
ਸਿੱਖਿਆ ਮੰਤਰੀ ਵੱਲੋਂ ਸਮਰ ਕੈਂਪ ਦਾ ਨਿਰੀਖਣ, ਬੱਚਿਆਂ ਨਾਲ ਕੀਤੀਆਂ ਦਿਲ ਦੀਆਂ ਗੱਲਾਂ
ਸਰਕਾਰੀ ਸਕੂਲਾਂ ਦੇ ਮਿਆਰ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ: ਬੈਂਸ
ਪਾਠਕ੍ਰਮ ਨੂੰ ਹੋਰ ਵਧੇਰੇ ਵਧੇਰੇ ਦਿਲਚਸਪ ਬਣਾਉਣ ਲਈ ਅਪਣਾਏ ਜਾ ਰਹੇ ਨੇ ‘ਨਵੇਂ ਤਰੀਕੇ’
ਸਕੂਲ ਆਫ਼ ਐਮੀਨੈਂਸ ਪੰਜਾਬ ਦੇ ਸਿੱਖਿਆ ਦੇ ਇਤਿਹਾਸ ਵਿੱਚ ਵੱਡਾ ਮੀਲ ਪੱਥਰ ਸਾਬਤ ਹੋਵੇਗਾ
ਨਬਜ਼-ਏ-ਪੰਜਾਬ, ਮੁਹਾਲੀ, 4 ਜੁਲਾਈ:
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੋਂ ਦੇ ਫੇਜ਼-2 ਸਥਿਤ ਸਮਾਰਟ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸਮਾਰਟ ਮਿਡਲ ਸਕੂਲ ਦ ਅਚਨਚੇਤ ਦੌਰਾ ਕਰਕੇ ਇਨ੍ਹਾਂ ਸਕੂਲਾਂ ਵਿੱਚ ਚੱਲ ਰਹੇ ਸਮਰ ਕੈਂਪਾਂ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਨੂੰ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੇ ਬਰਾਬਰ ਲਿਆਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।
ਸ੍ਰੀ ਬੈਂਸ ਨੇ ਸਕੂਲ ਕੰਪਲੈਕਸ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨਾਲ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਅਤੇ ਬੱਚਿਆਂ ਨੂੰ ਗਤੀਵਿਧੀਆਂ ਰਾਹੀਂ ਸਿੱਖਣ ਅਤੇ ਗਰਮੀਆਂ ਦੀਆਂ ਛੁੱਟੀਆਂ ਕਿਸ ਤਰ੍ਹਾਂ ਬਿਤਾਈਆਂ, ਬਾਰੇ ਪੁੱਛਿਆ। ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਜ਼ਿਆਦਾ ਖ਼ੁਸ਼ੀ ਹੋਈ ਕਿ ਛੋਟੇ ਬੱਚੇ ਸਮਰ ਕੈਂਪਾਂ ਵਿੱਚ ਡੂੰਘੀ ਦਿਲਚਸਪੀ ਲੈ ਰਹੇ ਹਨ ਅਤੇ ਉਹ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਤੋਂ ਮਿਡਲ ਜਮਾਤ ਤੱਕ ਦੇ ਵਿਦਿਆਰਥੀਆਂ ਲਈ 15 ਜੁਲਾਈ ਤੱਕ ਸਮਰ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਗਤੀਵਿਧੀਆਂ ਅਤੇ ਹੋਰ ਤਰੀਕਿਆਂ ਨਾਲ ਸਿੱਖਣ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਸਿੱਖਣ ਦੀਆਂ ਤਕਨੀਕਾਂ ਨੂੰ ਹੋਰ ਵਿਕਸਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਪਾਠਕ੍ਰਮ ਨੂੰ ਹੋਰ ਵਧੇਰੇ ਵਧੇਰੇ ਦਿਲਚਸਪ ਬਣਾਉਣ ਲਈ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਪੰਜਾਬ ਦੇ ਸਿੱਖਿਆ ਦੇ ਇਤਿਹਾਸ ਵਿੱਚ ਵੱਡਾ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਵਿਦਿਆਰਥੀਆਂ ਦਾ ਸ਼ਖ਼ਸੀ ਅਤੇ ਅਕਾਦਮਿਕ ਵਿਕਾਸ ਇਸ ਢੰਗ ਨਾਲ ਤਜਰਬੇਕਾਰ ਅਤੇ ਸਮਰਪਿਤ ਅਧਿਆਪਕਾਂ ਵੱਲੋਂ ਕੀਤਾ ਜਾਵੇਗਾ ਕਿ ਉਹ ਕਿਤਾਬੀ ਗਿਆਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕੀਤੇ ਜਾਣਗੇ।
ਬੈਂਸ ਨੇ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਸਮਰ ਕੈਂਪਾਂ ਲਈ 5.06 ਕਰੋੜ ਰੁਪਏ ਦਾ ਬਜਟ ਵਿਦਿਆਰਥੀਆਂ ਲਈ ਸਮੱਗਰੀ ਦੀ ਖ਼ਰੀਦ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਰ ਕੈਂਪਾਂ ਵਿੱਚ ਵਿਦਿਆਰਥੀਆਂ ਨੂੰ ਬੌਧਿਕ ਗਤੀਵਿਧੀਆਂ, ਸਿਹਤ ਸੰਭਾਲ, ਖੇਡਾਂ, ਕਲਾ, ਬੁਨਿਆਦੀ ਕਦਰਾਂ-ਕੀਮਤਾਂ, ਗਣਿਤ, ਵਾਤਾਵਰਨ ਸਿੱਖਿਆ ਅਤੇ ਭਾਸ਼ਾ ਦੇ ਹੁਨਰ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ।