
ਇੰਸਪੈਕਟਰ ਨਵੀਨਪਾਲ ਲਹਿਲ ਨੂੰ ਮਟੌਰ ਥਾਣੇ ਦਾ ਐਸਐਚਓ ਲਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਪੰਜਾਬ ਪੁਲੀਸ ਦੇ ਸੀਨੀਅਰ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ ਨੂੰ ਮਟੌਰ ਥਾਣਾ ਦੇ ਨਵਾਂ ਐਸਐਚਓ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਜਲੰਧਰ ਵਿੱਚ ਤਾਇਨਾਤ ਸਨ। ਉਂਜ ਪਿਛਲੀ ਸਰਕਾਰ ਸਮੇਂ ਉਹ ਮੁਹਾਲੀ ਵਿੱਚ ਤਾਇਨਾਤ ਰਹੇ ਹਨ ਅਤੇ ਤਤਕਾਲੀ ਐਸਐਸਪੀ ਅਤੇ ਹੁਣ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ ਤੋਂ ਬਾਅਦ ਸ੍ਰੀ ਲਹਿਲ ਉਨ੍ਹਾਂ ਨਾਲ ਜਲੰਧਰ ਚਲੇ ਗਏ ਸੀ।
ਅੱਜ ਨਵੇਂ ਥਾਣਾ ਮੁਖੀ ਨਵੀਨਪਾਲ ਲਹਿਲ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੀ ਸੇਵਾ ਲਈ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਪੁਲੀਸ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਲੋਕਾਂ ਖਾਸ ਕਰਕੇ ਸੀਨੀਅਰ ਸਿਟੀਜਨਾਂ ਅਤੇ ਅੌਰਤਾਂ ਨੂੰ ਪੂਰਾ ਮਾਣ-ਸਨਮਾਨ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮਟੌਰ ਥਾਣਾ ਦੇ ਐਸਐਚਓ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਭਲੀਭਾਂਤ ਜਾਣੂ ਹਨ। ਉਨ੍ਹਾਂ ਨੇ ਸਟਰੀਟ ਕਰਾਈਮ ਨੂੰ ਠੱਲ੍ਹ ਪਾਉਣ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਮਟੌਰ ਥਾਣਾ ਦੇ ਪਹਿਲੇ ਐਸਐਚਓ ਮਨਫੂਲ ਸਿੰਘ ਬੀਮਾਰੀ ਦੇ ਚੱਲਦਿਆਂ ਲੰਮੀ ਛੁੱਟੀ ’ਤੇ ਚੱਲੇ ਗਏ ਹਨ।