Nabaz-e-punjab.com

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ: ਡੀਸੀ ਤੇ ਐਸਐਸਪੀ ਦੀ ਅਗਵਾਈ ਹੇਠ ਲੋਕਾਂ ਨੇ ਨਸ਼ਿਆਂ ਦੇ ਖ਼ਿਲਾਫ਼ ਸਹੁੰ ਚੁੱਕੀ

ਨਸ਼ਿਆਂ ਖਿਲਾਫ਼ ਲੜਾਈ ਵਿੱਚ ਆਮ ਲੋਕਾਂ ਦੀ ਸਰਗਰਮ ਸ਼ਮੂਲੀਅਤ ਜ਼ਰੂਰੀ: ਡੀਸੀ ਗਿਰੀਸ਼ ਦਿਆਲਨ

ਪੰਜਾਬ ਪੁਲੀਸ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ’ਚ ਕਾਮਯਾਬੀ ਹਾਸਲ ਕੀਤੀ: ਐਸਐਸਪੀ ਭੁੱਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਰਤਨ ਗਰੁੱਪ ਆਫ਼ ਨਰਸਿੰਗ ਕਾਲਜ ਵਿੱਚ ਬੁੱਧਵਾਰ ਨੂੰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐਸਐਸਪੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਸਮੇਤ ਹੋਰ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਇਲਾਕੇ ਦੇ ਲੋਕਾਂ ਨੇ ਵਿੱਚ ਨਸ਼ਿਆਂ ਖ਼ਿਲਾਫ਼ ਸਹੁੰ ਚੁੱਕੀ।
ਇਸ ਮੌਕੇ ਬੋਲਦਿਆਂ ਗਿਰੀਸ਼ ਦਿਆਲਨ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਪੰਜਾਬ ਸਰਕਾਰ ਦੀ ਪਹਿਲੀ ਤਰਜ਼ੀਹ ਹੈ, ਜਿਸ ਵਿੱਚ ਲੋਕਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕ ਕਰਨ। ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀ ਸਰਗਰਮ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਲਾਕੇ ਦੇ ਪੰਚਾਂ-ਸਰਪੰਚਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਪਿੰਡਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਹੰਭਲਾ ਮਾਰਨ।
ਇਸ ਤੋਂ ਪਹਿਲਾਂ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਨਸ਼ੇ ਦੀ ਸਪਲਾਈ ਲਾਈਨ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਵਿੱਚ ਡੱਕਿਆ ਗਿਆ ਹੈ। ਉਨ੍ਹਾਂ ਡੈਪੋ ਨੂੰ ਕਿਹਾ ਕਿ ਉਹ ਲੋਕਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਨਸ਼ਾ ਕਰਨ ਵਾਲਿਆਂ ਦੇ ਲੱਛਣਾਂ ਬਾਰੇ ਦੱਸਣ ਅਤੇ ਬੱਚਿਆਂ ਨੂੰ ਨਸ਼ਿਆਂ ਦੀ ਦਲ ਦਲ ’ਚੋਂ ਕੱਢਣ ਲਈ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਡੈਪੋ ਨੂੰ ਨੌਜਵਾਨਾਂ ਦੇ ਮਾਪਿਆਂ ਨੂੰ ਮਿਲ ਕੇ ਨਸ਼ਿਆਂ ਦੇ ਲੱਛਣਾਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਸ਼ੁਰੂ ਵਿੱਚ ਹੀ ਨਸ਼ਿਆਂ ਵਾਲੇ ਪਾਸੇ ਤੋਂ ਦੂਰ ਰੱਖਿਆ ਜਾ ਸਕੇ।
ਸਮਾਗਮ ਦੌਰਾਨ ਕਰਵਾਈ ਪੈਨਲ ਬਹਿਸ ਵਿੱਚ ਪੰਚਾਂ-ਸਰਪੰਚਾਂ ਤੇ ਆਮ ਲੋਕਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ, ਜਿਨ੍ਹਾਂ ਦੇ ਅਧਿਕਾਰੀਆਂ ਨੇ ਤਸੱਲੀਬਖ਼ਸ਼ ਜਵਾਬ ਦਿੱਤੇ। ਇਸ ਮੌਕੇ ਜਿੱਥੇ ਨਸ਼ਾ ਛੱਡਣ ਵਾਲਿਆਂ ਨੇ ਆਪਣੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅਤੇ ਨਸ਼ਾ ਛੱਡਣ ਤੋਂ ਬਾਅਦ ਦੀ ਖ਼ੁਸ਼ਹਾਲ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ, ਉੱਥੇ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਦੀ ਟੀਮ ਵੱਲੋਂ ਨਸ਼ਿਆਂ ਖ਼ਿਲਾਫ਼ ਨੁੱਕੜ ਨਾਟਕ ‘ਆਖਰ ਕਦੋਂ ਤੱਕ’ ਖੇਡਿਆ ਗਿਆ। ਬਲਜਿੰਦਰ ਸੰਧੂ, ਰਿੱਕੀ ਬਾਘਲਾ ਤੇ ਪੁਨੀਤ ਖੰਨਾ ਉੱਤੇ ਆਧਾਰਿਤ ਟੀਮ ਵੱਲੋਂ ਖੇਡਿਆ ਗਿਆ ਇਹ ਨਾਟਕ ਦਰਸ਼ਕਾਂ ਨੂੰ ਅੰਦਰੋਂ ਹਲੂਣਾ ਦੇ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ‘ਨਾਰਕੋਟਿਕਸ ਐਨੋਨੀਮਸ’ ਨਾਂ ਦੀ ਐਨਜੀਓ ਨਾਲ ਭਾਈਵਾਲੀ ਕੀਤੀ ਹੈ। ਇਹ ਸੰਸਥਾ ਨਸ਼ਾ ਛੱਡ ਰਹੇ ਪੀੜਤਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗੀ।
ਪ੍ਰੋਗਰਾਮ ਦੌਰਾਨ ਸੀਐਮਓ ਡਾ. ਮਨਜੀਤ ਸਿੰਘ, ਐਮਓ ਇੰਚਾਰਜ ਡਰੱਗ ਡੀ-ਐਡਿਕਸ਼ਨ ਤੇ ਰਿਹੈਬਲੀਟੇਸ਼ਨ ਸੈਂਟਰ ਮੁਹਾਲੀ ਡਾ. ਪੂਜਾ ਗਰਗ, ਸਰਕਾਰੀ ਕਾਲਜ ਫ਼ੇਜ਼ 6 ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਵੀ ਸੰਬੋਧਨ ਕੀਤਾ, ਜਦੋਂਕਿ ਮੰਚ ਸੰਚਾਲਨ ਐਸਡੀਐਮ ਜਗਦੀਪ ਸਹਿਗਲ ਨੇ ਕੀਤਾ। ਪ੍ਰੋਗਰਾਮ ਦੌਰਾਨ ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਡੀਐਸਪੀ (ਸਿਟੀ-2) ਰਮਨਦੀਪ ਸਿੰਘ ਅਤੇ ਤਹਿਸੀਲਦਾਰ ਸੁਖਪਿੰਦਰ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…