ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਗੱਤਕੇਬਾਜਾਂ ਨੇ ਖੇਲੋ ਇੰਡੀਆ ਖੇਡਾਂ ‘ਚ ਜਿੱਤੇ ਮੈਡਲ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ ਜੂਨ 13:
ਤਾਊ ਦੇਵੀ ਲਾਲ ਸਟੇਡੀਅਮ ਪੰਚਕੂਲਾ, ਹਰਿਆਣਾ ਵਿੱਚ ਭਾਰਤੀ ਖੇਡ ਮੰਤਰਾਲੇ ਵੱਲੋਂ ਆਯੋਜਿਤ ਚੌਥੀਆਂ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਗੱਤਕੇ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 16 ਰਾਜਾਂ ਦੇ 250 ਤੋਂ ਵੱਧ ਲੜਕੇ-ਲੜਕੀਆਂ ਨੇ ਭਾਗ ਲਿਆ। ਇਨ੍ਹਾਂ ਰਾਸ਼ਟਰੀ ਮੁਕਾਬਲਿਆਂ ਵਿੱਚ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਅਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਗੱਤਕਾ ਅਖਾੜਾ ਮੋਹਾਲੀ ਦੇ ਗੱਤਕੇਬਾਜਾਂ ਨੇ ਕਈ ਮੈਡਲ ਜਿੱਤੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ) ਦੇ ਕੋਚ ਯੋਗਰਾਜ ਸਿੰਘ ਨੇ ਦੱਸਿਆ ਕਿ ਐਨ.ਜੀ.ਏ.ਆਈ. ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਕਰਵਾਏ ਇਨਾਂ ਮੁਕਾਬਲਿਆਂ ਵਿੱਚ ਚੰਡੀਗੜ ਰਾਜ ਵੱਲੋਂ ਖੇਡਦੇ ਹੋਏ ਇੰਨਾਂ ਖਿਡਾਰੀਆਂ ਨੇ ਵੱਖ-ਵੱਖ ਤਗਮੇ ਜਿੱਤ ਕੇ ਚੰਡੀਗੜ੍ਹ ਦੇ ਝੋਲੀ ਵਿੱਚ ਪਾ ਕੇ ਕੌਂਸਲ ਅਤੇ ਅਖਾੜੇ ਦਾ ਨਾਮ ਉੱਚਾ ਕੀਤਾ ਹੈ।
ਉਨਾਂ ਦੱਸਿਆ ਕਿ ਚੰਡੀਗੜ੍ਹ ਦੀਆਂ ਲੜਕੀਆਂ ਦੀ ਟੀਮ ਨੇ ਲੜਕੀਆਂ ਦੇ ਵਰਗ ਵਿੱਚ ਸਮੁੱਚੀ ਚੈਂਪੀਅਨਸ਼ਿੱਪ ਜਿੱਤ ਕੇ ਮਾਣ ਵਧਾਇਆ। ਉਨਾਂ ਦੱਸਿਆ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੀਆਂ ਖਿਡਾਰਨਾਂ ਰਵਲੀਨ ਕੌਰ ਤੇ ਗੁਰਨੂਰ ਕੋਰ ਨੇ ਸਿੰਗਲ ਸੋਟੀ ਟੀਮ ਇਵੈਂਟ ਵਿੱਚ ਸੋਨੇ ਦੇ ਮੈਡਲ ਉਤੇ ਕਬਜਾ ਕੀਤਾ। ਰਵਲੀਨ ਕੌਰ ਨੇ ਆਪਣਾ ਦੂਜਾ ਸੋਨ ਤਗਮਾ ਸਿੰਗਲ ਸੋਟੀ ਵਿਅਕਤੀਗਤ ਈਵੈਂਟ ਵਿੱਚ ਪ੍ਰਾਪਤ ਕੀਤਾ ਹੈ।
ਇਸੇ ਤਰਾਂ ਲੜਕਿਆਂ ਦੇ ਵਰਗ ਵਿੱਚ ਤੇਜਪ੍ਰਤਾਪ ਸਿੰਘ ਜੱਸੜ ਤੇ ਗੁਰਚਰਨ ਸਿੰਘ ਨੇ ਸਿੰਗਲ ਸੋਟੀ ਟੀਮ ਇਵੈਂਟ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਤੇਜਪ੍ਰਤਾਪ ਸਿੰਘ ਜੱਸੜ ਨੇ ਸਿੰਗਲ ਸੋਟੀ ਵਿਅਗਤੀਗਤ ਮੁਕਾਬਲੇ ਵਿੱਚੋਂ ਦੂਜਾ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ ਹੈ।
ਐਨ.ਜੀ.ਏ.ਆਈ. ਦੇ ਕੋਚ ਯੋਗਰਾਜ ਸਿੰਘ ਨੇ ਕਿਹਾ ਕਿ ਖਿਡਾਰੀਆਂ ਵੱਲੋਂ ਕੀਤੀ ਹੋਈ ਦਿਨ ਰਾਤ ਦੀ ਮਿਹਨਤ ਸਦਕਾ ਇਹ ਉਚੀਆਂ ਮੰਜਿਲਾਂ ਤੱਕ ਪਹੁੰਚੇ ਹਨ ਜਿਸ ਲਈ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਤਹਿ ਦਿਲੋੰ ਵਧਾਈਆਂ ਦਿੱਤੀਆਂ ਹਨ ਜਿਨ੍ਹਾਂ ਨੇ ਹਮੇਸ਼ਾਂ ਬੱਚਿਆਂ ਨੂੰ ਇਸ ਕਾਰਜ ਲਈ ਪ੍ਰੇਰਿਤ ਕੀਤਾ। ਏਕ ਪਿਤਾ ਏਕਸ ਕੇ ਹਮ ਬਾਰਿਕ ਗੱਤਕਾ ਅਖਾੜੇ ਦੇ ਬੱਚੇ ਹੁਣ ਤੱਕ ਕਈ ਟੂਰਨਾਮੈਂਟਾਂ ਵਿੱਚ ਮੈਡਲ ਜਿੱਤ ਚੁੱਕੇ ਹਨ ਤੇ ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਆੱਫ ਇੰਡੀਆ ਰਾਹੀਂ 10,000 ਪ੍ਰਤੀ ਮਹੀਨਾ ਸ਼ਕਾਲਰਸ਼ਿੱਪ ਵੀ ਪ੍ਰਾਪਤ ਕਰ ਚੁੱਕੇ ਹਨ।