
ਅੰਤਰਰਾਸ਼ਟਰੀ ਓਜ਼ੋਨ ਦਿਵਸ: ਓਜ਼ੋਨ ਪਰਤ ਵਿੱਚ ਵਧ ਰਹੇ ਪਾੜ ਬਾਰੇ ਸੈਮੀਨਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀਰਵਾਰ ਨੂੰ ਅੰਤਰਰਾਸ਼ਟਰੀ ਓਜ਼ੋਨ ਦਿਵਸ ਮੌਕੇ ਵਾਤਾਵਰਨ ਵਿੱਚ ਪੈਦਾ ਹੋ ਰਹੇ ਵਿਗਾੜ ਕਾਰਨ ਓਜ਼ੋਨ ਪਰਤ ਵਿੱਚ ਵਧ ਰਹੇ ਪਾੜ ਬਾਰੇ ਚਰਚਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਸਕੂਲ ਬੋਰਡ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਦਾ ਉਦਘਾਟਨ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਕੀਤਾ। ਉਨ੍ਹਾਂ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਓਜ਼ੋਨ ਪਰਤ ਨੂੰ ਬਚਾਉਣਾ ਜੀਵਨ ਦੀ ਮੁੱਖ ਲੋੜ ਹੈ ਕਿਉਂਕਿ ਓਜ਼ੋਨ ਪਰਤ ਦੇ ਘਟਣ ਕਾਰਨ ਮਨੁੱਖਤਾ ’ਤੇ ਬਹੁਤ ਨੁਕਸਾਨਦੇਹ ਪ੍ਰਭਾਵ ਪੈ ਰਹੇ ਹਨ। ਜੇਕਰ ਓਜ਼ੋਨ ਪਰਤ ਨੂੰ ਬਚਾਉਣ ਲਈ ਤੁਰੰਤ ਠੋਸ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਪ੍ਰਭਾਵ ਹੋਰ ਭਿਆਨਕ ਹੋ ਸਕਦੇ ਹਨ। ਉਨ੍ਹਾਂ ਨੇ ਬੋਰਡ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਲਈ ਪੈਦਾ ਹੋ ਰਹੇ ਇਸ ਵੱਡੇ ਖ਼ਤਰੇ ਤੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਵਧੇਰੇ ਲੋੜ ਹੈ।
ਇਸ ਤੋਂ ਪਹਿਲਾਂ ਸਕੂਲ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਵਾਤਾਵਰਨ ਦੀ ਸੰਭਾਲ ਨੂੰ ਅਜੋਕੇ ਸਮੇਂ ਦੀ ਵੱਡੀ ਜ਼ਰੂਰਤ ਦੱਸਦਿਆਂ ਵਾਤਾਵਰਨ ਬਚਾਅ ਲਈ ਸਖ਼ਤ ਕਦਮ ਚੁੱਕਣ ’ਤੇ ਜ਼ੋਰ ਦਿੱਤਾ। ਰਿਸੋਰਸ ਪਰਸਨ ਦੀ ਹੈਸੀਅਤ ਨਾਲ ਸੈਮੀਨਾਰ ਵਿੱਚ ਸ਼ਾਮਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਡੇਜ਼ੀ ਬਾਤਿਸ਼ ਨੇ ਵੀ ਓਜ਼ੋਨ ਪਰਤ ਦੇ ਘਟਣ ਨਾਲ ਮਨੁੱਖਤਾ ਨੂੰ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਓਜ਼ੋਨ ਪਰਤ ਦੇ ਘਟਣ ਨਾਲ ਮੁੱਖ ਤੌਰ ’ਤੇ ਮਨੁੱਖ ਨੂੰ ਚਮੜੀ ਦੇ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਬਹੁਤ ਹੀ ਭਿਆਨਕ ਦ੍ਰਿਸ਼ ਹੋਵੇਗਾ। ਉਨ੍ਹਾਂ ਨੇ ਓਜ਼ੋਨ ਪਰਤ ਨੂੰ ਬਚਾਉਣ ਲਈ ਕੌਮਾਂਤਰੀ ਪੱਧਰ ’ਤੇ ਚੁੱਕੇ ਜਾ ਰਹੇ ਕਦਮਾਂ ਸਬੰਧੀ ਜਾਣਕਾਰੀ ਦਿੱਤੀ।
ਬੋਰਡ ਦੇ ਵਿਸ਼ਾ ਮਾਹਰ ਡਾ. ਸ਼ਰੂਤੀ ਸ਼ੁਕਲਾ ਨੇ ਕਿਹਾ ਕਿ ਓਜ਼ੋਨ ਪਰਤ ਦੀ ਕਮੀ ਇੱਕ ਵਿਸ਼ਵ-ਵਿਆਪੀ ਮੁੱਦਾ ਹੈ। ਇਸ ਦੇ ਨੁਕਸਾਨਦੇਹ ਪ੍ਰਭਾਵ ਨੂੰ ਸਾਂਝੇ ਸਹਿਯੋਗ ਅਤੇ ਜਨਤਕ ਜਾਗਰੂਕਤਾ ਪੈਦਾ ਕਰਕੇ ਹੀ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਾਤਾਵਰਨ ਦੀ ਰੱਖਿਆ ਲਈ ਮਨੁੱਖ ਨੂੰ ਆਪਣੀ ਜੀਵਨ-ਸ਼ੈਲੀ ਬਦਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਓਜ਼ੋਨ ਪਰਤ ਦੀ ਰੱਖਿਆ ਲਈ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪੀਐੱਸਸੀਐੱਸਟੀ ਦੇ ਵਿਗਿਆਨੀ ਡਾ. ਰੁਪਾਲੀ ਬੱਲ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਸੁਰੱਖਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸੈਮੀਨਾਰ ਵਿੱਚ ਸਿੱਖਿਆ ਬੋਰਡ ਦੀਆਂ ਵੱਖ-ਵੱਖ ਬ੍ਰਾਂਚਾਂ ਦੇ ਮੁਖੀ ਅਤੇ ਸਮੂਹ ਵਿਸ਼ਾ ਮਾਹਰ ਮੌਜੂਦ ਸਨ।