
ਦਸਵੀਂ ਅਤੇ ਬਾਰ੍ਹਵੀਂ ਦੀਆਂ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਲਈ ਡੀਈਓਜ਼ ਨੂੰ ਹਦਾਇਤਾਂ ਜਾਰੀ
ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ 22 ਅਪਰੈਲ ਅਤੇ ਦਸਵੀਂ ਦੀ ਪ੍ਰੀਖਿਆ 29 ਅਪਰੈਲ ਤੋਂ ਹਵੇਗੀ ਸ਼ੁਰੂ
ਸਿੱਖਿਆ ਬੋਰਡ ਨੇ ਬਾਰਵੀਂ ਦੇ ਸਵਾ 3 ਲੱਖ ਬੱਚਿਆਂ ਲਈ 2318 ਪ੍ਰੀਖਿਆ ਕੇਂਦਰ ਬਣਾਏ
ਦਸਵੀਂ ਦੇ 3.33 ਲੱਖ ਵਿਦਿਆਰਥੀਆਂ ਲਈ 2668 ਪ੍ਰੀਖਿਆ ਕੇਂਦਰ ਬਣਾਏ,
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 22 ਅਪਰੈਲ ਤੋਂ ਸ਼ੁਰੂ ਹੋ ਰਹੀਆਂ ਬਾਰ੍ਹਵੀਂ ਸ਼੍ਰੇਣੀ ਅਤੇ 29 ਅਪਰੈਲ ਤੋਂ ਦਸਵੀਂ ਸ਼੍ਰੇਣੀ ਦੀਆਂ ਟਰਮ-2 ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਚਰਚਾ ਕੀਤੀ ਗਈ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ-ਕਮ-ਸਕੱਤਰ ਡਾ. ਵਰਿੰਦਰ ਭਾਟੀਆ ਨੇ ਪ੍ਰੀਖਿਆਵਾਂ ਸਬੰਧੀ ਅਗਾਊਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪ੍ਰੀਖਿਆਵਾਂ ਦੌਰਾਨ ਨਕਲ ਰੋਕਣ ਸਬੰਧੀ ਸਖ਼ਤ ਕਦਮ ਚੁੱਕਣ ਲਈ ਹਦਾਇਤਾਂ ਕੀਤੀਆਂ ਗਈਆਂ। ਹੀ ਉਨ੍ਹਾਂ ਨੇ ਪ੍ਰੀਖਿਆਵਾਂ ਵਿੱਚ ਤਾਇਨਾਤ ਅਮਲੇ ਨੂੰ ਹਦਾਇਤ ਕੀਤੀ ਕਿ ਪ੍ਰੀਖਿਆਰਥੀਆਂ ਨੂੰ ਤਣਾਅ ਮੁਕਤ ਮਾਹੌਲ ਪ੍ਰਦਾਨ ਕੀਤਾ ਜਾਵੇ ਤਾਂ ਜੋ ਉਹ ਪ੍ਰੀਖਿਆ ਵਿੱਚ ਬਿਹਤਰ ਕਾਰਗੁਜ਼ਾਰੀ ਦਿਖਾ ਸਕਣ।
ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਜਾਣਕਾਰੀ ਦਿੱਤੀ ਕਿ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ 3 ਲੱਖ 20 ਹਜ਼ਾਰ 801 ਵਿਦਿਆਰਥੀ ਅਪੀਅਰ ਹੋ ਰਹੇ ਹਨ। ਜਿਨ੍ਹਾਂ ਲਈ ਕੁੱਲ 2318 ਪ੍ਰੀਖਿਆ ਕੇਂਦਰ ਅਤੇ ਦਸਵੀਂ ਸ਼੍ਰੇਣੀ ਵਿੱਚ 3 ਲੱਖ 33 ਹਜ਼ਾਰ 479 ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ ਅਤੇ ਕੁੱਲ 2668 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਪ੍ਰੀਖਿਆ ਅਮਲੇ ਨੂੰ ਹਦਾਇਤ ਕੀਤੀ ਕਿ ਸੰਪੂਰਨ ਪ੍ਰੀਖਿਆ ਕੇਂਦਰਾਂ ਦੇ 300 ਮੀਟਰ ਦੇ ਘੇਰੇ ਵਿੱਚ ਧਾਰਾ 144 ਲਾਗੂ ਰਹੇਗੀ। ਜੇਕਰ ਫਿਰ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਸਬੰਧੀ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਅਖੀਰ ਵਿੱਚ ਵਾਈਸ ਚੇਅਰਮੈਨ ਅਤੇ ਕੰਟਰੋਲਰ (ਪ੍ਰੀਖਿਆਵਾਂ) ਨੇ ਸੂਬੇ ਦੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਾਲਾਨਾ ਪ੍ਰੀਖਿਆਵਾਂ ਲਈ ਸ਼ੱੁਭ ਇੱਛਾਵਾਂ ਦਿੰਦੇ ਹੋਏ ਪ੍ਰੀਖਿਆ ਅਮਲੇ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਕਿਹਾ।