
ਗਣਿਤ ’ਚ ਰੁਚੀ ਵਧਾਉਣ ਦੇ ਮੰਤਵ ਨਾਲ ਵਿਦਿਆਰਥੀਆਂ ਦੇ ਇੰਟਰ ਕਾਲਜ ਮੁਕਾਬਲੇ
ਐੱਸਟੀਈਐੱਮ ਸਿੱਖਿਆ ਨੂੰ ਬੜ੍ਹਾਵਾ ਦੇਣ ਲਈ ਇੰਟਰ ਕਾਲਜ ਮੁਕਾਬਲੇ ਕਰਵਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ ਦੇ ਲਾਂਡਰਾਂ ਕੈਂਪਸ ਵਿਖੇ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐਸਟੀਈਐਮ) ਦੀ ਸਿੱਖਿਆ ਵਿੱਚ ਵਿਦਿਆਰਥੀਆਂ ਦੀ ਰੁਚੀ ਵਧਾਉਣ ਦੇ ਉਦੇਸ਼ ਨਾਲ ਇੰਟਰ ਕਾਲਜ ਮੁਕਾਬਲਾ ਕਰਵਾਇਆ ਗਿਆ। ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਰੁਪਿੰਦਰ ਕੌਰ ਨੇ ਉਦਘਾਟਨ ਕੀਤਾ। ਇਸ ਮੌਕੇ ਕੈਂਪਸ ਡਾਇਰੈਕਟਰ ਡਾ.ਪੀ.ਐਨ. ਰੀਸ਼ੀਕੇਸ਼ਾ, ਡਾਇਰੈਕਟਰ ਪ੍ਰਿੰਸੀਪਲ ਡਾ. ਸਨੇਹ ਬਾਂਸਲ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੁਕਾਬਲੇ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਸਪਾਂਸਰ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸੀਜੀਸੀ ਕਾਲਜ ਲਾਂਡਰਾਂ ਸਮੇਤ 10 ਕਾਲਜਾਂ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਵਿੱਚ ਮਾਡਲ ਬਣਾਉਣਾ ਅਤੇ ਪ੍ਰਦਰਸ਼ਿਤ ਕਰਨਾ, ਕੁਇਜ਼ ਮੁਕਾਬਲਾ, ਪੋਸਟਰ ਪੇਸ਼ਕਾਰੀਆਂ, ਵੱਖ-ਵੱਖ ਗਣਿਤਕ ਸਿਧਾਂਤਾਂ ਅਤੇ ਪਰਾਬਲਮ ਸਟੇਟਮੈਂਟਸ ਤੇ ਪਾਵਰ ਪੁਆਇੰਟ ਪੇਸ਼ਕਾਰੀਆਂ ਸ਼ਾਮਲ ਹਨ।

ਇਸ ਮੌਕੇ ਬੋਲਦਿਆਂ ਡਾ. ਸਨੇਹ ਬਾਂਸਲ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਮਹੱਤਤਾ ਸਮਝਾਉਂਦਿਆਂ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਆਪਣੀ ਰਚਨਾਤਮਿਕਤਾ ਵਧਾਉਣ, ਸਿੱਖਣ ਦੇ ਮੌਕੇ ਹਾਸਲ ਕਰਨ, ਯੁਵਾ ਦਿਮਾਗਾਂ ਨੂੰ ਆਲੋਚਨਾਤਮਿਕ ਤੌਰ ’ਤੇ ਸੋਚਣ ਅਤੇ ਨਵੀਆਂ ਖੋਜਾਂ ਨਾਲ ਅੱਗੇ ਆਉਣ ਲਈ ਪ੍ਰੇਰਿਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਗਣਿਤ ਪ੍ਰਤੀ ਆਪਣੇ ਦਿਲਚਸਪੀ ਨੂੰ ਪ੍ਰਾਜੈਕਟਾਂ ਰਾਹੀਂ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੇ ਵਿਚਾਰਾਂ ਅਨੁਸਾਰ ਇਸ ਨਾਲ ਨਾ ਸਿਰਫ਼ ਐੱਸਟੀਈਐੱਮ ਸਿੱਖਿਆ ਉਤਸ਼ਾਹਿਤ ਹੋਵੇਗੀ ਸਗੋਂ ਬਾਕੀ ਦੇ ਵਿਦਿਆਰਥੀ ਖ਼ਾਸ ਕਰਕੇ ਲੜਕੀਆਂ ਇਨ੍ਹਾਂ ਵਿਸ਼ਿਆਂ ਦੀ ਚੋਣ ਕਰਨ ਲਈ ਪ੍ਰੇਰਿਤ ਹੋਣਗੀਆਂ। ਅੰਤ ਵਿੱਚ ਇਨ੍ਹਾਂ ਮੁਕਾਬਲਿਆਂ ਦੇ ਵੱਖ-ਵੱਖ ਵਰਗਾਂ ਦੇ ਜੇਤੂਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।