
ਏਡੀਸੀ ਗੀਤਿਕਾ ਸਿੰਘ ਵੱਲੋਂ ਆਮ ਆਦਮੀ ਕਲੀਨਿਕ ਦਾ ਨਿਰੀਖਣ, ਮਰੀਜ਼ਾਂ ਤੋਂ ਫੀਡਬੈਕ ਲਈ
ਆਮ ਆਦਮੀ ਕਲੀਨਿਕ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਪੂਰੀ ਤਰ੍ਹਾਂ ਸਮਰੱਥ: ਗੀਤਿਕਾ ਸਿੰਘ
ਨਬਜ਼-ਏ-ਪੰਜਾਬ, ਮੁਹਾਲੀ, 17 ਅਗਸਤ:
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਗੀਤਿਕਾ ਸਿੰਘ ਨੇ ਅੱਜ ਇੱਥੋਂ ਦੇ ਫੇਜ਼-7 ਸਥਿਤ ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਦਾ ਦੌਰਾ ਕਰਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਮੁਹੱਲਾ ਕਲੀਨਿਕ ਵਿੱਚ ਇਲਾਜ ਲਈ ਪੁੱਜੇ ਲੋਕਾਂ ਅਤੇ ਸਟਾਫ਼ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਓਪੀਡੀ ਅਤੇ ਮੈਡੀਕਲ ਲੈਬਾਰਟਰੀ ਦਾ ਵੀ ਨਿਰੀਖਣ ਕੀਤਾ।
ਏਡੀਸੀ ਗੀਤਿਕਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਿਹਤ ਸੇਵਾਵਾਂ ਨੂੰ ਮੁੱਖ ਰੱਖ ਕੇ ਸਥਾਪਿਤ ਆਮ ਆਦਮੀ ਕਲੀਨਿਕਾਂ ਨੇ ਸਿਹਤ ਸੰਭਾਲ ਲਈ ਇਕ ਨਵੀਂ ਪਹਿਲਕਦਮੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ ਦਾ ਡਾਟਾ ਆਨਲਾਈਨ ਰੱਖਿਆ ਜਾਂਦਾ ਹੈ। ਜਿਸ ਨਾਲ ਮਰੀਜ਼ ਨੂੰ ਜੇਕਰ ਅੱਗੇ ਸੈਕੰਡਰੀ ਸਿਹਤ ਸੰਸਥਾ ਲਈ ਰੈਫ਼ਰ ਕੀਤਾ ਜਾਂਦਾ ਹੈ ਤਾਂ ਉੱਥੇ ਮਰੀਜ਼ ਦੀ ਹਿਸਟਰੀ ਬਾਰੇ ਆਨਲਾਈਨ ’ਤੇ ਪਤਾ ਕੀਤਾ ਜਾ ਸਕੇ।
ਏਡੀਸੀ ਨੇ ਆਪਣੇ ਦੌਰੇ ਦੌਰਾਨ ਮਰੀਜ਼ਾਂ ਪਾਸੋਂ ਆਮ ਆਦਮੀ ਕਲੀਨਿਕ ਵਿੱਚ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੇ ਲੋਕਾਂ ਨੂੰ ਆਪਣੀ ਸਿਹਤ ਸੰਭਾਲ ਲਈ ਆਮ ਆਦਮੀ ਕਲੀਨਿਕਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਮੂਹ ਉੱਚ ਅਧਿਕਾਰੀ ਅਤੇ ਸਿਹਤ ਅਧਿਕਾਰੀ ਮੁਹੱਲਾ ਕਲੀਨਿਕਾਂ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਕੇ ਇੱਥੇ ਮੌਜੂਦ ਸਟਾਫ਼ ਅਤੇ ਦਵਾਈ ਲੈਣ ਆਏ ਮਰੀਜ਼ਾਂ ਤੋਂ ਦਰਪੇਸ਼ ਮੁਸ਼ਕਲਾਂ ਅਤੇ ਫੀਡ ਬੈਕ ਲੈਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਦੀ ਕਾਰਗੁਜ਼ਾਰੀ ਵਿੱਚ ਹੋਰ ਕੀਤੇ ਜਾਣ ਵਾਲੇ ਸੁਧਾਰਾਂ ਸਬੰਧੀ ਸਿਵਲ ਸਰਜਨ ਨੂੰ ਜਾਣੂ ਕਰਵਾਇਆ ਗਿਆ ਹੈ।