
ਰਤਨ ਕਾਲਜ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਾਗਰੂਕਤਾ ’ਤੇ ਇੰਟਰ ਕਾਲਜ ਮੁਕਾਬਲੇ
ਵਿਸ਼ਵ ਕੁਦਰਤੀ ਸੰਭਾਲ ਦਿਵਸ ਮੌਕੇ ਵਿਦਿਆਰਥੀਆਂ ਨੇ ਬਣਾਏ ਵੱਖ-ਵੱਖ ਮਾਡਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਇੱਥੋਂ ਦੇ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਸੋਹਾਣਾ ਵੱਲੋਂ ਵਿਸ਼ਵ ਕੁਦਰਤੀ ਸੰਭਾਲ ਦਿਵਸ ਮੌਕੇ ਆਨਲਾਈਨ ਇੰਟਰ ਕਾਲਜ ਮੁਕਾਬਲੇ ਕਰਵਾਏ ਗਏ। ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਾਗਰੂਕਤਾ ਪ੍ਰਦਾਨ ਕਰਦੇ ਇਨ੍ਹਾਂ ਮੁਕਾਬਲਿਆਂ ਦਾ ਥੀਮ ਵੀ ਕੁਦਰਤੀ ਸਰੋਤਾਂ ਦੀ ਸੰਭਾਲ ਰੱਖਿਆ ਗਿਆ। ਰਤਨ ਕਾਲਜ ਦੀ ਪ੍ਰਿੰਸੀਪਲ ਡਾ. ਅੰਮ੍ਰਿਤਪਾਲ ਕੌਰ ਅਤੇ ਡਾ. ਮਨਦੀਪ ਕੌਰ ਦੀ ਦੇਖਰੇਖ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਈ-ਪੋਸਟਰ, ਈ-ਸਲੋਗਨ, ਬੈੱਸਟ ਆਫ਼ ਵੇਸਟ, ਸੈਲਫੀ ਵਿਦ ਨੇਚਰ ਈਵੈਂਟ ਰੱਖੇ ਗਏ। ਇਸ ਦਿਨ ਨੂੰ ਮਨਾਉਣ ਪਿੱਛੇ ਦਾ ਉਦੇਸ਼ ਉਨ੍ਹਾਂ ਕੁਦਰਤੀ ਸਰੋਤਾਂ, ਦਰਖਤਾਂ ਅਤੇ ਜੰਗਲੀ ਜਾਨਵਰਾਂ ਦੀ ਰਾਖੀ ਲਈ ਜਾਗਰੂਕਤਾ ਪੈਦਾ ਕਰਨਾ ਹੈ, ਜੋ ਧਰਤੀ ’ਤੇ ਅਲੋਪ ਹੋਣ ਦੀ ਰਾਹ ’ਤੇ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਖ਼ੂਬਸੂਰਤ ਪੇਸ਼ਕਾਰੀਆਂ, ਸਲੋਗਨ ਤੇ ਸੈਲਫੀਆਂ ਨਾਲ ਇਕ ਦੂਜੇ ਨੂੰ ਸਖ਼ਤ ਮੁਕਾਬਲਾ ਦਿੱਤਾ।
ਅਖੀਰ ਵਿੱਚ ਈ-ਪੋਸਟਰ ਮੁਕਾਬਲੇ ਵਿੱਚ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਬਾਦਲ ਦੀ ਪਾਰੂਲ ਨਾਗਪਾਲ ਅਤੇ ਆਰੀਆ ਕਾਲਜ, ਲੁਧਿਆਣਾ ਨੇ ਪਹਿਲੀ ਪੁਜ਼ੀਸ਼ਨ, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਚੰਡੀਗੜ੍ਹ ਨੇ ਦੂਜੀ ਪੁਜ਼ੀਸ਼ਨ ਅਤੇ ਜੀਐੱਚਜੀ ਇੰਸਟੀਚਿਊਟ ਆਫ਼ ਲਾਅ ਫਾਰ ਵਿਮੈਨ ਦੀ ਈਸ਼ਾ ਸੂਦ ਅਤੇ ਡੀਏਵੀ ਕਾਲਜ ਆਫ਼ ਐਜੂਕੇਸ਼ਨ, ਅਬੋਹਰ ਦੀ ਅਨੁਸ਼ਿਕਾ ਰਾਣੀ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਈ-ਸਲੋਗਨ ਮੁਕਾਬਲੇ ਵਿੱਚ ਦਸਮੇਸ਼ ਗਰਲਜ਼ ਕਾਲਜ, ਬਾਦਲ ਦੀ ਸ਼ਾਲੂ ਚਾਵਲਾ, ਜੀਐੱਚਜੀ ਇੰਸਟੀਚਿਊਟ ਆਫ਼ ਲਾਅ ਫਾਰ ਵਿਮੈਨ ਦੀ ਕੀਰਤੀ ਅਤੇ ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਬਾਦਲ ਦੀ ਨਵਨੀਤ ਕੌਰ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਬੈੱਸਟ ਆਊਟ ਆਫ਼ ਵੇਸਟ ਮੁਕਾਬਲੇ ਵਿੱਚ ਜੀਐੱਚਜੀ ਇੰਸਟੀਚਿਊਟ ਆਫ਼ ਲਾਅ ਫਾਰ ਵਿਮੈਨ, ਸਿਧਵਾਂ ਖ਼ੁਰਦ ਦੀ ਨਵਜੋਤ ਕੌਰ ਅਤੇ ਅੰਕਿਤ ਸਾਹਨੀ ਰਤਨ ਪ੍ਰੋਫੈਸ਼ਨਲ ਕਾਲਜ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਾਦਲ ਦੇ ਬਲਜਿੰਦਰ ਕੁਮਾਰ ਅਤੇ ਗੁਰੁ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਦੀ ਪ੍ਰਭਜੋਤ ਕੌਰ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਜਦੋਂਕਿ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਦੀ ਅਰਸ਼ਮੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੈਲਫੀ ਵਿਦ ਨੇਚਰ ਮੁਕਾਬਲੇ ਵਿੱਚ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਦੀ ਨੇਹਲ ਅਤੇ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੀ ਰੀਤਿਕਾ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਬੋਲਦਿਆਂ ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਅੱਜ ਵਿਸ਼ਵ ਪੱਧਰ ’ਤੇ ਵੱਖ-ਵੱਖ ਦੇਸ਼ਾਂ ਵਿੱਚ ਮੌਸਮਾਂ ਦੀ ਵੱਡੇ ਪੱਧਰ ਤੇ ਬਦਲਾਓ ਵੇਖੇ ਜਾ ਸਕਦੇ ਹਨ। ਜਿਸ ਦੇ ਵੱਡੇ ਪੱਧਰ ’ਤੇ ਹੜ ਅਤੇ ਸੋਕੇ ਦੀ ਮਾਰ ਝੱਲਣੀ ਪੈ ਰਹੀ ਹੈ। ਜੇਕਰ ਅੱਜ ਵੀ ਅਸੀਂ ਸੰਭਲ ਜਾਈਏ ਤਾਂ ਧਰਤੀ ਬਚਾਈ ਜਾ ਸਕਦੀ ਹੈ। ਕੁਦਰਤ ਦੇ ਖ਼ਤਰੇ ਜੰਗਲਾਂ ਦੀ ਕਟਾਈ, ਗ਼ੈਰਕਾਨੂੰਨੀ ਜੰਗਲੀ ਜੀਵਣ ਦਾ ਵਪਾਰ, ਪ੍ਰਦੂਸ਼ਣ, ਪਲਾਸਟਿਕ ਅਤੇ ਰਸਾਇਣਾ ਦੀ ਅੰਨੀ ਵਰਤੋਂ ਨਾਲ ਵਾਤਾਵਰਨ ਦਾ ਵੱਡੇ ਪੱਧਰ ’ਤੇ ਘਾਣ ਹੋ ਰਿਹਾ ਹੈ। ਇਸ ਲਈ ਕੁਦਰਤ ਦੀ ਸੰਭਾਲ ਬੇਹੱਦ ਜ਼ਰੂਰੀ ਹੋ ਜਾਂਦਾ ਹੈ।