ਅੰਤਰਰਾਸ਼ਟਰੀ ਨਰਸ ਦਿਵਸ: ਸ਼ਲਾਘਾਯੋਗ ਸੇਵਾਵਾਂ ਲਈ ਨਰਸਾਂ ਦਾ ਵਿਸ਼ੇਸ਼ ਸਨਮਾਨ

ਨਰਸ ਤੋਂ ਬਿਨਾਂ ਡਾਕਟਰ ਦੀ ਡਿਊਟੀ ਅਧੂਰੀ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਅੰਤਰਰਾਸਟਰੀ ਨਰਸ ਦਿਵਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਭਰ ਵਿੱਚ ਨਰਸਾਂ ਵੱਲੋਂ ਕਰੋਨਾਵਾਇਰਸ ਵਿਰੁੱਧ ਜੰਗ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਰਸਿੰਗ ਸਟਾਫ਼ ਸਿਹਤ ਸੇਵਾਵਾਂ ਸਬੰਧੀ ਬੁਨਿਆਂਦੀ ਢਾਂਚੇ ਦਾ ਮਜ਼ਬੂਤ ਥੰਮ੍ਹ ਹਨ। ਉਨ੍ਹਾਂ ਦੇ ਸਮਰਥਨ ਅਤੇ ਸੇਵਾ ਭਾਵਨਾ ਤੋਂ ਬਿਨਾਂ ਕੋਵਿਡ-19 ਵਿਰੁੱਧ ਜੰਗ ਜਿੱਤਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸ੍ਰੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕੀਤੇ ਇਕ ਤਾਜ਼ਾ ਵੀਡੀਓ ਦਾ ਜ਼ਿਕਰ ਕੀਤਾ। ਜਿਸ ਵਿੱਚ ਨਰਸਾਂ ਕੋਵਿਡ ਦੇ ਮਰੀਜ਼ਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਸਖ਼ਤ ਯਤਨ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਗਿੱਧਾ ਪਾਉਂਦੇ ਦੇਖਿਆ ਗਿਆ ਜੋ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਉਹ ਨਰਸਾਂ ਵੱਲੋਂ ਸੰਕਟ ਦੀ ਇਸ ਘੜੀ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸਲਾਮ ਕਰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਲਾਗ ਲੱਗਣ ਦੇ ਡਰੋਂ ਇਸ ਨਾਜ਼ੁਕ ਸਮੇਂ ਦੌਰਾਨ ਆਪਣੀ ਡਿਊਟੀ ਨਿਭਾਉਂਦਿਆਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈ ਰਿਹਾ ਹੈ ਅਤੇ ਉਹ ਕੋਵਿਡ-19 ਦੇ ਵਿਰੁੱਧ ਜੰਗ ਵਿਚ ਯੋਧਿਆਂ ਦੀ ਤਰ੍ਹਾਂ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨਰਸ ਬਿਨਾਂ ਕਿਸੇ ਪੱਖਪਾਤ ਦੇ ਮਰੀਜ਼ ਦਾ ਇਲਾਜ ਕਰਦੀ ਹੈ ਅਤੇ ਡਾਕਟਰ ਦੀ ਡਿਊਟੀ ਇਕ ਨਰਸ ਤੋਂ ਬਿਨਾਂ ਅਧੂਰੀ ਹੈ ਕਿਉਂਕਿ ਉਹ ਹਸਪਤਾਲ ਵਿੱਚ ਇਕ ਸਲਾਹਕਾਰ ਦੀ ਤਰ੍ਹਾਂ ਕੰਮ ਕਰਦੀ ਹੈ।
ਅੰਤਰਰਾਸਟਰੀ ਨਰਸ ਦਿਵਸ ਜ਼ਿਲ੍ਹਾ ਹਸਪਤਾਲ ਮੁਹਾਲੀ ਵਿੱਚ ਮਨਾਇਆ ਗਿਆ। ਪਰਿਵਾਰ ਤੇ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਪ੍ਰਭਦੀਪ ਕੌਰ ਜੌਹਲ ਨੇ ਸਟਾਫ ਨਰਸਾਂ ਨੂੰ ਗੁਲਾਬ ਭੇਟ ਕਰਕੇ ਸਨਮਾਨਿਤ ਕੀਤਾ। ਲੇਬਰ ਰੂਮ ਅਤੇ ਐਸਐਨਸੀਯੂ ਦੇ ਸਾਰੇ ਸੇਫ ਡਲਿਵਰੀ ਚੈਂਪੀਅਨਜ਼ ਨੂੰ ਸੇਫ ਡਿਲਿਵਰੀ ਚੈਂਪੀਅਨ ਬੈਚ ਅਤੇ ਗੁਲਾਬ ਭੇਟ ਕੀਤੇ ਗਏ। ਉਨ੍ਹਾਂ ਕਿਹਾ ਕਿ ਸਟਾਫ ਨਰਸਾਂ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਖਾਸ ਕਰਕੇ ਕੋਵਿਡ 19 ਦੇ ਸਮੇਂ ਦੌਰਾਨ ਉੱਤਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਟਾਫ਼ ਅਣਥੱਕ ਮਿਹਨਤ ਕਰ ਰਿਹਾ ਹੈ।
ਇਸ ਮੌਕੇ ਸਰਕਾਰੀ ਹਸਪਤਾਲ ਦੀ ਐਸਐਮਓ ਡਾ. ਅਰੀਤ ਕੌਰ ਅਤੇਪ੍ਰੋਗਰਾਮ ਅਫ਼ਸਰ ਡਾ. ਇੰਦਰਦੀਪ ਕੌਰ ਵੀ ਮੌਜੂਦ ਸਨ। ਜਿਨ੍ਹਾਂ ਨੇ ਸਟਾਫ਼ ਨਰਸਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਡਾ. ਅਰੀਤ ਨੇ ਕੋਵਿਡ-19 ਦੌਰਾਨ ਸਹਾਇਤਾ ਪ੍ਰਦਾਨ ਕਰਨ ਅਤੇ ਇਸ ਸਮੇਂ ਦੌਰਾਨ ਐਮਸੀਐਚ ਅਤੇ ਟੀਕਾਕਰਨ ਵਰਗੀਆਂ ਸਾਰੀਆਂ ਜਰੂਰੀ ਸੇਵਾਵਾਂ ਨੂੰ ਬਣਾਏ ਰੱਖਣ ਲਈ ਹੈਲਥ ਕੇਅਰ ਸਟਾਫ਼ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਇਹ ਦਿਵਸ ਫਲੋਰੈਂਸ ਨਾਈਟਿੰਗੇਲ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਇਕ ਨਰਸ ਜਿਸਨੇ 1853-56 ਵਿੱਚ ਕਰੀਮੀਆ ਯੁੱਧ ਦੌਰਾਨ ਸੈਨਿਕਾਂ ਦੀ ਦੇਖਭਾਲ ਲਈ ਦਿਨ ਰਾਤ ਕੰਮ ਕੀਤਾ ਅਤੇ ਆਪਣੀ ਟੀਮ ਦੀ ਅਗਵਾਈ ਕੀਤੀ ਅਤੇ ਹਸਪਤਾਲ ਵਿਚ ਮੌਤ ਦਰ ਨੂੰ ਦੋ ਤਿਹਾਈ ਤੱਕ ਘਟਾ ਦਿੱਤਾ। ਇਟਰਨੈਸ਼ਨਲ ਕੌਂਸਲ ਆਫ਼ ਨਰਸਿੰਗ ਦੁਆਰਾ 1965 ਵਿੱਚ ਪਹਿਲਾ ਨਰਸਿੰਗ ਦਿਵਸ ਮਨਾਇਆ ਗਿਆ ਸੀ ਅਤੇ 1974 ਵਿੱਚ ਇਸ ਕੌਂਸਲ ਨੇ ਫਲੋਰੈਂਸ ਨਾਈਟਿੰਗੇਲ ਦੀ ਜਨਮ ਵਰ੍ਹੇਗੰਢ ’ਤੇ ਨਰਸ ਦਿਵਸ ਮਨਾਉਣ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਇਹ ਨਰਸ ਦਿਵਸ ਉਸਦੀ 200ਵੀਂ ਜਨਮ ਵਰ੍ਹੇਗੰਢ ਹੈ। ਇਸ ਦਿਵਸ ਲਈ ਇਸ ਸਾਲ ਦਾ ਵਿਸ਼ਾ ‘ਨਰਸਿੰਗ ਦ ਵਰਲਡ ਟੂ ਹੈਲਥ’ ਹੈ, ਜੋ ਇਨ੍ਹਾਂ ਸਮਿਆਂ ਵਿੱਚ ਪੂਰੀ ਤਰ੍ਹਾਂ ਢੁਕਵਾਂ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…