ਰਜਿਸਟਰੀਆਂ ਬੰਦ ਕਰਨ ਦੀ ਥਾਂ ਬਿਲਡਰਾਂ ਨੂੰ ਮਿਲਦੀ ਛੋਟ ਰੱਦ ਕਰਨ ਦੀ ਮੰਗ ਉੱਠੀ

ਨਬਜ਼-ਏ-ਪੰਜਾਬ, ਮੁਹਾਲੀ, 20 ਨਵੰਬਰ:
ਕੌਂਸਲ ਆਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਅਤੇ ਸੁਸਾਇਟੀਜ਼ (ਮੈਗਾ) ਮੁਹਾਲੀ ਨੇ ਮੰਗ ਕੀਤੀ ਹੈ ਕਿ ਗਮਾਡਾ ਵੱਲੋਂ ਆਮ ਲੋਕਾਂ ਦੀਆਂ ਰਜਿਸਟਰੀਆਂ ਬੰਦ ਕਰਨ ਦੀ ਥਾਂ ਬਿਲਡਰਾਂ ਨੂੰ ਮਿਲਦੀ ਪਾਪਰਾ ਦੀ ਛੋਟ ਰੱਦ ਕੀਤੀ ਜਾਵੇ। ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਆਂਸਲ ਦੇ ਸੈਕਟਰ-114 ਵਿੱਚ ਹੋਈ ਸਾਂਝੀ ਮੀਟਿੰਗ ਦੌਰਾਨ ਵੱਖ-ਵੱਖ ਪ੍ਰਾਈਵੇਟ ਸੈਕਟਰਾਂ ਦੀਆਂ 19 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਵਿੱਚ ਪ੍ਰਾਈਵੇਟ ਸੈਕਟਰ ਦੇ ਬਾਸ਼ਿੰਦਿਆਂ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ।
ਗਮਾਡਾ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਬਿਲਡਰਾਂ ਦੀਆਂ ਖ਼ਾਮੀਆਂ ਦਾ ਖ਼ਮਿਆਜ਼ਾ ਇੱਥੋਂ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਨੇ ਈਡੀਸੀ ਦੇ ਡਿਫਾਲਟਰ ਬਿਲਡਰਾਂ ਦੇ ਸੈਕਟਰਾਂ ਦੀਆਂ ਰਜਿਸਟਰੀਆਂ ਬੰਦ ਕਰਨ ਦਾ ਜੋ ਫ਼ੈਸਲਾ ਲਿਆ ਹੈ ਉਸ ਦਾ ਬਿਲਡਰਾਂ ਨੂੰ ਕੋਈ ਨੁਕਸਾਨ ਨਹੀਂ ਹੈ, ਬਲਕਿ ਆਮ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਕੌਂਸਲ ਆਗੂਆਂ ਨੇ ਗਮਾਡਾ ਤੋਂ ਮੰਗ ਕੀਤੀ ਕਿ ਲੋਕ ਵਿਰੋਧੀ ਫ਼ੈਸਲੇ ਲੈਣ ਦੀ ਬਜਾਏ ਗਮਾਡਾ ਇਨ੍ਹਾਂ ਬਿਲਡਰਾਂ ਨੂੰ ਲੰਮੇ ਸਮੇਂ ਤੋਂ ਮਿਲ ਰਹੀ ਪਾਪਰਾ ਛੋਟ ਨੂੰ ਰੱਦ ਕਰੇ ਤਾਂ ਕਿ ਬਿਲਡਰ ਠੀਕ ਢੰਗ ਨਾਲ ਠੀਕ ਕੰਮ ਕਰਨ ਲਈ ਮਜਬੂਰ ਹੋਣ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰਾਂ ਦੇ ਬਿਲਡਰਾਂ ਤੋਂ ਗਮਾਡਾ ਜੋ ਈਡੀਸੀ ਪ੍ਰਾਪਤ ਕਰ ਚੁੱਕਿਆ ਹੈ, ਉਸ ਬਦਲੇ ਇਨ੍ਹਾਂ ਸੈਕਟਰਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਨਹੀਂ ਹੋਇਆ। ਜਿਸ ਕਾਰਨ ਇਨ੍ਹਾਂ ਸੈਕਟਰਾਂ ਦੀ ਚੰਡੀਗੜ੍ਹ ਅਤੇ ਮੁਹਾਲੀ ਦੇ ਹੋਰਨਾਂ ਸੈਕਟਰਾਂ ਨਾਲ ਕਨੈਕਟੀਵਿਟੀ ਨਹੀਂ ਹੋ ਸਕੀ।
ਕੌਂਸਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਗਮਾਡਾ ਦੇ ਉੱਚ ਅਧਿਕਾਰੀਆਂ ਤੋਂ ਇਸ ਗੱਲ ਦੀ ਵੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਕਿ ਬਿਲਡਰਾਂ ਨੇ ਕਿਸ ਰੇਟ ਤੇ ਈਡੀਸੀ ਇਕੱਠੀ ਕੀਤੀ ਹੈ ਅਤੇ ਗਮਾਡਾ ਕੋਲ ਕਿਸ ਰੇਟ ਨੂੰ ਜਮਾ ਕਰਵਾਈ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਨ੍ਹਾਂ ਬਿਲਡਰਾਂ ਨੂੰ ਆਪਣੇ ਪ੍ਰਾਜੈਕਟ ਸਮਾਂਬੱਧ ਸੀਮਾ ਵਿੱਚ ਪੂਰਨ ਤੌਰ ਤੇ ਕੰਪਲੀਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਦੇ ਖੇਤਰ ਵਿੱਚ ਜੋ ਜ਼ਮੀਨਾਂ ਬਿਲਡਰ ਨਹੀਂ ਖ਼ਰੀਦ ਸਕੇ ਉਨ੍ਹਾਂ ਜ਼ਮੀਨਾਂ ਨੂੰ ਗਮਾਡਾ ਐਕਵਾਇਰ ਕਰਕੇ ਬਿਲਡਰ ਨੂੰ ਸੌਂਪੇ ਅਤੇ ਜਿਹੜੇ ਬਿਲਡਰ ਆਪਣੇ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ ਅਨੁਸਾਰ ਮੁਕੰਮਲ ਨਹੀਂ ਕਰਦੇ ਜਾਂ ਕਿਸੇ ਕਾਰਨ ਡਿਫਾਲਟਰ ਹਨ ਉਨ੍ਹਾਂ ਨੂੰ ਪੰਜਾਬ ਵਿੱਚ ਕਿਸੇ ਵੀ ਹੋਰ ਨਵੇਂ ਪ੍ਰੋਜੈਕਟ ਦੀ ਮਨਜ਼ੂਰੀ ਨਾ ਦਿੱਤੀ ਜਾਵੇ।
ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਥਾਨਕ ਲੋਕਾਂ ਨੂੰ ਗਮਾਡਾ ਅਤੇ ਬਿਲਡਰਾਂ ਦੀ ਲੁੱਟ ਤੋਂ ਬਚਾਉਣ ਲਈ ਇਨ੍ਹਾਂ ਸੈਕਟਰਾਂ ਨੂੰ ਮੁਹਾਲੀ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਇਸ ਸਬੰਧੀ ਜਲਦੀ ਹੀ ਗਮਾਡਾ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਲਿਖਤੀ ਮੰਗ ਪੱਤਰ ਦਿੱਤੇ ਜਾਣਗੇ। ਜੇਕਰ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਗਮਾਡਾ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਆਂਸਲ ਤੋਂ ਪਾਲ ਸਿੰਘ ਰੱਤੂ, ਮੁਨੀਸ਼ ਬਾਂਸਲ, ਭੁਪਿੰਦਰ ਸਿੰਘ ਸੈਣੀ, ਟੀਡੀਆਈ-2 ਤੋਂ ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ ਢਿੱਲੋਂ, ਐਮਐਲ ਸ਼ਰਮਾ, ਸੁਰਿੰਦਰ ਸਿੰਘ, ਪ੍ਰੀਤ ਸਿਟੀ ਤੋਂ ਦਲਜੀਤ ਸੈਣੀ, ਨਰਿੰਦਰ ਬਾਠ, ਕਵਰ ਸਿੰਘ ਗਿੱਲ, ਵੇਵ ਅਸਟੇਟ ਤੋਂ ਅਮਰਜੀਤ ਸਿੰਘ ਤੇ ਮਨੋਜ ਸ਼ਰਮਾ, ਟੀਡੀਆਈ-1 ਤੋਂ ਸੁਮਿਕਸ਼ਾ ਸੂਦ, ਐਡਵੋਕੇਟ ਗੌਰਵ ਗੋਇਲ ਤੇ ਮਨੀਸ਼ ਗੁਪਤਾ, ਜੇਟੀਪੀਐਲ ਤੋਂ ਜਸਜੀਤ ਸਿੰਘ ਮਿਨਹਾਸ, ਆਰਕੇਐਮ ਤੋਂ ਚਮਨ ਲਾਲ ਗਿੱਲ, ਯੂਨੀਟੈੱਕ ਤੋਂ ਵੱਸਣ ਸਿੰਘ ਗੋਰਾਇਆ ਅਤੇ ਐਮਆਰ ਤੋਂ ਬੀਆਰ ਕ੍ਰਿਸ਼ਨਾ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…