Nabaz-e-punjab.com

ਕੌਮਾਂਤਰੀ ਪੁਸਤਕ ਦਿਵਸ ’ਤੇ ਵਿਸ਼ੇਸ਼: 12 ਸਾਲਾਂ ਤੋਂ ਪਾਠਕਾਂ ਨੂੰ ਕਿਤਾਬਾਂ ਨਾਲ ਜੋੜ ਰਹੀ ਹੈ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ

ਨਾ ਕੋਈ ਛੁੱਟੀ ਨਾ ਕੋਈ ਫੀਸ, ਸਾਰੀਆਂ ਕਿਤਾਬਾਂ ਮੁਫ਼ਤ ਵਿੱਚ ਉਪਲਬਧ: ਜਰਨੈਲ ਕਰਾਂਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਅਜੋਕੇ ਸਮੇਂ ਵਿੱਚ ਮੌਜੂਦਾ ਸਮਾਜਿਕ ਪ੍ਰਬੰਧ ਅਤੇ ਮੋਬਾਈਲ ਫੋਨਾਂ ਨੇ ਬੇਸ਼ੱਕ ਮਨੁੱਖ ਨੂੰ ਕਿਤਾਬਾਂ ਤੋਂ ਦੂਰ ਕਰਨ ਦਾ ਯਤਨ ਕੀਤਾ ਹੈ ਪਰ ਜੇਕਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਿਤਾਬਾਂ ਪੜ੍ਹਨ ਦਾ ਆਨੰਦ ਪ੍ਰਾਪਤ ਨਹੀਂ ਕਰਦਾ ਤਾਂ ਉਹ ਜ਼ਿੰਦਗੀ ਦੇ ਇਕ ਮਹਾਨ ਅਹਿਸਾਸ ਤੋਂ ਵਾਂਝਾ ਰਹਿ ਜਾ ਸਕਦਾ ਹੈ। ਇੱਥੋਂ ਦੇ ਨੇੜਲੇ ਪਿੰਡ ਬਲੌਂਗੀ ਸਥਿਤ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਇਸ ਅਹਿਸਾਸ ਨੂੰ ਜਿਉਂਦਾ ਰੱਖਣ ਲਈ ਪਿਛਲੇ 12 ਸਾਲਾਂ ਤੋਂ ਯਤਨਸ਼ੀਲ ਹੈ ਅਤੇ ਅੱਜ ‘ਕੌਮਾਂਤਰੀ ਪੁਸਤਕ ਦਿਵਸ’ ’ਤੇ ਇਸ ਲਾਇਬ੍ਰੇਰੀ ਦੀ ਸ਼ਲਾਘਾ ਕਰਨੀ ਬਣਦੀ ਹੈ।
ਇਸ ਲਾਇਬ੍ਰੇਰੀ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਰੀਬ 2500 ਚੋਣਵੀਆਂ ਅਤੇ ਪ੍ਰਮੁੱਖ ਕਿਤਾਬਾਂ ਹਨ ਜੋ ਪਾਠਕਾਂ ਦੀ ਜਗਿਆਸਾ ਨੂੰ ਸ਼ਾਂਤ ਕਰਨ ਦੇ ਨਾਲ ਜ਼ਿੰਦਗੀ ਦੇ ਉਸ ਰਸਤੇ ’ਤੇ ਵੀ ਤੋਰਦੀਆਂ ਹਨ, ਜਿੱਥੇ ਮਨੁੱਖ ਸੰਵੇਦਨਾ, ਪਿਆਰ ਤੇ ਵਿਵੇਕਸ਼ੀਲਤਾ ਵੱਲ ਵਧਦਾ ਹੈ। ਇਸ ਲਾਇਬ੍ਰੇਰੀ ਦੀ ਸ਼ੁਰੂਆਤ ਸੇਵਾਮੁਕਤ ਅਧਿਆਪਕ ਤੇ ਤਰਕਸ਼ੀਲ ਆਗੂ ਜਰਨੈਲ ਸਿੰਘ ਕ੍ਰਾਂਤੀ ਨੇ ਆਪਣੀ ਦੋ ਮੰਜ਼ਲਾਂ ਦੁਕਾਨ ਵਿੱਚ ਜਨਵਰੀ 2007 ਵਿੱਚ ਕੀਤੀ ਸੀ। ਉਹ ਪੰਜਾਬ ਦੀ ਤਰਕਸ਼ੀਲ ਲਹਿਰ ਨਾਲ ਕੁਲਵਕਤੀ ਦੇ ਤੌਰ ’ਤੇ ਵੀ ਕਾਫੀ ਸਰਗਰਮ ਹਨ। ਲਾਇਬ੍ਰੇਰੀ ਵਿੱਚ ਬੱਚਿਆਂ ਲਈ 500 ਤੋਂ ਵੱਧ ਕਿਤਾਬਾਂ ਹਨ ਅਤੇ ਵੱਖ ਵੱਖ ਰਸਾਲੇ ਨਵੇਂ ਮਸਲਿਆਂ ’ਤੇ ਜਾਗਰੂਕਤਾ ਲਈ ਹਰ ਮਹੀਨੇ ਲਾਇਬ੍ਰੇਰੀ ’ਚ ਪੁੱਜਦੇ ਹਨ। ਖਾਸ ਗੱਲ ਇਹ ਹੈ ਕਿ ਲਾਇਬ੍ਰੇਰੀ ਨੂੰ ਬਿਨਾਂ ਕੋਈ ਨਾਗਾ ਰੋਜ਼ਾਨਾ ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੋਲ੍ਹਿਆ ਜਾਂਦਾ ਹੈ। ਕਿਤਾਬ ਭਾਵੇਂ ਬੈਠ ਕੇ ਪੜ੍ਹੋ ਜਾਂ ਘਰ ਲੈ ਜਾਵੋ ਕਿਸੇ ਕਿਸਮ ਦੀ ਕੋਈ ਫੀਸ ਪਾਠਕਾਂ ਤੋਂ ਨਹੀਂ ਲਈ ਜਾਂਦੀ। ਮਾਸਟਰ ਜਰਨੈਲ ਕ੍ਰਾਂਤੀ ਦਾ ਕਹਿਣਾ ਹੈ ਕਿ ਉਹ ਬਹੁਤ ਘੋਖ ਪੜਤਾਲ ਕਰ ਕੇ ਕਿਤਾਬਾਂ ਲਾਇਬ੍ਰੇਰੀ ਵਿੱਚ ਸ਼ਾਮਲ ਕਰਦੇ ਹਾਂ। ਪੁਰਾਣੇ ਨਵੇਂ ਲੇਖਕਾਂ ਦੀਆਂ ਅਤੇ ਪਾਠਕ ਦੀ ਰੁਚੀ ਦੀ ਹਰ ਵਿਧਾ ਦੀਆਂ ਕਿਤਾਬਾਂ ਮੌਜੂਦ ਹਨ। ਇੰਟਰਨੈੱਟ ਦੀ ਸਹੂਲਤ ਨਾਲ ਲੈਸ ਪੇਂਡੂ ਖੇਤਰ ਦੀ ਆਧੁਨਿਕ ਲਾਇਬ੍ਰੇਰੀ ਹੈ। ਲਾਇਬ੍ਰੇਰੀ ਦੇ ਕਾਮੇ ਨੇੜੇ ਤੇੜੇ ਦੀਆਂ ਥਾਂਵਾਂ ’ਤੇ ਹੁੰਦੇ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਮੌਕੇ ਵੀ ਕਿਤਾਬਾਂ ਦੀ ਪ੍ਰਦਰਸ਼ਨੀ ਲਗਾ ਕੇ ਸਰੋਤਿਆਂ ਨੂੰ ਕਿਤਾਬ ਸਭਿਆਚਾਰ ਨਾਲ ਜੁੜਨ ਲਈ ਪ੍ਰੇਰਦੇ ਹਨ।
(ਬਾਕਸ ਆਈਟਮ)
ਖੁਸ਼ੀ ਦੇਣ ਦੇ ਨਾਲ ਨਾਲ ਅੌਖੇ ਵੇਲਿਆਂ ’ਚੋਂ ਵੀ ਕੱਢਦੀਆਂ ਨੇ ਕਿਤਾਬਾਂ
ਕਿਤਾਬਾਂ ਦੀ ਮਹੱਤਤਾ ਬਾਰੇ ਜਰਨੈਲ ਸਿੰਘ ਕਰਾਂਤੀ ਦਾ ਕਹਿਣਾ ਹੈ ਕਿ ਕਿਤਾਬਾਂ ਸਹੀ ਅਰਥਾਂ ਵਿੱਚ ਮਨੁੱਖ ਦੀਆਂ ਅਸਲ ਦੋਸਤ ਹੁੰਦੀਆਂ ਹਨ। ਕਿਤਾਬਾਂ ਜਿੱਥੇ ਮਨੁੱਖ ਨੂੰ ਬੁੱਧੀ ਪ੍ਰਦਾਨ ਕਰਦੀਆਂ ਹਨ, ਉੱਥੇ ਵੱਖ-ਵੱਖ ਵਿਸ਼ਿਆਂ ’ਤੇ ਸਹੀ ਗਿਆਨ ਤੇ ਸਮਝ ਵੀ ਕਿਤਾਬਾਂ ਪੜ੍ਹਨ ਤੋਂ ਹੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਨੂੰ ਸਿਰਫ਼ ਖੁਸ਼ੀ ਹੀ ਨਹੀਂ ਦਿੰਦੀਆਂ ਸਗੋਂ ਅੌਖੇ ਵੇਲਿਆਂ ’ਚੋਂ ਵੀ ਉੱਭਰਨ ਵਿੱਚ ਸਹਾਈ ਹੁੰਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੋਰ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਚੰਗੀਆਂ ਕਿਤਾਬਾਂ ਦਾ ਅਥਾਹ ਭੰਡਾਰ ਲਾਇਬਰ੍ਰੇਰੀ ਵਿੱਚ ਮੌਜੂਦ ਹੈ। ਜਿਸ ਦਾ ਅਧਿਐਨ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਨਾਲ ਸੰਵਾਦ ਰਚਾਉਣ ਦੀ ਪ੍ਰੇਰਨਾ ਵੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …