
ਫੇਜ਼-11, ਮੁਹਾਲੀ ਵਿੱਚ ਪੀਣ ਵਾਲੇ ਪਾਣੀ ਦਾ ਨਵਾਂ ਟਿਊਬਵੈਲ ਲਗਾਉਣ ਦਾ ਕੰਮ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ
ਸਥਾਨਕ ਫੇਜ਼-11 ਵਿੱਚ ਪੀਣ ਵਾਲੇ ਪਾਣੀ ਦਾ ਨਵਾਂ ਟਿਊਬਵੈਲ ਲਗਾਉਣ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਗਿਆ। ਇਸ ਕੰਮ ਦੀ ਸ਼ੁਰੂਆਤ ਪਰਮਾਤਮਾ ਅੱਗੇ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟਿਊਬਵੈਲ ਲਗਾਉਣ ਦੇ ਪ੍ਰਾਜੈਕਟ ’ਤੇ 30 ਲੱਖ ਦੀ ਲਾਗਤ ਆਵੇਗੀ ਅਤੇ ਇਹ ਕੰਮ ਇੱਕ ਮਹੀਨੇ ਵਿੱਚ ਤਿਆਰ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਟਿਊਬਵੈਲ ਦੇ ਲੱਗਣ ਨਾਲ ਇਸ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ।
ਸ੍ਰੀ ਜੈਨ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਇਸ ਇਲਾਕੇ ਵਿੱਚ ਪਾਣੀ ਘੱਟ ਆਉਂਦਾ ਹੈ ਅਤੇ ਪਾਣੀ ਦਾ ਪ੍ਰੈਸ਼ਰ ਵੀ ਘੱਟ ਹੁੰਦਾ ਹੈ। ਹੁਣ ਨਵਾਂ ਟਿਊਬਵੈਲ ਲੱਗਣ ਨਾਲ ਇਹ ਸਮੱਸਿਆ ਹੱਲ ਹੋ ਜਾਵੇਗੀ। ਇਸ ਮੌਕੇ ਕਾਂਗਰਸ ਦੇ ਕੌਂਸਲਰ ਜਸਬੀਰ ਸਿੰਘ ਮਣਕੂ, ਗੌਰਵ ਜੈਨ, ਵਾਰਡ ਵਾਸੀ ਚਮਨ ਲਾਲ, ਰਘੁਵੰਸ਼, ਰਾਧੇ, ਕੁਲਦੀਪ ਸਿੰਘ, ਬਾਬੂ ਚੰਦ, ਕੁਲਦੀਪ ਕੌਰ, ਪਰਮਜੀਤ ਕੌਰ ਵੀ ਮੌਜੂਦ ਸਨ।