Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਵਿੱਚ ਵਿਗਿਆਨ ਦਿਵਸ ’ਤੇ ਇੰਟਰ ਕਾਲਜ ਸਾਇੰਸ ਮੁਕਾਬਲੇ ਦਾ ਆਯੋਜਨ

ਸਾਇੰਸ ਮਾਡਲ ਮੇਕਿੰਗ ਮੁਕਾਬਲੇ ਵਿੱਚ ਸ਼ਿਵਾਲਿਕ ਇੰਸਟੀਚਿਊਟ ਦੀ ਨਵਨੀਤ ਕੌਰ ਅੱਵਲ

ਸਹਿ ਪਾਠਕ੍ਰਮ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਨਤੀਜਾ ਹੋ ਸਕਦੈ ਸਾਇੰਸ ਇਨੋਵੇਸ਼ਨ: ਡਾ. ਜਤਿੰਦਰ ਗਰੋਵਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਵਿਗਿਆਨ ਦਿਵਸ ਮੌਕੇ ‘ਕਮਿਊਨੀਕੇਟਿੰਗ ਸਾਇੰਸ ਫਾਰ ਆਲ’ ਵਿਸ਼ੇ ’ਤੇ ਇੰਟਰ ਕਾਲਜ ਸਾਇੰਸ ਮੁਕਾਬਲੇ ਦੇ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਪੰਜਾਬ ’ਚੋਂ 13 ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਗਿਆ। ਸਾਇੰਸ ਮਾਡਲ ਮੇਕਿੰਗ ਮੁਕਾਬਲੇ ਵਿੱਚ ਸ਼ਿਵਾਲਿਕ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ ਦੀ ਨਵਨੀਤ ਕੌਰ ਨੇ ਪਹਿਲਾ ਅਤੇ ਦੇਵ ਸਮਾਜ ਦੀ ਅੰਕਿਤਾ ਨੇ ਦੂਜਾ ਸਥਾਨ ਹਾਸਲ ਕੀਤਾ। ਐਮਸੀਐਮ ਡੀਏਵੀ ਕਾਲਜ ਦੀ ਦਿਕਸ਼ਾ ਪਰਾਸ਼ਰ ਨੇ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਵਿੱਚ ਪਹਿਲਾ ਅਤੇ ਸ਼ਿਵਾਲਿਕ ਇੰਸਟੀਚਿਊਟ ਦੀ ਗੀਤਾਂਜਲੀ ਨੇ ਦੂਜਾ ਸਥਾਨ ਹਾਸਲ ਕੀਤਾ। ਸੀਜੀਸੀ ਦੀਆਂ ਵਿਦਿਆਰਥਣਾਂ ਮਨੀਸ਼ਾ ਕੁਮਾਰੀ ਅਤੇ ਜੀਆ ਜੌਹਰੀ ਨੇ ਟੀ-ਸ਼ਰਟ ਪੇਂਟਿੰਗ ਅਤੇ ਫਾਈਲ ਕਵਰ ਮੇਕਿੰਗ ਵਿੱਚ ਕ੍ਰਮਵਾਰ ਪਹਿਲਾ ਸਥਾਨ ਹਾਸਲ ਕੀਤਾ।
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਚੀਨ ਸਮੇਂ ਤੋਂ ਲੈ ਕੇ ਮਸ਼ੀਨ ਯੁੱਗ ਤੱਕ ਗਲੋਬਲ ਵਾਰਮਿੰਗ ਦੇ ਆਧਾਰ ’ਤੇ ਹੋਈ ਜਲਵਾਯੂ ਤਬਦੀਲੀ ਨੂੰ ਦਰਸਾਉਂਦੇ ਇੱਕ ਨਾਟਕ ਦੀ ਪੇਸ਼ਕਾਰੀ ਨਾਲ ਹੋਈ। ਨਾਟਕ ਵਿੱਚ ਪ੍ਰਦੂਸ਼ਣ, ਓਜ਼ੋਨ ਪਰਤ ਦੇ ਘਟਾਉਣ ਅਤੇ ਪਾਣੀ ਨਾਲ ਸਬੰਧਤ ਮੁੱਦਿਆਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ।
ਇਸ ਮੌਕੇ ਬੋਲਦਿਆਂ ਪੰਜਾਬ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਦੇ ਡੀਨ ਡਾ. ਜਤਿੰਦਰ ਗਰੋਵਰ ਨੇ ਕਿਹਾ ਕਿ ਜੋ ਵਿਦਿਆਰਥੀ ਸਹਿ ਪਾਠਕ੍ਰਮ ਦੀਆਂ ਸਰਗਰਮੀਆਂ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਦੇ ਹਨ। ਉਨ੍ਹਾਂ ਨੂੰ ਫੀਸ ਢਾਂਚੇ, ਹਾਜ਼ਰੀ ਅਤੇ ਹੋਰ ਸਹੂਲਤਾਂ ਦੇ ਰੂਪ ਵਿੱਚ ਤਰਜੀਹ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਵਿਲੱਖਣ ਇਨੋਵੇਸ਼ਨਜ਼ ਵਿੱਚ ਵਾਧਾ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸੰਭਾਵਨਾਵਾਂ, ਵਿਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਸਾਇੰਸਟੀਫ਼ਿਕ ਅਫ਼ਸਰ ਡਾ. ਕੁਲਬੀਰ ਬਾਠ ਅਤੇ ਨਵੀਂ ਦਿੱਲੀ ਤੋਂ ਟੀਚਰ ਐਜੂਕੇਸ਼ਨ ਵਿਭਾਗ ਦੇ ਡਾ. ਬੀਪੀ ਭਾਰਦਵਾਜ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਦੇਸ਼ ਦੇ ਸਾਰੇ ਸਾਇੰਸਦਾਨਾਂ ਅਤੇ ਇੰਜੀਨੀਅਰਾਂ ਨੂੰ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਅਤੇ ਨਵੀਆਂ ਖੋਜ਼ਾਂ ਕੱਢਣ ਲਈ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…