
ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਹਮਲਾ: ਹਮਲਾਵਰਾਂ ਨੇ ‘ਸਾਨੂੰ ਲਲਕਾਰਿਆਂ’, ਹਰ ਚੁਨੌਤੀ ਦਾ ਟਾਕਰਾ ਕਰਾਂਗੇ: ਡੀਜੀਪੀ
ਜਲਦੀ ਮਾਮਲਾ ਸੁਲਝਾ ਲਿਆ ਜਾਵੇਗਾ ਤੇ ਹਮਲਾਵਰ ਜੇਲ੍ਹ ’ਚ ਹੋਣਗੇ: ਡੀਜੀਪੀ ਵੀਕੇ ਭਾਵਰਾ
ਡੀਜੀਪੀ ਵੀਕੇ ਭਾਵਰਾ ਨੇ ਕਾਹਲੀ-ਕਾਹਲੀ ਵਿੱਚ ਮਹਿਜ਼ ਡੇਢ ਦੋ ਕੁ ਮਿੰਟ ਕੀਤੀ ਮੀਡੀਆ ਨਾਲ ਗੱਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਤੇ ਸੋਮਵਾਰ ਰਾਤ ਨੂੰ ਰਾਕੇਟ ਲਾਂਚਰ ਨਾਲ ਕੀਤੇ ਹਮਲੇ ਸਬੰਧੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਡੀਜੀਪੀ ਵੀ.ਕੇ. ਭਾਵਰਾ ਸਿੱਧਾ ਇੰਟੈਲੀਜੈਂਸ ਵਿੰਗ ਦੇ ਦਫ਼ਤਰ ਪਹੁੰਚੇ ਅਤੇ ਏਡੀਜੀਪੀ, ਆਈਜੀ, ਡੀਆਈਜੀ ਰੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਉੱਥੇ ਕਵਰੇਜ ਲਈ ਖੜੇ ਮੀਡੀਆ ਕਰਮੀਆਂ ਨਾਲ ਵੀ ਮਹਿਜ਼ ਡੇਢ ਦੋ ਕੁ ਮਿੰਟ ਗੱਲਬਾਤ ਕੀਤੀ। ਇਸ ਮੌਕੇ ਰੂਪਨਗਰ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਵਿਵੇਕਸ਼ੀਲ ਸੋਨੀ ਵੀ ਹਾਜ਼ਰ ਸਨ। ਪੁਲੀਸ ਨੇ ਘਟਨਾਂ ਨੂੰ ਅੰਜਾਮ ਦੇਣ ਲਈ ਟੀਐਨਟੀ ਬਾਰੂਦ ਦੀ ਵਰਤੋਂ ਕਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ।
ਡੀਜੀਪੀ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਨੂੰ ਵੱਡੀ ਲੀਡ ਮਿਲੀ ਹੈ ਅਤੇ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ ਅਤੇ ਹਮਲਾਵਰ ਬਹੁਤ ਜਲਦ ਹਵਾਲਾਤ ਵਿੱਚ ਬੰਦ ਨਜ਼ਰ ਆਉਣਗੇ। ਹਾਲਾਂਕਿ ਪੁਲੀਸ ਨੇ ਪੁੱਛਗਿੱਛ ਲਈ ਕਰੀਬ ਦਰਜਨ ਭਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੇ ਪ੍ਰੰਤੂ ਡੀਜੀਪੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਡੀਜੀਪੀ ਭਾਵਰਾ ਨੇ ਕਿਹਾ ਕਿ ਹਮਲਾਵਰਾਂ ਨੇ ਇਕ ਤਰ੍ਹਾਂ ਨਾਲ ‘ਸਾਨੂੰ ਲਲਕਾਰਿਆ’ ਹੈ ਪ੍ਰੰਤੂ ਪੰਜਾਬ ਪੁਲੀਸ ਇਸ ਚੁਨੌਤੀ ਦਾ ਤੜਕੇ ਹੋ ਕੇ ਟਾਕਰਾ ਕਰੇਗੀ। ਜਦੋਂ ਪੁਲੀਸ ਮੁਖੀ ਨੂੰ ਖ਼ਾਲਿਸਤਾਨ ਅਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਗੱਲ ਨੂੰ ਟਾਲ ਦਿੱਤਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਂਜ ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਸਿੱਟ ਬਣਾਈ ਗਈ ਹੈ। ਡੀਜੀਪੀ ਨੇ ਕਿਹਾ ਕਿ ਲੰਘੀ ਰਾਤ ਜਦੋਂ ਇਹ ਹਮਲਾ ਹੋਇਆ ਤਾਂ ਉਸ ਸਮੇਂ ਦਫ਼ਤਰ ਬੰਦ ਹੋਣ ਕਾਰਨ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਹੋ ਗਿਆ ਹੈ। ਧਮਾਕੇ ਨਾਲ ਸਿਰਫ਼ ਇਮਾਰਤ ਦੇ ਸ਼ੀਸ਼ੇ ਹੀ ਟੁੱਟੇ ਹਨ।