
ਕੌਮਾਂਤਰੀ ਮਾਂ ਬੋਲੀ ਦਿਵਸ: ਪੰਜਾਬੀ ਵਿੱਚ ਬੋਰਡ ਲਿਖਣ ਵਾਲੇ 51 ਦੁਕਾਨਦਾਰਾਂ ਦਾ ਵਿਸ਼ੇਸ਼ ਸਨਮਾਨ
ਪੰਜਾਬੀ ਹਿਤੈਸ਼ੀਆਂ ਨੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਦਿੱਤਾ ਜਾਗਰੂਕਤਾ ਦਾ ਹੋਕਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਕੌਮਾਂਤਰੀ ਮਾਂ ਬੋਲੀ ਦਿਵਸ ਦੇ ਮੌਕੇ ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਪੰਜਾਬੀ ਵਿਰਸਾ ਤੇ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਅੱਜ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਸੰਸਥਾ ਦੇ ਮੈਂਬਰਾਂ ਅਤੇ ਹੋਰ ਪੰਜਾਬੀ ਹਿਤੈਸ਼ੀਆਂ ਬਲਜੀਤ ਸਿੰਘ ਫੱਤਿਆਵਾਲਾ, , ਪਰਮਦੀਪ ਸਿੰਘ ਬੈਦਵਾਨ, ਕੌਂਸਲਰ ਸੁੱਚਾ ਸਿੰਘ ਕਲੌੜ, ਪਰਮਜੀਤ ਸਿੰਘ ਹੈਪੀ, ਜਸਪ੍ਰੀਤ ਸਿੰਘ ਗਿੱਲ, ਪਰਮਜੀਤ ਸਿੰਘ ਗਿੱਲ, ਨਛੱਤਰ ਸਿੰਘ ਬੈਦਵਾਨ, ਸਰਬਜੀਤ ਸਿੰਘ ਪਾਰਸ, ਇੰਦਰਜੀਤ ਸਿੰਘ ਖੋਖਰ ਅਤੇ ਹੋਰਨਾਂ ਨੇ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਦੁਕਾਨਦਾਰਾਂ ਨੂੰ ਆਪਣੇ ਅਦਾਰਿਆਂ ਦੇ ਮਸ਼ਹੂਰੀ ਬੋਰਡ ਪੰਜਾਬੀ ਵਿੱਚ ਲਿਖਵਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਸਾਬਕਾ ਕੌਂਸਲਰ ਸਤਵੀਰ ਧਨੋਆ ਤੇ ਸਾਥੀਆਂ ਨੇ ਮੁਹਾਲੀ ਦੇ 51 ਉਨ੍ਹਾਂ ਦੁਕਾਨਦਾਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ, ਜਿਨ੍ਹਾਂ ਵੱਲੋਂ ਪਹਿਲਾਂ ਹੀ ਆਪਣੀ ਦੁਕਾਨਾਂ ਉੱਤੇ ਪੰਜਾਬੀ ਭਾਸ਼ਾ ਵਿੱਚ ਬੋਰਡ ਲਿਖ ਕੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਮਾਂ ਬੋਲੀ ਬਾਰੇ ਪਹਿਲਾਂ ਵੀ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਹੁਣ ਸਰਕਾਰ ਵੀ ਸੁਹਿਰਦ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪੰਜਾਬ ਵਿੱਚ ਰਹਿੰਦੇ ਹਨ ਅਤੇ ਪੰਜਾਬ ਦਾ ਅੰਨ ਪਾਣੀ ਛਕਦੇ ਹਨ ਤਾਂ ਫਿਰ ਪੰਜਾਬੀ ਤੋਂ ਅਲਰਜ਼ੀ ਕਿਉਂ?
ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਬਾਰੇ ਮੁੱਖ ਮੰਤਰੀ ਦਾ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਾਰੋਬਾਰੀ ਜਾਂ ਦੁਕਾਨਦਾਰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਨਹੀਂ ਕਰਦੇ ਹਨ, ਉਨ੍ਹਾਂ ਦੀਆਂ ਦੁਕਾਨਾਂ ’ਤੇ ਅੰਗਰੇਜ਼ੀ ਵਿੱਚ ਲੱਗੇ ਬੋਰਡ ਜ਼ਬਰਦਸਤੀ ਲਾਹੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਅੰਗਰੇਜ਼ੀ ਲਿਖਣੀ ਵੀ ਹੈ ਤਾਂ ਸਭ ਤੋਂ ਉੱਤੇ ਪੰਜਾਬੀ ਲਿਖੀ ਜਾਵੇ।
ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਰਸ ਨੇ ਕਿਹਾ ਕਿ ਮਾਂ ਬੋਲੀ ਦੀ ਕਦਰ ਕਰਨੀ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ’ਚ ਪੰਜਾਬੀ ਪ੍ਰਤੀ ਰੁਝਾਨ ਘਟਦਾ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੋਰਡਾਂ ਉੱਤੇ ਪੰਜਾਬੀ ਲਿਖੀ ਹੋਵੇਗੀ ਤਾਂ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਵਿੱਚ ਬੋਰਡ ਲਿਖਵਾਉਣ।

ਇਸ ਮੌਕੇ ਗੁਰਵਿੰਦਰ ਸਿੰਘ ਲਾਂਬਾ, ਕਰਮ ਸਿੰਘ ਮਾਵੀ, ਅਮਰਜੀਤ ਸਿੰਘ ਧਨੋਆ, ਸੰਦੀਪ ਲੁਥਰਾ, ਪ੍ਰੇਮ ਕੁਮਾਰ, ਜਸਪਿੰਦਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਇੰਦਰਪਾਲ ਧਨੋਆ, ਸੁਖਵੰਤ ਸਿੰਘ ਬਾਠ, ਸ਼ਰਨਜੀਤ ਸਿੰਘ ਨੱਈਅਰ ਸਮੇਤ ਹੋਰ ਪਤਵੰਤੇ ਮੌਜੂਦ ਸਨ।