
ਬੁੱਧੀਜੀਵੀਆਂ ਅਤੇ ਨੌਜਵਾਨਾਂ ਵੱਲੋਂ ਨਸ਼ਿਆਂ ਵਿਰੁੱਧ ਵਿਚਾਰ ਗੋਸ਼ਟੀ
ਨਸ਼ਿਆਂ ਨੂੰ ਖ਼ਤਮ ਕਰਨ ਲਈ ਹਰ ਵਿਅਕਤੀ ਵੱਲੋਂ ਭੂਮਿਕਾ ਨਿਭਾਉਣੀ ਜ਼ਰੂਰੀ: ਧਨੋਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵੱਲੋਂ ਪੰਜਾਬ ਵਿੱਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ ਦੇ ਖ਼ਾਤਮੇ ਲਈ ਬੁੱਧੀਜੀਵੀਆਂ ਅਤੇ ਨੌਜਵਾਨਾਂ ਦਾ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਦੌਰਾਨ ਬੁੱਧੀਜੀਵੀਆਂ ਅਤੇ ਨੌਜਵਾਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ। ਇਕੱਠ ਵਿੱਚ ਇਸ ਗੱਲ ’ਤੇ ਵਿਚਾਰ ਚਰਚਾ ਹੋਈ ਕਿ ਕੈਮੀਕਲ ਨਸ਼ੇ ਜਿਨ੍ਹਾਂ ਦੇ ਭੈੜੇ ਨਤੀਜਿਆਂ ਤੋਂ ਨੌਜਵਾਨ ਵਰਗ ਭਲੀ ਪ੍ਰਕਾਰ ਜਾਣੂ ਹੈ, ਫਿਰ ਕਿਉਂ ਨੌਜਵਾਨ ਇਸ ਵੱਲ ਆਕਰਸ਼ਿਤ ਹੁੰਦੇ ਹਨ? ਇਸ ਮੌਕੇ ਮਿਉਂਸਪਲ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਸਾਬਕਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਮੁਹਾਲੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਸ ਮੌਕੇ ਪੰਜਾਬੀ ਵਿਰਸਾ ਅਤੇ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਅਤੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਇਕੱਲੀ ਸਰਕਾਰ ਹੀ ਨਹੀਂ ਸਗੋਂ ਲੋਕਾਂ ਨੂੰ ਆਪ ਤਨਦੇਹੀ ਨਾਲ ਇਸ ਕੋਹੜ ਨੂੰ ਖ਼ਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪ੍ਰਾਈਮਰੀ ਸਕੂਲਾਂ ਤੋੱ ਹੀ ਬੱਚਿਆਂ ਨੂੰ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਰੋਜ਼ਾਨਾ ਕੁਝ ਸਮਾਂ ਇਸ ਵਿਸ਼ੇ ’ਤੇ ਲਗਾਉਣਾ ਚਾਹੀਦਾ ਹੈ। ਤਾਂ ਕਿ ਇਸ ਕੋਹੜ ਦੀ ਪੈੜ ਸਕੂਲ ਪੱਧਰ ਤੋਂ ਹੀ ਨੱਪੀ ਜਾ ਸਕੇ।
ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਨੂੰ ਵੀ ਕਥਾ ਕੀਰਤਨ ਦੇ ਨਾਲ ਨਾਲ ਕੁਝ ਸਮਾਂ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਦੇਣ ਲਈ ਰੱਖਣਾ ਚਾਹੀਦਾ ਹੈ। ਰੰਗਮੰਚ ਅਤੇ ਨੁੱਕੜ ਕਲਾਕਾਰਾਂ ਰਾਹੀਂ ਵੀ ਇਸ ਕੋਹੜ ਵਿਰੁੱਧ ਜਾਗਰੂਕਤਾ ਫੈਲਾਈ ਜਾ ਸਕਦੀ ਹੈ। ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਨਾਟਕ ਖੇਡਣ ਦੇ ਰੁਝਾਨ ਵੱਡੇ ਪੱਧਰ ਤੇ ਹੋਣੇ ਚਾਹੀਦੇ ਹਨ। ਵੇਖਣ ਵਿੱਚ ਆਇਆ ਹੈ ਕਿ ਅਜੋਕੀ ਗਾਇਕੀ ਦੇ ਦੌਰ ਵਿੱਚ ਜਿਆਦਾਤਰ ਗੀਤ ਨਸ਼ਿਆਂ ਨੂੰ ਪ੍ਰਮੋਟ ਕਰਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਇਨ੍ਹਾਂ ਗਾਇਕਾਂ ਦਾ ਪੂਰਨ ਬਾਈਕਾਟ ਕਰਨਾ ਚਾਹੀਦਾ ਹੈ। ਜਿਹੜੇ ਗਾਇਕ ਨਸ਼ਿਆਂ ਦੇ ਖ਼ਿਲਾਫ਼ ਗਾਉਂਦੇ ਹਨ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਅਤੇ ਪ੍ਰੋਮੋਟ ਕਰਨਾ ਚਾਹੀਦਾ ਹੈ।
ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਰਕਾਰੀ ਸਕੂਲਾਂ ਵਿੱਚ ਖੇਡਾਂ ਸਬੰਧੀ ਗਰਾਉਡ ਬਣਾਏ ਜਾਣ ਅਤੇ ਗਰਾਉਡ ਨਾ ਹੋਣ ਦੀ ਸੂਰਤ ਵਿੱਚ ਸਟੇਡੀਅਮਾਂ ਵਿੱਚ ਸਕੂਲਾਂ ਵੱਲੋਂ ਬੱਚਿਆਂ ਦੇ ਖੇਡਣ ਦੀ ਵਿਵਸਥਾ ਫਰੀ ਕੀਤੀ ਜਾਵੇ। ਸਰਕਾਰ ਨੂੰ ਚਾਹੀਦਾ ਹੈ ਸਕੂਲਾਂ ਵਿੱਚ ਖੇਡਾਂ ਸਬੰਧੀ ਫੰਡ ਸਹੀ ਤਰੀਕੇ ਨਾਲ ਮੁਹੱਈਆ ਕਰਾਵੇ।
ਇਸ ਮੌਕੇ ਕਿਹਾ ਕਿ ਨੌਜਵਾਨ ਬੱਚਿਆਂ ਵੱਲ ਖਾਸ ਧਿਆਨ ਦਿੱਤਾ ਜਾਵੇ। ਕਿਤੇ ਵੀ ਅਸਫ਼ਲ ਹੋਣ ਦੀ ਸੂਰਤ ਵਿੱਚ ਉਨ੍ਹਾਂ ਦਾ ਹੌਸਲਾ ਵਧਾਇਆ ਜਾਵੇ ਅਤੇ ਹੋਰ ਕੋਸ਼ਿਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਰੋਜ਼ਗਾਰ ਨਾ ਹੋਣ ਦੀ ਸੂਰਤ ਵਿੱਚ ਵੀ ਮਾਪਿਆਂ ਵੱਲੋੱ ਸਹਿਯੋਗ ਮਿਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਵੋਟਾਂ ਵੇਲੇ ਜ਼ਿਆਦਾ ਖਰਚਾ ਕਰਦੇ ਹਨ, ਨਸ਼ਿਆਂ ਦੀ ਬੇਹਿਸਾਬ ਵਰਤੋਂ ਕਰਦੇ ਹਨ, ਵੋਟਰ ਇੱਥੇ ਇਹ ਧਿਆਨ ਰੱਖਣ ਕਿ ਅਜਿਹੇ ਉਮੀਦਵਾਰ ਕੀਤੇ ਗਏ ਬੇਹਿਸਾਬ ਖਰਚੇ, ਕਈ ਗੁਣਾ ਵੱਧ ਜਨਤਾ ਤੋਂ ਹੀ ਪੂਰੇ ਕਰਦੇ ਹਨ। ਇਸ ਵਿੱਚ ਨਸ਼ਿਆਂ ਦੇ ਐੱਗਲ ਤੋੱ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜੇਕਰ ਸਾਡੇ ਬੱਚੇ ਨਸ਼ੇ ਵਿੱਚ ਮਰਦੇ ਹਨ ਤਾਂ ਇਨ੍ਹਾਂ ਨੇਤਾਵਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਉਨ੍ਹਾਂ ਦੇ ਕਾਰੋਬਾਰ ਦਿਨ ਦੁੱਗਣੀ-ਰਾਤ ਚੌਗੁਣੀ ਤਰੱਕੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਪਿਆਂ ਦੇ ਬੱਚੇ ਨਸ਼ਿਆਂ ਵਿੱਚ ਗਲਤਾਨ ਹਨ ਉਨ੍ਹਾਂ ਮਾਪਿਆਂ ਦੀ ਆਰਥਿਕ ਤਰੱਕੀ, ਵੱਡੇ ਬਿਜਨਸ ਅਤੇ ਸਮਾਜਿਕ ਤਰੱਕੀਆਂ ਕਿਤੇ ਵੀ ਮਾਇਨੇ ਨਹੀਂ ਰੱਖਦੀਆਂ। ਸਰਕਾਰਾਂ ਨੂੰ ਚਾਹੀਦਾ ਹੈ ਕਿ ਨਸ਼ਿਆਂ ਵਿਰੁੱਧ ਐਮ ਐਲ ਏ ਅਤੇ ਹੋਰ ਅਧਿਕਾਰੀਆਂ ਦੀ ਜਵਾਬਦੇਹੀ ਤਹਿ ਕੀਤੀ ਜਾਵੇ। ਅਤੇ ਉਨ੍ਹਾਂ ਤੋਂ ਹਰ ਮਹੀਨੇ ਇਸ ਸਬੰਧੀ ਰਿਪੋਰਟ ਲਈ ਜਾਵੇ। ਨਸ਼ੇ ਵੇਚਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ।
ਇਸ ਮੌਕੇ ਸੁਖਦੇਵ ਸਿੰਘ ਵਾਲੀਆ, ਇੰਜ. ਪੀ ਐਸ ਵਿਰਦੀ, ਐਮਡੀਐਸ ਸੋਢੀ, ਰਜਿੰਦਰ ਸਿੰਘ ਬੈਦਵਾਨ, ਜਗਤਾਰ ਸਿੰਘ ਬੈਨੀਪਾਲ, ਕੁਲਦੀਪ ਸਿੰਘ ਭਿੰਡਰ, ਕੁਲਵਿੰਦਰ ਸਿੰਘ ਤੂਰ, ਇੰਦਰਪਾਲ ਸਿੰਘ ਧਨੋਆ, ਅਕਾਸ਼ਦੀਪ ਸਿੰਘ, ਹਰਪਾਲ ਸਿੰਘ, ਜਸਰਾਜ ਸਿੰਘ ਸੋਨੂੰ, ਹਰਮਿੰਦਰ ਸਿੰਘ ਸੈਣੀ, ਹਰਮਿੰਦਰ ਸਿੰਘ, ਰੇਸ਼ਮ ਸਿੰਘ, ਪ੍ਰੀਤਮ ਸਿੰਘ ਭੋਪਾਲ, ਕਰਨਲ ਡੀ.ਪੀ. ਸਿੰਘ, ਆਕਾਸ਼ਦੀਪ ਸਿੰਘ, ਅਵਤਾਰ ਸਿੰਘ ਸੈਣੀ, ਐਨ ਡੀ ਅਰੋੜਾ, ਪ੍ਰੀਤਮ ਸਿੰਘ, ਦਰਸ਼ਨ ਸਿੰਘ, ਸੁੰਨੀ ਕੰਡਾ, ਮੇਜਰ ਸਿੰਘ, ਕਰਮ ਸਿੰਘ ਮਾਵੀ, ਜਸਵੰਤ ਸਿੰਘ ਸੋਹਲ, ਗੁਰਮੇਲ ਸਿੰਘ, ਦਿਨੇਸ਼ ਸੈਣੀ, ਹਰਦੀਪ ਸਿੰਘ ਧਨੋਆ, ਰਵਿੰਦਰ ਰਾਣਾ, ਸੋਦਾਗਰ ਸਿੰਘ ਬੱਲੋਮਾਜਰਾ, ਗੁਰਦਿਆਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।