ਮੁਹਾਲੀ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ 5 ਕਰੋੜ ਦੀ ਕਿਸ਼ਤ ਜਾਰੀ

ਨਵੇਂ ਸੈਕਟਰਾਂ ਤੇ ਨੇੜਲੇ ਇਲਾਕੇ ਨੂੰ ਜਲਦੀ ਨਗਰ ਨਿਗਮ ਦੀ ਹੱਦ ’ਚ ਕੀਤਾ ਜਾਵੇਗਾ ਸ਼ਾਮਲ

ਪੰਜਾਬ ਵਿੱਚ ਮਾਈਨਿੰਗ ਕਾਨੂੰਨ ਮੁਤਾਬਕ, ਨਾਜਾਇਜ਼ ਮਾਈਨਿੰਗ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਪੰਜਾਬ ਸਰਕਾਰ ਵੱਲੋਂ ਮੁਹਾਲੀ ਦੇ ਵਿਕਾਸ ਲਈ ਲਗਾਤਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਮੁਹਾਲੀ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਕਰਨ ਦੇ ਨਾਲ ਨਾਲ ਇਸ ਦਾ ਬਹੁਪੱਖੀ ਵਿਕਾਸ ਵੀ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਦੀ ਲੰਮੇ ਸਮੇਂ ਤੋਂ ਬਕਾਇਆ ਰਾਸ਼ੀ ਜਾਰੀ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ 5 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਬਾਕੀ ਰਾਸ਼ੀ ਵੀ 5-5 ਕਰੋੜ ਰੁਪਏ ਦੀਆਂ ਕਿਸ਼ਤਾਂ ਦੇ ਰੂਪ ਵਿੱਚ ਛੇਤੀ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਨਾਲ ਸਰਕਾਰ ਵੱਲੋਂ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਮੋਹਾਲੀ ਦੀ ਸਾਂਭ ਸੰਭਾਲ ਲਈ ਜਿੰਨਾ ਵੀ ਖ਼ਰਚਾ ਕੀਤਾ ਜਾਇਆ ਕਰੇਗਾ, ਉਸ ਦਾ 25 ਫੀਸਦੀ ਗਮਾਡਾ ਵੱਲੋਂ ਦਿੱਤਾ ਜਾਇਆ ਕਰੇਗਾ।
ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਕੀਤੇ ਜਾ ਰਹੇ ਬਹੁਪੱਖੀ ਵਿਕਾਸ ਤਹਿਤ ਬਲੌਂਗੀ ਅਤੇ ਬਲੌਂਗੀ ਕਲੋਨੀ, ਸੈਕਟਰ 119 ਤੇ 118 ਸਮੇਤ (ਪਿੰਡ ਬੱਲੋਮਾਜਰਾ ਨੂੰ ਛੱਡ ਕੇ), ਬੜਮਾਜਰਾ ਤੇ ਬੜਮਾਜਰਾ ਕਲੋਨੀ, ਬਲਿਆਲੀ ਅਤੇ ਗਮਾਡਾ ਵੱਲੋਂ ਪ੍ਰਵਾਨਿਤ ਟੀ ਡੀ ਆਈ ਦਾ ਪ੍ਰੋਜੈਕਟ ਸੈਕਟਰ 119, 118, 117, 116, 92 ਅਤੇ 74-ਏ ਅਧੀਨ ਰਕਬਾ।
ਗਰੀਨ ਇਨਕਲੇਵ, ਸੈਕਟਰ 66 ਅਲਫਾ(ਕੇਵਲ ਸਰਕਾਰ/ਗਮਾਡਾ ਵੱਲੋਂ ਪ੍ਰਵਾਨਤ ਪ੍ਰੋਜੈਕਟਾਂ ਅਧੀਨ ਰਕਬਾ) ਅਤੇ ਸੈਕਟਰ 82, ਸੈਕਟਰ 91 ਅਤੇ 92, ਪਿੰਡ ਕੰਬਾਲੀ ਨੂੰ ਛੱਡ ਕੇ ਮੌਜੂਦਾ ਹੱਦ ਤੋਂ ਰੇਲਵੇ ਲਾਈਨ/ਬਾਊਂਡਰੀ ਤੱਕ ਬਲਕ ਮਾਰਕਿਟ ਤੇ ਹੋਰ ਏਰੀਆ ਨਗਰ ਨਿਗਮ ਮੋਹਾਲੀ ਦੀ ਹੱਦ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਵੀ ਮੁਹਾਲੀ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸ. ਸਿੱਧੂ ਨੇ ਦੱਸਿਆ ਕਿ ਮੋਹਾਲੀ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜਿੱਥੇ ਮੁਹਾਲੀ ਵਿਖੇ ਮੈਡੀਕਲ ਕਾਲਜ ਬਣ ਰਿਹਾ ਹੈ, ਉਥੇ ਨਵਾਂ ਜ਼ਿਲ੍ਹਾ ਹਸਪਤਾਲ ਸੈਕਟਰ 66 ਵਿਖੇ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਕਾਲਜ ਮੋਹਾਲੀ ਦੀ 03 ਏਕੜ ਜ਼ਮੀਨ ਵਿਖੇ ਬੀ.ਐਸ.ਸੀ. ਨਰਸਿੰਗ ਕਾਲਜ ਸ਼ੁਰੂ ਕੀਤਾ ਜਾਣਾ ਹੈ। ਮੋਹਾਲੀ ਵਿਖੇ ਦਿਵਿਆਂਗ ਬੱਚਿਆਂ ਲਈ ਵਿਸ਼ੇਸ਼ ਹਸਪਤਾਲ ਬਣ ਰਿਹਾ ਹੈ। ਦਿਆਲਪੁਰਾ, ਡੇਰਾਬਸੀ ਵਿਖੇ ਆਯੂਸ਼ ਹਸਪਤਾਲ ਸ਼ੁਰੂ ਕੀਤਾ ਜਾ ਰਿਹਾ ਹੈ। ਸੈਕਟਰ 69 ਅਤੇ 79 ਵਿੱਚ ਡਿਸਪੈਂਸਰੀਆਂ ਬਣਾਈਆਂ ਜਾ ਰਹੀਆਂ ਹਨ ਤੇ ਸਨੇਟਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਵੱਡੇ ਪੱਧਰ ਉਤੇ ਭਰਤੀ ਕੀਤੀ ਗਈ ਹੈ।
ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਮੋਹਾਲੀ ਵਿਖੇ ਫਾਰਮੇਸੀ ਕਾਲਜ ਵੀ ਬਣਾਇਆ ਜਾਵੇ ਤੇ ਇਸ ਸਬੰਧ ਵਿੱਚ ਵੀ ਸਰਕਾਰ ਵੱਲੋਂ ਛੇਤੀ ਹੀ ਮਨਜ਼ੂਰੀ ਮਿਲ ਜਾਵੇਗੀ। ਮੀਡੀਆ ਵੱਲੋਂ ਕੋਵਿਡ ਵੈਕਸੀਨੇਸ਼ਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ. ਸਿੱਧੂ ਨੇ ਕਿਹਾ ਕਿ ਸੂਬੇ ਦੀ ਸਮਰੱਥਾ ਰੋਜ਼ਾਨਾ 05 ਲੱਖ ਵੈਕਸੀਨ ਲਾਉਣ ਦੀ ਹੈ ਪਰ ਕੇਂਦਰ ਵੱਲੋਂ ਸੂਬੇ ਨੂੰ ਰੋਜ਼ਾਨਾ 50 ਤੋਂ 60 ਹਜ਼ਾਰ ਵੈਕਸੀਨ ਹੀ ਮੁਹੱਈਆ ਕਰਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਰੋਨਾ ਦੌਰਾਨ ਸਾਰਾ ਕੰਮਕਾਜ ਪੂਰਨ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ ਤੇ ਕਰੋਨਾ ਕਾਰਨ ਜਿੰਨੀਆਂ ਵੀ ਮੌਤਾਂ ਹੋਈਆਂ,ਉਨ੍ਹਾਂ ਸਬੰਧੀ ਪੂਰਨ ਰਿਕਾਰਡ ਰੱਖਿਆ ਗਿਆ ਹੈ ਤੇ ਲਾਸ਼ਾਂ ਦੀ ਪੂਰੀ ਸੰਭਾਲ ਹੋਈ ਜਦਕਿ ਦੇਸ਼ ਦੇ ਕਈ ਵੱਡੇ ਸੂਬਿਆਂ ਵਿੱਚ ਕਰੋਨਾ ਕਾਰਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਸੰਭਾਲ ਵੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਵੈਕਸੀਨੇਸ਼ਨ ਸਬੰਧੀ ਜ਼ਿਲ੍ਹਾ ਐਸ ਏ ਐਸ ਨਗਰ ਪਹਿਲੇ ਨੰਬਰ ਉਤੇ ਹੈ।
ਮੀਡੀਆ ਵੱਲੋਂ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਮਾਈਨਿੰਗ ਕਾਨੂੰਨੀ ਢੰਗ ਨਾਲ ਹੋ ਰਹੀ ਹੈ ਤੇ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਮਾਈਨਿੰਗ ਜ਼ਰੀਏ 400 ਕਰੋੜ ਰੁਪਏ ਜਾ ਰਹੇ ਹਨ ਤੇ ਇਹ ਰਾਸ਼ੀ ਪਿਛਲੀਆਂ ਸਰਕਾਰਾਂ ਵੇਲੇ ਕੇਵਲ 35 ਕਰੋੜ ਰੁਪਏ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਬੰਧੀ ਜੋ ਵੀ ਦਿੱਕਤ ਹੈ, ਉਹ ਛੇਤੀ ਦੂਰ ਹੋ ਜਾਵੇਗੀ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਭਲਾਈ ਦੇ ਮੱਦੇਨਜ਼ਰ 10 ਹਜ਼ਾਰ ਕਰੋੜ ਤੋਂ ਵੱਧ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਸੂਬੇ ਵਿੱਚ ਅਨੁਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਕੁਮਾਰ ਗਰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …