
ਸੀਵਰੇਜ ਪਾਈਪਲਾਈਨ ਪਾਉਣ ਕਾਰਨ ਪੁੱਟੀ ਸੜਕ ਨੂੰ ਠੀਕ ਕਰਕੇ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ
ਬਾਵਾ ਵਾਈਟ ਹਾਊਸ ਤੋਂ ਸਪਾਈਸ ਚੌਕ ਤੱਕ ਪਾਈ ਗਈ ਸੀ ਸੀਵਰੇਜ ਦੀ ਮੇਨ ਪਾਈਪਲਾਈਨ
ਮੇਅਰ ਜੀਤੀ ਸਿੱਧੂ ਨੇ ਆਪਣੀ ਟੀਮ ਸਮੇਤ ਕੀਤੀ ਸੜਕ ਦੇ ਕੰਮ ਦੀ ਨਜ਼ਰਸਾਨੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਮੁਹਾਲੀ ਨਗਰ ਨਿਗਮ ਵੱਲੋਂ ਸਪਾਈਸ ਚੌਕ ਤੋਂ ਲੈ ਕੇ ਬਾਵਾ ਵਾਈਟ ਹਾਊਸ ਤੱਕ ਦੀ ਸੜਕ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਲੋਕਾਂ ਦੀ ਸਹੂਲਤ ਲਈ ਇਸ ਨੂੰ ਹਾਲੇ ਆਰਜ਼ੀ ਤੌਰ ’ਤੇ ਖੋਲ੍ਹਿਆ ਗਿਆ ਹੈ ਅਤੇ ਬਰਸਾਤਾਂ ਦੇ ਮੌਸਮ ਤੋਂ ਬਾਅਦ ਇੱਥੇ ਪ੍ਰੀਮਿਕਸ ਪਾ ਕੇ ਇਸ ਸੜਕ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਕੀਤਾ ਜਾਵੇਗਾ। ਅੱਜ ਸੜਕ ਨੂੰ ਪੂਰੀ ਤਰ੍ਹਾਂ ਖੋਲ੍ਹੇ ਜਾਣ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਚਲਦੇ ਕੰਮ ਦੀ ਨਜ਼ਰਸਾਨੀ ਵੀ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਪ੍ਰੀਤ ਸਿੰਘ ਬਨੀ, ਸੁੱਚਾ ਸਿੰਘ ਕਲੌੜ ਅਤੇ ਸਮਾਜ ਸੇਵੀ ਆਗੂ ਵਿਕਟਰ ਨਿਹੋਲਕਾ ਵੀ ਹਾਜ਼ਰ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਸੀਵਰੇਜ ਜਾਮ ਦੀਆਂ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਸ ਸੜਕ ਦੇ ਇੱਕ ਪਾਸੇ ਸੀਵਰੇਜ ਦੀ ਵੱਡੀ ਪਾਈਪਲਾਈਨ ਪਾਈ ਗਈ ਹੈ। ਇਸ ’ਤੇ ਸੜਕ ਬਣਾਉਣ ਵਾਲੀ ਕੰਪਨੀ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਇਸ ਸੜਕ ਨੂੰ ਪੂਰੀ ਤਰ੍ਹਾਂ ਲੋਕਾਂ ਵਾਸਤੇ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਲੇ ਇਹ ਸੜਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈ ਅਤੇ ਬਰਸਾਤਾਂ ਦਾ ਮੌਸਮ ਖ਼ਤਮ ਹੋਣ ਉਪਰੰਤ ਇੱਥੇ ਪ੍ਰੀਮਿਕਸ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿਚ ਇਹ ਗੱਲ ਵੀ ਆਈ ਹੈ ਕਿ ਕੱੁਝ ਥਾਵਾਂ ਤੋਂ ਇਸ ਸੜਕ ਬਰਸਾਤ ਪੈਣ ਕਾਰਨ ਕੁੱਝ ਦਬੀ ਹੈ ਅਤੇ ਉਸ ਦੀ ਵੀ ਮੁਰੰਮਤ ਕੰਪਨੀ ਵੱਲੋਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦਾ ਨਗਰ ਨਿਗਮ ਨਾਲ ਇਹ ਕੰਟਰੈਕਟ ਹੈ ਕਿ ਅਗਲੇ ਪੰਜ ਸਾਲ ਇਸ ਸੜਕ ਦੇ ਰੱਖ ਰਖਾਓ ਦਾ ਕੰਮ ਕੰਪਨੀ ਨੇ ਹੀ ਕਰਨਾ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਹ ਸੜਕ ਦੇ ਕੰਮ ਉੱਤੇ ਨਗਰ ਨਿਗਮ ਨੇ ਦੱਸ ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਪਾਈ ਹੋਈ ਪਾਈਪ ਨਾਲ ਮੁਹਾਲੀ ਵਾਸੀਆਂ ਨੂੰ ਸੀਵਰੇਜ ਜਾਮ ਦੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਪਾਈਸ ਚੌਕ ਤੋਂ ਫਾਇਰ ਬ੍ਰਿਗੇਡ ਤਕ ਵਾਲੀ ਸੜਕ ਦਾ ਕੰਮ ਵੀ ਅਗਲੇ ਹਫ਼ਤੇ ਤੱਕ ਮੁਕੰਮਲ ਕਰਕੇ ਇਸ ਸੜਕ ਨੂੰ ਵੀ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੀ ਨਵੀਂ ਚੁਣੀ ਹੋਈ ਟੀਮ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਹੋਏ ਆਪਣੇ ਵਾਅਦੇ ਇਕ ਇਕ ਕਰਕੇ ਪੂਰੇ ਕਰਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਟੀਚੇ ਨੂੰ ਪੂਰਾ ਕਰਨ ਲਈ ਹਰ ਉਪਰਾਲਾ ਕਰ ਰਹੀ ਹੈ।