ਸਰਕਾਰੀ ਕਾਲਜ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ਅੰਤਰਰਾਸ਼ਟਰੀ ਵੈਬਿਨਾਰ

ਸਮਕਾਲ ਵਿੱਚ ਸਾਨੂੰ ਸਾਰਿਆਂ ਨੂੰ ਸਿੱਖ ਫ਼ਲਸਫ਼ੇ ਤੋਂ ਸੇਧ ਲੈਣ ਦੀ ਲੋੜ: ਡਾ. ਜਤਿੰਦਰ ਕੌਰ

ਵੈਬਿਨਾਰ ਵਿੱਚ ਦੇਸ਼ ਵਿਦੇਸ਼ ਤੋਂ 550 ਡੈਲੀਗੇਟਾਂ ਨੇ ਭਾਗ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸੌਰਿਆ ਚੱਕਰ) ਸਰਕਾਰੀ ਕਾਲਜ ਫੇਜ਼-6 ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਮੌਕੇ ‘ਮਾਨਵੀ ਅਧਿਕਾਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਯਾਤਰਾਵਾਂ ਅਤੇ ਸਿੱਖਿਆਵਾਂ’ ਵਿਸ਼ੇ ਉੱਤੇ ਅੰਤਰਰਾਸ਼ਟਰੀ ਵੈਬਿਨਾਰ ਕਰਵਾਇਆ ਗਿਆ। ਉਦਘਾਟਨੀ ਭਾਸ਼ਣ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਚਾਂਸਲਰ ਡਾ. ਜਗਬੀਰ ਸਿੰਘ, ਕੁੰਜੀਵਤ ਭਾਸ਼ਣ ਅਮਰੀਕਾ ਤੋਂ ਡਾ. ਦਲਵੀਰ ਸਿੰਘ ਪੰਨੂ ਅਤੇ ਪ੍ਰਧਾਨਗੀ ਭਾਸ਼ਣ ਡਾ. ਉਪਿੰਦਰਜੀਤ ਕੌਰ ਤੱਖੜ ਡਾਇਰੈਕਟਰ ਸੈਂਟਰ ਫਾਰ ਪੰਜਾਬੀ ਅਤੇ ਸਿੱਖ ਸਟੱਡੀਜ਼, ਯੂਨੀਵਰਸਿਟੀ ਆਫ਼ ਵਾਲਵਰਹੈਮਪਟਨ ਯੂਕੇ ਨੇ ਦਿੱਤਾ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਜਤਿੰਦਰ ਕੌਰ ਨੇ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਨੇ ਅਣਮਨੁੱਖੀ ਸਾਮਰਾਜ ਦੇ ਖ਼ਾਤਮੇ ਦਾ ਮੁੱਢ ਬੰਨ੍ਹ ਕੇ ਮੁਗ਼ਲ ਹਕੂਮਤ ਦੀ ਧਾਰਮਿਕ ਕੱਟੜਤਾ ਨੂੰ ਲੋਕਾਂ ਦਾ ਫ਼ਲਸਫ਼ਾ ਨਹੀਂ ਬਣਨ ਦਿੱਤਾ। ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ. ਜਗਬੀਰ ਸਿੰਘ ਨੇ ਕਿਹਾ ਕਿ ਗੁਰੂ ਜੀ ਦੀ ਬਾਣੀ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਮਨਾਂ ਨੂੰ ਜਗਾ ਕੇ ਉੱਚਤਮ ਅਧਿਆਤਮਕ ਜੀਵਨ ਜਿਊਣ ਲਈ ਅਗਾਹ ਬਲ ਪ੍ਰਦਾਨ ਕਰਦੀ ਹੈ। ਸਮਕਾਲ ਵਿੱਚ ਸਾਨੂੰ ਸਾਰਿਆਂ ਨੂੰ ਸਿੱਖ ਫ਼ਲਸਫ਼ੇ ਤੋਂ ਸੇਧ ਲੈਣ ਦੀ ਲੋੜ ਹੈ।
ਡਾ. ਦਲਵੀਰ ਸਿੰਘ ਪੰਨੂ ਨੇ ਗੁਰੂ ਸਾਹਿਬ ਬਾਰੇ ਅਸਾਮੀ ਅਤੇ ਫਾਰਸੀ ਵਿੱਚ ਮਿਲੀਆਂ ਲਿਖਤਾਂ ਅਤੇ ਹੋਰ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਗੁਰੂ ਜੀ ਦੀ ਸ਼ਹਾਦਤ ਬਾਰੇ ਤੱਥਾਂ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਸਿੱਖ ਇਤਿਹਾਸ ਬਾਰੇ ਆਲਮੀ ਪੱਧਰ ਉੱਪਰ ਖੋਜ ਅਤੇ ਇਤਿਹਾਸਕ ਸਰੋਤ ਜੁਟਾਉਣ ਉੱਪਰ ਜ਼ੋਰ ਦਿੱਤਾ ਤਾਂ ਜੋ ਸਿੱਖ ਹਿਸਟਰੀ ਵਿਸ਼ਵ ਪੱਧਰ ਤੇ ਪੜ੍ਹਾਈ ਜਾ ਸਕੇ। ਗੁਰਦਾਸ ਫਡਵਾਲ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਬਾਰੇ ਪੀਪੀਟੀ ਰਾਹੀਂ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਉਪਦੇਸ਼ ਸਾਨੂੰ ਸੁੱਖ ਦੁੱਖ ਵਿੱਚ ਅਡੋਲ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਡਾ. ਰਾਕੇਸ਼ ਬਾਵਾ ਨੇ ਆਪਣੇ ਵਿਸ਼ੇਸ਼ ਲੈਕਚਰ ਦੌਰਾਨ ਕਿਹਾ ਕਿ ਗੁਰੂ ਜੀ ਦੀ ਅਲਾਹੀ ਬਾਣੀ ਤਿਆਗ ਅਤੇ ਤਪੱਸਿਆ ਵਿਚ ਭਿੱਜੀ ਹੋਈ ਹੈ। ਗੁਰੂ ਜੀ ਦੇ ਸਲੋਕ ਮਨੁੱਖ ਨੂੰ ਲੋਭ ਲਾਲਚ ਵਿਚੋਂ ਕੱਢ ਕੇ ਰੂਹਾਨੀਅਤ ਦਾ ਮਾਰਗ ਦਰਸਾਉਂਦੇ ਹਨ। ਡਾ. ਉਪਿੰਦਰਜੀਤ ਕੌਰ ਤੱਖੜ ਨੇ ਯੂਕੇ ਅਤੇ ਹੋਰ ਦੇਸ਼ਾਂ ਵਿਚ ਕਰਵਾਈ ਜਾ ਰਹੀ ਸਿੱਖ ਸਟੱਡੀਜ਼ ਬਾਰੇ ਬੋਲਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਸਿੱਖ ਇਤਿਹਾਸ ਦਾ ਉਪਲਬਧ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫ਼ੇ ਦਾ ਵਿਸ਼ਵ ਪੱਧਰੀ ਚਿੰਤਨ ਕਰਦਿਆਂ ਉਸ ਅਨੁਸਾਰ ਜ਼ਿੰਦਗੀ ਜਿਊਣ ਲਈ ਪ੍ਰੇਰਿਆ।
ਵੈਬਿਨਾਰ ਦੇ ਕੋ-ਕਨਵੀਨਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਗੁਰੂ ਜੀ ਲਾਸਾਨੀ ਸ਼ਹਾਦਤ ਨੇ ਵਿਸ਼ਵ ਪੱਧਰ ਉੱਪਰ ਮਾਨਵੀ ਅਧਿਕਾਰਾਂ ਦੇ ਸਿਧਾਂਤ ਨੂੰ ਸਥਾਪਤੀ ਬਖ਼ਸ਼ੀ ਅਤੇ ਸਿੱਖ ਅਦਬ ਨੂੰ ਨਵੀਂ ਚੇਤਨਾ ਅਤੇ ਸੋਧ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆਂ ਕਿ ਇਸ ਵੈਬਿਨਾਰ ਵਿੱਚ ਦੇਸ਼ ਵਿਦੇਸ਼ ਤੋਂ 550 ਡੈਲੀਗੇਟਾਂ ਨੇ ਭਾਗ ਲਿਆ। ਕਨਵੀਨਰ ਪ੍ਰੋ. ਘਣਸ਼ਾਮ ਸਿੰਘ ਭੁੱਲਰ ਨੇ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਬਾਰੇ ਬੋਲਦਿਆਂ ਕਿਹਾ ਕਿ ਸਿੱਖ ਇਤਿਹਾਸ ਬਾਰੇ ਸਾਡੀਆਂ ਪੀੜੀਆਂ ਨੂੰ ਜਾਣੂ ਕਰਵਾਉਣਾ ਸਾਡਾ ਇਖ਼ਲਾਕੀ ਫਰਜ਼ ਹੈ ਜਿਸ ਕਰਕੇ ਇਸ ਵੈਬਿਨਾਰ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਸਾਰੇ ਵਿਦਵਾਨਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ। ਵੈਬਿਨਾਰ ਲਈ ਤਕਨੀਕੀ ਸਹਿਯੋਗ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…