ਨਸ਼ਾਖੋਰੀ ਤੇ ਗੈਰਕਾਨੂੰਨੀ ਤਸਕਰੀ ਖ਼ਿਲਾਫ਼ ਵਰਚੂਅਲ ਢੰਗ ਨਾਲ ਮਨਾਇਆ ਅੰਤਰਰਾਸ਼ਟਰੀ ਦਿਵਸ

ਓਟ ਕਲੀਨਿਕਾਂ ਵਿੱਚ 6 ਲੱਖ 72 ਹਜ਼ਾਰ ਨਸ਼ਿਆਂ ਦੇ ਆਦੀ ਮਰੀਜ਼ ਕਰਵਾ ਰਹੇ ਹਨ ਮੁਫ਼ਤ ਇਲਾਜ: ਸਿੱਧੂ

ਮੀਟਿੰਗ ਵਿੱਚ ਸਰਕਾਰੀ ਕਾਲਜ ਤੋਂ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਨਸ਼ਿਆਂ ਵਿਰੁੱਧ ਸਾਂਝੇ ਕੀਤੇ ਵਿਚਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਪੰਜਾਬ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੱਡੀ ਪੱਧਰ ’ਤੇ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਹੁਣ ਤੱਕ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਸ਼ਾ ਤਸਕਰ ਫੜੇ ਜਾ ਚੁੱਕੇ ਹਨ। ਇਹ ਗੱਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਰਚੂਅਲ ਢੰਗ ਨਾਲ ਮਨਾਏ ਗਏ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਆਖੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਿੱਥੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਭਰਪੂਰ ਉਪਰਾਲੇ ਕੀਤੇ ਗਏ ਹਨ, ਉੱਥੇ ਨਸ਼ਿਆਂ ਦੀ ਮੰਗ ਨੂੰ ਰੋਕਣ ਲਈ ਸਕੂਲਾਂ\ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੂੰ ਡੈਪੋ ਅਤੇ ਬਡੀਜ਼ ਗਰੁੱਪ ਬਣਾ ਕੇ ਵੱਡੀ ਪੱਧਰ ’ਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਹਰੇਕ ਜ਼ਿਲ੍ਹੇ ਵਿੱਚ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਖੋਲੇ ਗਏ ਹਨ। ਇਸ ਤੋਂ ਇਲਾਵਾ ਓਟ ਕਲੀਨਿਕ ਰਾਹੀਂ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਦੀ ਪਛਾਣ ਗੁਪਤ ਰੱਖ ਕੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਓਟ ਕਲੀਨਿਕ ਪੰਜਾਬ ਸਰਕਾਰ ਦਾ ਕਾਮਯਾਬ ਉਪਰਾਲਾ ਹੈ। ਇਸ ਸਮੇਂ ਤਕਰੀਬਨ 6 ਲੱਖ 72 ਹਜ਼ਾਰ ਨਸ਼ਿਆਂ ਦੇ ਮਰੀਜ਼ ਇਲਾਜ ਕਰਵਾ ਰਹੇ ਹਨ। ਲੋਕਾਂ ਵਿੱਚ ਨਸ਼ਿਆਂ ਵਿਰੁੱਧ ਆਈ ਜਾਗਰੂਕਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਮਾਪੇ ਆਪਣੇ ਬੱਚਿਆਂ ਦੀ ਨਸ਼ੇ ਦੀ ਆਦਤ ’ਤੇ ਪਰਦਾ ਪਾਉਂਦੇ ਸਨ ਪਰ ਹੁਣ ਇਲਾਜ ਪ੍ਰਤੀ ਵਿਸ਼ਵਾਸ ਬੱਝਿਆ ਹੈ ਅਤੇ ਹੁਣ ਮਾਪੇ ਖ਼ੁਦ ਬੱਚਿਆਂ ਨੂੰ ਓਟ ਕਲੀਨਿਕਾਂ ਵਿੱਚ ਲਿਆ ਰਹੇ ਹਨ। ਨਸ਼ਾਮੁਕਤੀ ਲਈ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਸਾਲਾਨਾ 70 ਕਰੋੜ ਰੁਪਏ ਦੀ ਦਵਾਈ ਮੁਫ਼ਤ ਦਿੱਤੀ ਜਾ ਰਹੀ ਹੈ।
ਵਰਚੂਅਲ ਮੀਟਿੰਗ ਦੌਰਾਨ ਸਰਕਾਰੀ ਕਾਲਜ ਫੇਜ਼-6 ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਬਡੀ ਗਰੁੱਪ ਵਿੱਚ ਕੰਮ ਕਰ ਰਹੀ ਹੈ। ਜਿਸ ਤਹਿਤ ਨਸ਼ਿਆਂ ਖ਼ਿਲਾਫ਼ ਨੁੱਕੜ ਨਾਟਕ, ਪੋਸਟਰਮੇਕਿੰਗ ਮੁਕਾਬਲੇ ਅਤੇ ਭਾਸ਼ਣ ਦੇ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਨਸ਼ਿਆਂ ਦਾ ਸੇਵਨ ਕਰਨ ਵਾਲਾ ਵਿਅਕਤੀ ਜਿਥੇ ਸਰੀਰਕ ਅਤੇ ਆਰਥਿਕ ਪੱਖੋਂ ਖ਼ਤਮ ਹੋ ਜਾਂਦਾ ਹੈ ਉਥੇ ਹੀ ਉਸ ਦਾ ਸਮਾਜ ਵਿੱਚ ਵੀ ਗਲਤ ਪ੍ਰਭਾਵ ਪੈਂਦਾ ਹੈ। ਇਸ ਲਈ ਇੱਕ ਨਰੋਏ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਕੂਲੀ ਬੱਚਿਆ ਦੇ ਸਲੇਬਸ ਵਿੱਚ ਨਸ਼ਾ ਵਿਰੁੱਧੀ ਕਿਤਾਬ ਲਗਾਈ ਜਾਵੇ ਤਾਂ ਜੋ ਸ਼ੁਰੂਆਤੀ ਦੌਰ ਵਿੱਚ ਹੀ ਬੱਚੇ ਨਸ਼ਿਆ ਦੇ ਗਲਤ ਪ੍ਰਭਾਵਾ ਬਾਰੇ ਜਾਣੂ ਹੋ ਸਕਣ। ਉਨ੍ਹਾਂ ਇਹ ਵੀ ਸੁਜਾਓ ਦਿੱਤਾ ਕਿ ਨਸ਼ਿਆ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਅਮਲੀ ਜਾਂ ਨਸ਼ੇੜੀ ਕਹਿਣ ਦੀ ਬਜਾਏ ਮਾਨਸਿਕ ਤੌਰ ਤੇ ਬਿਮਾਰ ਸਬਦ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਹੀਣ ਭਾਵਨਾ ਨਾ ਮਹਿਸੂਸ ਹੋਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਏਡੀਸੀ (ਜਨਰਲ) ਆਸ਼ਿਕਾ ਜੈਨ, ਏਡੀਸੀ (ਵਿਕਾਸ) ਰਾਜੀਵ ਗੁਪਤਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਰ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜੀਬੀ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਹਰਕੀਰਤ ਕੌਰ ਚਾਨੇ, ਸਹਾਇਕ ਕਮਿਸ਼ਨਰ (ਜਨਰਲ) ਤਰਸੇਮ ਚੰਦ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…