ਪੰਜਾਬ ਪੁਲੀਸ ਦੀ ਸਪੈਸ਼ਲ ਬ੍ਰਾਂਚ ਦਾ ਇੰਸਪੈਕਟਰ ਬਣ ਕੇ ਠੱਗੀਆਂ ਮਾਰਨ ਵਾਲਾ ਤੇ ਦੋ ਸਾਥੀ ਕਾਬੂ

ਮੁਲਜ਼ਮਾਂ ਨੇ ਜ਼ਮੀਨ ਖ਼ਰੀਦਣ ਦਾ ਝਾਂਸਾ ਦੇ ਕੇ ਦੁਕਾਨਦਾਰ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਪੰਜਾਬ ਪੁਲੀਸ ਦੀ ਸਪੈਸ਼ਲ ਬ੍ਰਾਂਚ ਦਾ ਇੰਸਪੈਕਟਰ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦਾ ਮੁਖੀ ਅਤੇ ਉਸ ਦੇ ਦੋ ਸਾਥੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ 3 ਵਿਅਕਤੀਆਂ ਰਜਿੰਦਰ ਸਿੰਘ ਬੱਲ ਵਾਸੀ ਨਵਾਂ ਸ਼ਹਿਰ ਬਡਾਲਾ, ਹਰਬੰਸ ਸਿੰਘ ਵਾਸੀ ਪਿੰਡ ਰਸਨਹੇੜੀ ਅਤੇ ਭੁਪਿੰਦਰ ਸਿੰਘ ਉਰਫ਼ ਪੱਪੂ ਵਾਸੀ ਦਤਾਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦਾ ਸਰਗਨਾ ਖ਼ੁਦ ਨੂੰ ਪੰਜਾਬ ਪੁਲੀਸ ਦੀ ਸਪੈਸ਼ਲ ਬ੍ਰਾਂਚ ਦਾ ਇੰਸਪੈਕਟਰ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ।
ਐਸਐਸਪੀ ਨੇ ਦੱਸਿਆ ਕਿ ਇੱਥੋਂ ਦੇ ਫੇਜ਼-6 ਦੇ ਵਸਨੀਕ ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਬਡਾਲਾ ਰੋਡ ਖਰੜ ’ਤੇ ਓਐਕਸ ਰੌਕ ਚੰਡੀਗੜ੍ਹ ਟਾਇਲਜ਼ ਦੀ ਦੁਕਾਨ ਕਰਦਾ ਹੈ। ਕਰੀਬ ਚਾਰ ਮਹੀਨੇ ਪਹਿਲਾਂ ਉਸ ਕੋਲ ਰਜਿੰਦਰ ਸਿੰਘ ਬੱਲ ਨਾਂ ਦਾ ਵਿਅਕਤੀ ਆਇਆ ਸੀ। ਜਿਸ ਨੇ ਆਪਣੀ ਪਛਾਣ ਪੰਜਾਬ ਪੁਲੀਸ ਦੇ ਸਪੈਸ਼ਲ ਸੈੱਲ ਦੇ ਇੰਸਪੈਕਟਰ ਵਜੋਂ ਦੱਸੀ ਸੀ। ਉਸ ਨਾਲ ਦੋ ਹੋਰ ਵਿਅਕਤੀ ਵੀ ਆਉਂਦੇ ਸਨ, ਜਿਨ੍ਹਾਂ ਦੀ ਪਛਾਣ ਉਸ ਨੇ ਆਪਣੇ ਗੰਨਮੈਨ ਵਜੋਂ ਕਰਵਾਈ ਸੀ। ਉਹ ਉਸ ਤੋਂ ਚਾਰ ਵਾਰ ਟਾਈਲਾਂ ਲੈ ਕੇ ਗਿਆ ਸੀ। ਜਿਸ ਨਾਲ ਉਸ ਦੀ ਜਾਣ ਪਛਾਣ ਹੋ ਗਈ ਅਤੇ ਉਸ ਕੋਲ ਅਕਸਰ ਆਉਣ ਜਾਣ ਲੱਗ ਪਿਆ। ਤਜਿੰਦਰ ਸਿੰਘ ਦੇ ਦੱਸਣ ਮੁਤਬਕ ਰਜਿੰਦਰ ਸਿੰਘ ਬੱਲ ਖ਼ਾਕੀ ਪੱਗ ਲਾਲ ਫਿਫਟੀ ਨਾਲ ਖ਼ਾਕੀ ਪੈਂਟ ਅਤੇ ਲਾਲ ਬੂਟ ਪਾ ਕੇ ਆਉਂਦਾ ਸੀ ਅਤੇ ਕੰਨ ਨੂੰ ਫੋਨ ਲੱਗਾ ਕੇ ਡੰਮ੍ਹੀ ਕਾਲ ਕਰਦਾ ਸੀ, ਜਿਸ ਵਿੱਚ ਅਕਸਰ ਛਾਪੇਮਾਰੀ ਕਰਨ ਦੀਆਂ ਗੱਲਾਂ ਅਤੇ ਆਪਣੇ ਮੁਲਾਜ਼ਮਾਂ ਨੂੰ ਹਦਾਇਤਾਂ ਵਗੈਰਾ ਕਰਦਾ ਸੁਣਾਈ ਦਿੰਦਾ ਸੀ।
ਦਸੰਬਰ 2020 ਨੂੰ ਰਜਿੰਦਰ ਬੱਲ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਕੋਲ ਇੱਕ ਕੇਸ ਦੀ ਜਾਂਚ ਹੈ, ਜਿਨ੍ਹਾਂ ਦੀ ਜ਼ਮੀਨ ਸੰਤੇਮਾਜਰਾ ਵਿੱਚ ਹੈ। ਇਸ ਜ਼ਮੀਨ ਦੇ ਮਾਲਕ ਮੇਰੇ ਕੋਲ ਫਸੇ ਹੋਏ ਹਨ। ਇਹ ਜ਼ਮੀਨ ਉਨ੍ਹਾਂ ਨੂੰ ਸਸਤੇ ਭਾਅ ’ਤੇ ਮਿਲ ਰਹੀ ਹੈ। ਜੇਕਰ ਉਹ ਜ਼ਮੀਨ ਬੁੱਕ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਕਾਫ਼ੀ ਮੁਨਾਫ਼ਾ ਹੋ ਸਕਦਾ ਹੈ। ਦੁਕਾਨਦਾਰ ਦੇ ਦੱਸਣ ਅਨੁਸਾਰ ਰਜਿੰਦਰ ਬੱਲ ਨੇ ਕਿਹਾ ਕਿ ਇਹ ਬਿਆਨਾਂ 33 ਲੱਖ ਰੁਪਏ ਦਾ ਕਰਨਾ ਹੈ, ਜਿਸ ਵਿੱਚ 20 ਲੱਖ ਰੁਪਏ ਦੁਕਾਨਦਾਰ ਅਤੇ 13 ਲੱਖ ਰੁਪਏ ਉਹ ਖ਼ੁਦ ਪਾ ਦੇਵੇਗਾ। ਬੱਲ ਨੇ ਉਸ ਨੂੰ ਸੰਤੇ ਮਾਜਰਾ ਵਿੱਚ ਜ਼ਮੀਨ ਵੀ ਦਿਖਾਈ ਗਈ ਸੀ। ਜਿਸ ਕਾਰਨ ਉਸ ਨੂੰ ਵਿਸਵਾਸ ਹੋ ਗਿਆ ਅਤੇ ਜ਼ਮੀਨ ਦਾ ਬਿਆਨਾਂ ਕਰਨ ਦੀ ਹਾਮੀ ਭਰ ਦਿੱਤੀ। 29 ਦਸੰਬਰ 2020 ਨੂੰ ਉਸ ਨੇ ਜ਼ਮੀਨ ਦੇ ਮਾਲਕ ਜਿੰਦਰ ਸਿੰਘ ਅਤੇ ਰਣਧੀਰ ਸਿੰਘ ਵਾਸੀ ਸੰਤੇ ਮਾਜਰਾ ਨਾਲ ਉਸ ਦੇ ਨਾਮ ’ਤੇ ਐਗਰੀਮੈਂਟ ਕਰਵਾਇਆ ਗਿਆ। ਜਦੋਂਕਿ ਖ਼ੁਦ ਨੂੰ ਸਰਕਾਰੀ ਮੁਲਾਜ਼ਮ ਦੱਸ ਕੇ ਬੱਲ ਨੇ ਆਪਣਾ ਨਾਮ ਦਰਜ ਨਹੀਂ ਕਰਵਾਇਆ।
ਇਸ ਤਰ੍ਹਾਂ ਉਸ ਨੇ ਬੱਲ ਨੂੰ 20 ਲੱਖ ਦੇ ਦਿੱਤੇ। ਜਿਸ ਨੇ ਉਸ ਨੂੰ ਇੱਕ ਜਾਅਲੀ ਬਿਆਨਾਂ ਬਣਾ ਕੇ ਦੇ ਦਿੱਤਾ ਗਿਆ। ਜਿਸ ’ਤੇ ਜ਼ਮੀਨ ਮਾਲਕਾਂ ਦੀ ਥਾਂ ਫਰਜ਼ੀ ਇੰਸਪੈਕਟਰ ਨੇ ਆਪਣੇ ਦਸਖ਼ਤ ਕੀਤੇ ਸੀ। ਪੀੜਤ ਦੁਕਾਨਦਾਰ ਨਾਲ 20 ਲੱਖ ਦੀ ਠੱਗੀ ਮਾਰਨ ਤੋਂ ਬਾਅਦ ਮੁਲਜ਼ਮ ਨੇ ਉਸ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਜਦੋਂ ਵੀ ਦੁਕਾਨਦਾਰ ਫੋਨ ਕਰਦਾ ਤਾਂ ਕੋਈ ਦੂਜਾ ਵਿਅਕਤੀ ਫੋਨ ਚੁੱਕਦਾ ਸੀ ਅਤੇ ਜਵਾਬ ਮਿਲਦਾ ਸੀ ਸਾਹਿਬ ਕਿਸੇ ਤਫ਼ਤੀਸ਼ ਵਿੱਚ ਮਸਰੂਫ਼ ਹਨ ਜਾਂ ਸਾਹਿਬ ਕਿਸੇ ਦੀ ਇੰਟਰੋਗੈਸਨ ਕਰ ਰਹੇ ਹਨ। ਇਸ ਸਬੰਧੀ ਰਜਿੰਦਰ ਸਿੰਘ ਬੱਲ ਵਾਸੀ ਨਵਾਂ ਸ਼ਹਿਰ ਬਡਾਲਾ, ਹਰਬੰਸ ਸਿੰਘ ਵਾਸੀ ਪਿੰਡ ਰਸਨਹੇੜੀ ਅਤੇ ਭੁਪਿੰਦਰ ਸਿੰਘ ਉਰਫ਼ ਪੱਪੂ ਵਾਸੀ ਦਤਾਰਪੁਰ ਦੇ ਖ਼ਿਲਾਫ਼ 419, 420, 465, 466, 467, 468, 471, 170, 171, 120ਬੀ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕਰਕੇ ਉਕਤ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਠੱਗੀਆਂ ਦੇ ਮਾਮਲਿਆਂ ਸਬੰਧੀ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles

Check Also

ਭਾਰਤੀ ਕਮਿਊਨਿਸ਼ਟ ਪਾਰਟੀ, ਬੁੱਧੀਜੀਵੀਆਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਗਰੀਬ ਲੋਕਾਂ ਦੇ ਮੁੱਦਿਆਂ ‘ਤੇ ਸੰਘਰਸ਼ ਦਾ ਐਲਾਨ

ਭਾਰਤੀ ਕਮਿਊਨਿਸ਼ਟ ਪਾਰਟੀ, ਬੁੱਧੀਜੀਵੀਆਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਗਰੀਬ ਲੋਕਾਂ ਦੇ ਮੁੱਦਿਆਂ ‘…