ਵਿਧਾਨ ਸਭਾ ਚੋਣਾਂ: ਪਾਰਟੀਆਂ ਦੀ ਥਾਂ ਉਮੀਦਵਾਰਾਂ ਦੇ ਕੰਮ ਤੇ ਸ਼ਖਸੀਅਤ ਦੇ ਅਧਾਰ ’ਤੇ ਵੋਟ ਪਾਉਣ ਲੋਕ: ਭਾਈ ਹਰਦੀਪ ਸਿੰਘ

ਜਲਾਲਾਬਾਦ ਤੇ ਲੰਬੀ ਤੋਂ ਬਾਦਲਾਂ ਅਤੇ ਰਾਮਪੁਰਾ ਫੂਲ ਵਿੱਚ ਮਲੂਕਾ ਨੂੰ ਪਛਾੜਨ ਲਈ ਵਿਰੋਧੀ ਵੋਟਾਂ ਨੂੰ ਵੰਡੇ ਜਾਣ ਤੋਂ ਰੋਕਣਾ ਜਰੂਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਸਿੰਘ ਸਭਾ ਪੰਜਾਬ ਦੇ ਕਨਵੀਨਰ ਅਤੇ ਸ਼੍ਰੋਮਣੀ ਕਮੇਟੀ ਦੇ ਅਜ਼ਾਦ ਮੈਂਬਰ ਭਾਈ ਹਰਦੀਪ ਸਿੰਘ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਖਾਂ ਬੰਦ ਕਰਕੇ ਕਿਸੇ ਇੱਕ ਪਾਰਟੀ ਨੂੰ ਵੋਟਾਂ ਪਾਉਣ ਦੀ ਥਾਂ ਪਾਰਟੀ ਸਫਾਂ ਤੋਂ ਉੱਪਰ ਹੋ ਕੇ ਉਮੀਦਵਾਰਾਂ ਦੇ ਕੀਤੇ ਕੰਮਾਂ, ਸ਼ਖਸੀਅਤ, ਮਿਲਵਰਤਨ ਅਤੇ ਸਹਿਚਾਰ ਦੇ ਅਧਾਰ ਤੇ ਵੋਟਾਂ ਪਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਰਾਹੀਂ ਜਿੱਥੇ ਚੰਗੇ ਲੋਕਾਂ ਦਾ ਪੰਜਾਬ ਵਿਧਾਨ ਸਭਾ ਵਿੱਚ ਪਹੁੰਚਣਾ ਜਰੂਰੀ ਹੈ ਉੱਥੇ ਪੰਜਾਬ ਵਿਰੋਧੀ ਉਮੀਦਵਾਰਾਂ ਦਾ ਹਾਰਨਾ ਵੀ ਜਰੂਰੀ ਹੈ।
ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਐਸਜੀਪੀਸੀ ਮੈਂਬਰ ਨੇ ਕਿਹਾ ਕਿ ਇਸ ਸੋਚ ਨੂੰ ਆਧਾਰ ਬਣਾ ਕੇ ਸਿੰਘ ਸਭਾ ਪੰਜਾਬ ਵੱਲੋਂ ਹੋਰ ਹਮ ਖਿਆਲ ਸਮਾਜਿਕ ਅਤੇ ਪੰਥਕ ਜਥੇਬੰਦੀਆਂ ਨਾਲ ਮਸ਼ਵਰਾਂ ਕਰਕੇ ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਐਚ.ਐਸ. ਫੂਲਕਾ, ਖਰੜ ਤੋਂ ਕੰਵਰ ਸਿੰਘ ਸੰਧੂ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਲੁਧਿਆਣਾ ਤੋਂ ਬਲਵਿੰਦਰ ਸਿੰਘ ਬੈਂਸ, ਸਿਮਰਨਜੀਤ ਸਿੰਘ ਬੈਂਸ, ਰਾਜਾਸਾਂਸੀ ਤੋਂ ਜਗਜੋਤ ਸਿੰਘ ਖਾਲਸਾ ਅਤੇ ਕਾਂਗਰਸ ਦੇ ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ, ਜਲੰਧਰ ਤੋਂ ਪ੍ਰਗਟ ਸਿੰਘ ਅਤੇ ਮਜੀਠਾ ਤੋਂ ਲਾਲੀ ਮਜੀਠੀਆ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਮਦਦ ਦਾ ਕਾਰਨ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਪੰਜਾਬ ਅਤੇ ਪੰਥ ਦੇ ਹੱਕ ਵਿੱਚ ਪਾਇਆ ਵਿਸ਼ੇਸ਼ ਯੋਗਦਾਨ ਹੈ।
ਭਾਈ ਹਰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਲੰਬੀ ਅਤੇ ਜਲਾਲਾਬਾਦ ਤੋਂ ਬਾਦਲਾਂ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਪਛਾੜਨ ਲਈ ਵਿਰੋਧੀ ਵੋਟਾਂ ਨੂੰ ਵੰਡੇ ਜਾਣ ਤੋਂ ਰੋਕਣਾ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਰਾਜਸੀ ਤਾਕਤ ਦੀ ਦੁਰਵਰਤੋਂ ਨੇ ਪੰਜਾਬ ਅਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲੜ ਰਹੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਦੀ ਕਾਰਜਸ਼ੈਲੀ ਇੱਕੋ ਜਿਹੀ ਹੈ, ਇਸ ਲਈ ਪਾਰਟੀਆਂ ਬਦਲਣ ਨਾਲ ਹਾਲਾਤ ਨਹੀਂ ਬਦਲ ਸਕਦੇ ਅਤੇ ਹਾਲਾਤ ਬਦਲਣ ਲਈ ਮੁੱਦਿਆਂ ਅਤੇ ਉਮੀਦਵਾਰਾਂ ਦੇ ਅਧਾਰ ਤੇ ਫੈਸਲੇ ਲੈਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਨਵੀਂ ਉੱਭਰੀ ਆਮ ਆਦਮੀ ਪਾਰਟੀ ਦੀ ਭਰੋਸੇਯੋਗਤਾ ਵੀ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਹੈ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…