
ਇੰਟੈਲੀਜੈਂਸ ਵਿੰਗ ਵਿੱਚ ਚੋਰ ਦਰਵਾਜੇ ਰਾਹੀਂ 22 ਮੁਲਜ਼ਮਾਂ ਦੀ ਭਰਤੀ ’ਤੇ ਪਿਆ ਘਮਾਸਾਨ
ਪੰਜਾਬ ਕਾਂਗਰਸ ਕਰੇਗੀ ਚੋਣ ਕਮਿਸ਼ਨ ਤੇ ਰਾਜਪਾਲ ਨੂੰ ਸ਼ਿਕਾਇਤ: ਸੁਨੀਲ ਜਾਖੜ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਦਸੰਬਰ:
ਪੰਜਾਬ ਸਰਕਾਰ ਵੱਲੋਂ ਬੀਤੀ 22 ਦਸੰਬਰ ਨੂੰ ਚੋਰੀ ਛਿਪੇ ਇੰਟੈਲੀਜੈਂਸ ਵਿੰਗ ਵਿੱਚ 22 ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਕਾਂਗਰਸ ਨੇ ਜ਼ੋਰਦਾਰ ਵਿਰੋਧ ਪ੍ਰਗਟਾਇਆ ਹੈ। ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹ ਸਾਰੇ ਦਸਤਾਵੇਜ਼ ਦਿਖਾਏ ਜਿਸ ਮੁਤਾਬਕ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ ਇੰਟੈਲੀਜੈਂਸ ਵੱਲੋਂ 22 ਵਿਅਕਤੀਆਂ ਨੂੰ ਇੰਟੈਲੀਜੈਂਸ ਅਸਿਸਟੈਂਟ ਅਹੁਦੇ ’ਤੇ ਸਿਪਾਹੀ ਰੈਂਕ ’ਤੇ ਨਿਯੁਕਤੀ ਦੇ ਕੇ ਉਨ੍ਹਾਂ ਦੀ ਬਾਰਡਰ ਇਲਾਕੇ ਵਿੱਚ ਪੋਸਟਿੰਗ ਦੇ ਆਰਡਰ ਵੀ ਹੱਥੋਂ ਹੱਥ ਫੜ੍ਹਾ ਦਿੱਤੇ ਹਨ। ਇਨ੍ਹਾਂ ’ਚੋਂ 21 ਨਿਯੁਕਤੀਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚੋਣ ਹਲਕੇ ਜਲਾਲਾਬਾਦ ਵਿੱਚ ਰਹਿਣ ਵਾਲਿਆਂ ਦੀਆਂ ਕੀਤੀਆਂ ਗਈਆਂ ਹਨ, ਜਦੋਂ ਕਿ ਇਕ ਅਬੋਹਰ ਉਪ ਮੰਡਲ ਦਾ ਵਾਸੀ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਨਿਯੁਕਤੀ ਦਾ ਲਾਭ ਪਾਉਣ ਵਾਲਿਆਂ ਵਿੱਚ, ਅਰਨੀਵਾਲਾ ਨਗਰ ਪੰਚਾਇਤ ਦੇ ਪ੍ਰਧਾਨ ਸੁਖਦੇਵ ਸਿੰਘ ਅਰਨੀਵਾਲਾ, ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਪਿਆਰਾ ਸਿੰਘ ਤੇ ਅਰਨੀਵਾਲਾ ਸਰਕਲ ਦੇ ਪ੍ਰਧਾਨ ਨਿਸ਼ਾਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਬੋਹਰ ਦੇ ਨੇੜਲੇ ਪਿੰਡ ਬਹਾਵਵਾਲਾ ਦੇ ਜਥੇਦਾਰ ਕੌਰ ਸਿੰਘ ਦੇ ਬੇਟੇ ਸ਼ਾਮਲ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਹੁਣ ਤੱਕ ਹੋਈਆਂ ਬੇਨਿਯਮੀਆਂ ਦਾ ਰਿਕਾਰਡ ਤੋੜਦਿਆਂ ਗ੍ਰਹਿ ਵਿਭਾਗ ਦੇ ਮੁਖੀ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਚੋਣ ਹਲਕੇ ਦੇ ਵਰਕਰਾਂ ਦਾ ਚੋਣ ਜਾਬਤਾ ਲਾਗੂ ਹੋਣ ਤੋਂ ਕੁਝ ਸਮੇਂ ਪਹਿਲਾਂ ਸਰਕਾਰੀ ਨੌਕਰੀਆਂ, ਪ੍ਰਸ਼ਾਸਨਿਕ ਪ੍ਰੀਕ੍ਰਿਆ ਦੀਆਂ ਧੱਜੀਆਂ ਉਡਾਉਂਦਿਆਂ, ਦੇਣ ਦਾ ਜੋ ਇਤਿਹਾਸ ਰੱਚਿਆ ਹੈ, ਉਸ ਖਿਲਾਫ ਚੋਣ ਕਮਿਸ਼ਨ ਤੇ ਰਾਜਪਾਲ ਤੋਂ ਗੁਹਾਰ ਲਗਾਉਂਦਿਆਂ, ਅਜਿਹੇ ਸਾਰੇ ਸਿਆਸੀ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਭਰਤੀ ਦੇ ਬਹਾਨੇ ਪੰਜਾਬ ਸਰਕਾਰ ਨੇ ਸਾਢੇ 6 ਲੱਖ ਬੇਰੁਜ਼ਗਾਰ ਨੌਜ਼ਵਾਨਾਂ ਤੇ ਅੌਰਤਾਂ ਤੋਂ ਪੈਸੇ ਬਟੋਰੇ, ਜਦਕਿ 7 ਹਜ਼ਾਰ ਤੋਂ ਘੱਟ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣੇ ਸਨ। ਬਾਕੀ ਦੀ ਪ੍ਰੀਕਿਰਿਆ ਤਾਂ ਹਾਲੇ ਅਧੂਰੀ ਪਈ ਹੈ, ਲੇਕਿਨ 22 ਦਸੰਬਰ ਨੂੰ ਸਿਆਸੀ ਵਰਕਰਾਂ ਨੂੰ ਅਨੁਚਿਤ ਲਾਭ ਪਹੁੰਚਾਉਣ ਲਈ ਡਿਪਟੀ ਮੁੱਖ ਮੰਤਰੀ ਨੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਨਜਰਅੰਦਾਜ ਕਰਦਿਆਂ ਸਰਹੱਦੀ ਜ਼ਿਲ੍ਹਿਆਂ ’ਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ। ਸੱਤਾਧਾਰੀ ਅਕਾਲੀ ਦਲ ਨਾਲ ਜੁੜੇ ਪਰਿਵਾਰਾਂ ਤੋਂ ਇਹ ਉਮੀਦ ਰੱਖਣਾ ਵਿਅਰਥ ਹੈ ਕਿ ਉਹ ਸਰਹੱਦੀ ਇਲਾਕੇ ਦੀਆਂ ਅਨੁਚਿਤ ਗਤੀਵਿਧੀਆਂ ’ਤੇ ਨਜ਼ਰ ਰੱਖ ਪਾਉਣਗੇ।
ਸ੍ਰੀ ਜਾਖੜ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਫਾਜ਼ਿਲਕਾ ਨੇੜੇ ਬੀਤੇ ਦਿਨੀਂ ਧੁੰਦ ਕਾਰਨ ਸੜਕ ਹਾਦਸੇ ਵਿੱਚ 12 ਸਰਕਾਰੀ ਅਧਿਆਪਕਾਂ ਤੇ ਇਕ ਕਰੂਜਰ ਕਾਰ ਚਾਲਕ ਨੇ ਦਮ ਤੋੜ ਦਿੱਤਾ ਸੀ। ਜਿਨ੍ਹਾਂ ’ਚੋਂ ਸਿਰਫ 6 ਨੂੰ ਹੁਣ ਤੱਕ ਸਰਕਾਰੀ ਨੌਕਰੀ ਦਿੱਤੀ ਗਈ ਹੈ। ਜਦਕਿ ਸਿਆਸੀ ਵਰਕਰਾਂ ਦੇ ਬੇਟਿਆਂ ਨੂੰ ਨੌਕਰੀ ਦੇਣ ਲਈ ਸਰਕਾਰ ਹੱਦ ਤੋਂ ਵੱਧ ਫੁਰਤੀ ਦਿਖਾਈ ਹੈ। ਉਨ੍ਹਾਂ ਜੂਨੀਅਰ ਬਾਦਲ ਅਕਾਲੀ ਭਾਜਪਾ ਦਾ ਅੰਤ ਨਜ਼ਦੀਕ ਆਉਂਦੇ ਦੇਖ ਹੁਣ ਨਰਾਜ ਵਰਕਰਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਓਐਸਡੀ ਤੇ ਹੋਰ ਅਹੁਦਿਆਂ ’ਤੇ ਨਿਯੁਕਤ ਕਰ ਰਹੇ ਹਨ।
ਇਕ ਕਰੋੜ 41 ਲੱਖ ਲਾਭਪਾਤਰਾਂ ਨੂੰ ਸਸਤੀ ਦਾਲ ਮੁਹੱਈਆ ਕਰਵਾਉਣ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਤੋਂ ਕੀਤੀ ਜਾ ਰਹੀ ਇਸ਼ਤਿਹਾਰਬਾਜੀ ਨੂੰ ਚੁਣੌਤੀ ਦਿੰਦਿਆਂ, ਜਾਖੜ ਨੇ ਕਿਹਾ ਕਿ ਅਪ੍ਰੈਲ 2014 ’ਚ ਅੰਤਿਮ ਵਾਰ ਇਨ੍ਹਾਂ ਲਾਭਪਾਤਰਾਂ ਨੂੰ ਸਸਤੇ ਰੇਟ ਦੀ ਦਾਲ ਵੰਡੀ ਗਈ ਸੀ। ਹੁਣ ਝੂਠੇ ਦਾਅਵੇ ਕਰਕੇ ਬਾਦਲ ਪਰਿਵਾਰ ਲੱਖਾਂ ਲੋੜਵੰਦ ਲੋਕਾਂ ਦੇ ਜ਼ਖਮਾਂ ’ਤੇ ਲੂਣ ਛਿੜਕ ਰਿਹਾ ਹੈ। ਦਲਿਤਾਂ ਦੀ ਭਲਾਈ ਵਾਸਤੇ ਵੀ ਅਧਾਰਹੀਣ ਪ੍ਰਚਾਰ ਕਰਨ ਵਾਲੀ ਸਰਕਾਰ ਹੁਣ ਤੱਕ 500 ਕਰੋੜ ਰੁਪਏ ਦੇ ਵਜੀਫੇ ਜ਼ਾਰੀ ਨਹੀਂ ਕਰ ਪਾਈ, ਜਿਸਦਾ ਪਿਛਲੇ ਤਿੰਨ ਸਾਲਾਂ ਤੋਂ ਅਨੁਸੂਚਿਤ ਜਾਤੀ ਜਨਜਾਤੀ ਵਰਗ ਦੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਹਨ। ਵਜੀਫੇ ਦੀ ਰਾਸ਼ੀ ਜਾਰੀ ਨਾ ਹੋਣ ਕਾਰਨ ਕਈ ਸਿੱਖਿਅਕ ਸੰਸਥਾਵਾਂ ਵੀ ਬੰਦ ਹੋਣ ਕੰਢੇ ਪਹੁੰਚ ਗਈਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਸਰਕਾਰੀ ਧਾਂਦਲੀਆਂ ’ਤੇ ਵਿਰਾਮ ਲਗਾਉਣ ਲਈ ਬਗੈਰ ਕਿਸੇ ਦੇਰੀ ਚੋਣ ਜਾਬਤਾ ਲਾਗੂ ਕਰੇ ਅਤੇ ਸਾਰੀਆਂ ਸਰਕਾਰੀ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇ।