧਿਕਾਰੀ ਨੇ ਲਿਖਿਆ ਹੈ ਕਿ ਪਸ਼ੂ ਪਾਲਕਾਂ ਦੇ ਨੁਕਸਾਨ ਦੀ ਭਰਪਾਈ ਚਾਰਾ ਸਪਲਾਈ ਤੋਂ ਕੀਤੀ ਜਾਵੇ।
ਜਾਂਚ ਰਿਪੋਰਟ ਵਿੱਚ ਪੀੜਤ ਜਰਨੈਲ ਸਿੰਘ ਰਾਜੂ ਦੀਆਂ 39 ਮੱਝਾਂ ’ਚੋਂ ਸਿਰਫ਼ 12 ਮੱਝਾਂ, ਅਤੇ ਦੋ ਤਿੰਨ ਕਟਰੂ ਮਰ ਦੱਸੇ ਹਨ। ਜਦੋਂਕਿ ਸਾਰੀਆਂ 25 ਗਾਵਾਂ ਜ਼ਿੰਦਾ ਹੋਣ ਦਾ ਦਾਅਵਾ ਕੀਤਾ ਹੈ। ਇੰਝ ਹੀ ਤਰਸੇਮ ਲਾਲ ਦੇ ਡੇਅਰੀ ਫਾਰਮ ਵਿੱਚ ਕੁੱਲ 37 ਮੱਝਾਂ ’ਚੋਂ ਸਿਰਫ਼ 4 ਮੱਝਾਂ ਅਤੇ 12 ਗਾਵਾਂ ’ਚੋਂ 4 ਗਾਵਾਂ ਅਤੇ ਅੱਠ ਕੱਟੇ ਕੱਟੀਆਂ ’ਚੋਂ ਸਿਰਫ਼ ਦੋ ਕਟਰੂ ਮ੍ਰਿਤਕ ਦਿਖਾਏ ਹਨ। ਪਿੰਡ ਸਫੀਪੁਰ ਵਿੱਚ ਨਿਰਮਲ ਸਿੰਘ ਦੇ ਫਾਰਮ ਵਿੱਚ ਕੁੱਲ ਛੇ ਪਸ਼ੂ ਦੱਸੇ ਗਏ ਹਨ। ਜਿਨ੍ਹਾਂ ’ਚੋਂ ਸਿਰਫ਼ 1 ਮੱਝ, ਸੱਤ ਗਾਵਾਂ ’ਚੋਂ 4 ਗਾਵਾਂ ਅਤੇ ਇਕ ਬਲਦ ਨੂੰ ਮਰਿਆ ਦਿਖਾਇਆ ਜਾ ਰਿਹਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਸ਼ੂ ਪਾਲਕ ਤਰਸੇਮ ਲਾਲ ਨੇ ਇਲਾਜ਼ ਦੌਰਾਨ 26 ਪਸ਼ੂਆਂ ਨੂੰ ਅਣਪਛਾਤੀ ਥਾਂ ਭੇਜਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…