ਅੰਤਰਰਾਸ਼ਟਰੀ ਸ਼ੂਟਰ ਨਮਨਵੀਰ ਬਰਾੜ ਦੇ ਸਿਰ ’ਚੋਂ ਆਰਪਾਰ ਹੋ ਗਈ ਗੋਲੀ

ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਨਮਨਵੀਰ, ਲਾਇਸੈਂਸੀ ਰਿਵਾਲਵਰ ਨਾਲ ਮਾਰੀ ਗੋਲੀ

ਮਾਰਚ ਵਿੱਚ ਦਿੱਲੀ ’ਚ ਹੋਏ ਸ਼ੂਟਿੰਗ ਵਰਲਡ ਕੱਪ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਆਇਆ ਸੀ ਨਮਨਵੀਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਅੰਤਰਰਾਸ਼ਟਰੀ ਸ਼ੂਟਰ ਨਮਨਵੀਰ ਸਿੰਘ ਬਰਾੜ (28) ਨੇ ਅੱਜ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਹ ਇੱਥੋਂ ਦੇ ਸੈਕਟਰ-71 ਵਿੱਚ ਆਪਣੇ ਮਾਤਾ-ਪਿਤਾ ਅਤੇ ਪਤਨੀ ਨਾਲ ਰਹਿ ਰਿਹਾ ਸੀ। ਇਹ ਪਰਿਵਾਰ ਪਿੱਛੋਂ ਫਰੀਦਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਦੇ ਪਿਤਾ ਅਰਵਿੰਦਰ ਸਿੰਘ ਉੱਘੇ ਕਾਰੋਬਾਰੀ ਹਨ। ਨਮਨਵੀਰ ਨੇ ਸ਼ੂਟਿੰਗ ਮੁਕਾਬਲੇ ਵਿੱਚ ਕਈ ਵਾਰ ਕੌਮੀ ਇਨਾਮ ਜਿੱਤ ਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ, ਪ੍ਰੰਤੂ ਅੱਜ ਉਹ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ। ਇਸ ਹੋਣਹਾਰ ਕੌਮਾਂਤਰੀ ਖਿਡਾਰੀ ਵੱਲੋਂ ਅਚਾਨਕ ਖ਼ੁਦਕੁਸ਼ੀ ਕਰਨ ਦਾ ਰਹੱਸ ਬਣਿਆ ਹੋਇਆ ਹੈ। ਇਹ ਘਟਨਾ ਸੋਮਵਾਰ ਨੂੰ ਸਵੇਰੇ ਤੜਕੇ ਪੌਣੇ ਚਾਰ ਵਜੇ ਵਾਪਰੀ ਦੱਸੀ ਜਾ ਰਹੀ ਹੈ। ਪਰਿਵਾਰ ਨੇ ਇਸ ਮਾਮਲੇ ਵਿੱਚ ਫਿਲਹਾਲ ਕਿਸੇ ਖ਼ਿਲਾਫ਼ ਕੋਈ ਸ਼ੱਕ ਨਹੀਂ ਜਤਾਇਆ ਹੈ।
ਜਾਣਕਾਰੀ ਅਨੁਸਾਰ ਨਮਨਵੀਰ ਸਿੰਘ ਬਰਾੜ ਲੰਘੀ ਰਾਤ ਆਪਣੇ ਕਮਰੇ ਵਿੱਚ ਸੁੱਤਾ ਸੀ ਅਤੇ ਅੱਜ ਤੜਕੇ ਸਵੇਰੇ ਕਰੀਬ ਪੌਣੇ ਚਾਰ ਵਜੇ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਦੀ ਜਾਣਕਾਰੀ ਜਦੋਂ ਇਹ ਹਾਦਸਾ ਵਾਪਰਿਆ। ਉਸ ਸਮੇਂ ਬਰਾੜ ਆਪਣੇ ਕਮਰੇ ਵਿੱਚ ਇਕੱਲਾ ਹੀ ਸੀ। ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ। ਸਰਕਾਰੀ ਹਸਪਤਾਲ ਵਿੱਚ ਲਾਸ਼ ਦਾ ਪੋਸਟ ਮਾਰਟਮ ਕਰਨ ਵਾਲੀ ਡਾ. ਚੰਨਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਗੋਲੀ ਸੱਜੇ ਕੰਨ ਦੇ ਉੱਪਰਲੇ ਹਿੱਸੇ ਵਿੱਚ ਲੱਗ ਕੇ ਦੂਜੇ ਪਾਸੇ ਆਰਪਾਰ ਹੋ ਗਈ ਸੀ। ਪੋਸਟ ਮਾਰਟਮ ਦੌਰਾਨ ਮੈਡੀਕਲ ਟੀਮ ਨੂੰੂ ਸਿਰ ’ਚੋਂ ਗੋਲੀ ਦਾ ਇਕ ਛੋਟਾ ਜਿਹਾ ਟੁਕੜਾ ਹੀ ਮਿਲਿਆ ਹੈ। ਕੌਮਾਂਤਰੀ ਪੱਧਰ ਦੇ ਖਿਡਾਰੀ ਵੱਲੋਂ ਇਹ ਕਦਮ ਚੁੱਕਣ ਬਾਰੇ ਫਿਲਹਾਲ ਠੋਸ ਸੁਰਾਗ ਨਹੀਂ ਮਿਲ ਸਕਿਆ ਹੈ।

ਉਂਜ ਪਰਿਵਾਰ ਵੱਲੋਂ ਪੁਲੀਸ ਨੂੰ ਸਿਰਫ਼ ਏਨਾ ਹੀ ਦੱਸਿਆ ਗਿਆ ਕਿ ਨਮਨਵੀਰ ਬਰਾੜ ਅੱਜ-ਕੱਲ੍ਹ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਜਿਹਾ ਰਹਿੰਦਾ ਸੀ। ਸ਼ਾਇਦ ਇਸੇ ਕਰਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲੀਸ ਨੂੰ ਮੌਕਾ-ਏ-ਵਾਰਦਾਤ ਤੋਂ ਕੋਈ ਖ਼ੁਦਕੁਸ਼ੀ ਨੋਟ ਵੀ ਨਹੀਂ ਮਿਲਿਆ ਹੈ ਅਤੇ ਪਰਿਵਾਰ ਨੂੰ ਵੀ ਕਿਸੇ ਕਿਸਮ ਦੀ ਕੋਈ ਸ਼ੰਕਾ ਨਹੀਂ ਹੈ। ਨਮਨਵੀਰ ਇਸੇ ਸਾਲ ਮਾਰਚ ਵਿੱਚ ਦਿੱਲੀ ਵਿਖੇ ਹੋਏ ਸ਼ੂਟਿੰਗ ਵਰਲਡ ਕੱਪ ਮੁਕਾਬਲਿਆਂ ਵਿੱਚ ਚੌਥੇ ਨੰਬਰ ’ਤੇ ਆਇਆ ਸੀ। ਉਸ ਨੇ 2015 ਵਿੱਚ ਗਵਾਂਗਜੂ, ਸਾਊਥ ਕੋਰੀਆ ਵਿੱਚ ਹੋਏ ਵਰਲਡ ਯੂਨੀਵਰਸਿਟੀ ਗੇਮਜ਼ ਡਬਲ ਟਰੈਪ ਸ਼ੂਟਿੰਗ ਮੁਕਾਬਲੇ ਵਿੱਚ ਵੀ ਕਾਂਸੇ ਦਾ ਤਮਗਾ ਜਿੱਤਿਆ ਸੀ।
ਮੁਹਾਲੀ ਦੇ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਬੰਧੀ ਮਟੌਰ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਅਰਵਿੰਦਰ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Agriculture & Forrest

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…