
ਕੌਮਾਂਤਰੀ ਮਹਿਲਾ ਦਿਵਸ: ਅੌਰਤਾਂ ਲਈ ਮੁਫ਼ਤ ਕੈਂਸਰ ਜਾਂਚ ਤੇ ਮੈਮੋਗਰਾਫ਼ੀ ਕੈਂਪ ਲਾਇਆ
ਸੀਜੀਸੀ ਕਾਲਜ ਲਾਂਡਰਾਂ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਹ ਮੈਮੋਗਰਾਫ਼ੀ ਕੈਂਪ ਨਰਗਿਸ ਦੱਤ ਫਾਊਂਡੇਸ਼ਨ ਐਂਡ ਜੀਤੋ ਮੁਹਿੰਮ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਦੌਰਾਨ ਸ੍ਰੀ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਸੈਂਕੜੇ ਅੌਰਤਾਂ ਦੀ ਜਾਂਚ ਕੀਤੀ।
ਇਸ ਮੌਕੇ ਅੌਰਤ ਰੋਗਾਂ ਦੀ ਮਾਹਰ ਡਾ. ਸ਼ਵੇਤਾ ਤਹਿਲਾਨ, ਸਮਾਜਿਕ ਤੇ ਖੇਡ ਕਾਰਕੁਨ ਦੀਪਇੰਦਰ ਸ਼ੇਰਗਿੱਲ, ਡਾ. ਸੋਨੀਆ ਢਾਕਾ ਸਲਾਹਕਾਰ ਸੋਹਾਣਾ ਹਸਪਤਾਲ, ਕੌਮੀ ਪੱਧਰ ਦੀ ਮਾਸਟਰ ਐਥਲੀਟ ਉਪਿੰਦਰ ਕੌਰ ਸੇਖੋਂ, ਡਾ. ਰਮਨਦੀਪ ਕੌਰ, ਗੁਰਲੀਨ ਕੌਰ ਪੱਤਰਕਾਰ ਫ਼ਿਲਮ ਆਲੋਚਕ, ਮੁਬਾਰਕ ਸੰਧੂ ਨੇ ਸ਼ਿਰਕਤ ਕੀਤੀ। ਸੀਜੀਸੀ ਗਰੁੱਪ ਦੇ 400 ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੀ ਭਾਗ ਲਿਆ। ਵੱਖ-ਵੱਖ ਬੁਲਾਰਿਆਂ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਅਤੇ ਇਲਾਜ ਲਈ ਮੁੱਢਲੇ ਲੱਛਣਾਂ ਦੀ ਜਲਦੀ ਪਛਾਣ ਕਰਨ ਅਤੇ ਰੋਜ਼ਾਨਾ ਸਕਰੀਨਿੰਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਡਾ ਸ਼ਵੇਤਾ ਤਹਿਲਾਨ ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਮੁਕਾਬਲਾ ਕਰਨ ਅਤੇ ਬਚਾਅ ਲਈ ਸਹਾਈ ਹੁੰਦੀ ਹੈ।

ਉਨ੍ਹਾਂ ਅੌਰਤਾਂ ਵਿੱਚ ਵੱਖ-ਵੱਖ ਕਿਸਮ ਦੇ ਕੈਂਸਰ ਦੇ ਲੱਛਣਾਂ, ਸਕਰੀਨਿੰਗ ਅਤੇ ਟੈਸਟਿੰਗ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ, ਜਿਨ੍ਹਾਂ ’ਚੋਂ ਸਰਵਾਈਕਲ ਕੈਂਸਰ, ਛਾਤੀ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਅੰਡਕੋਸ਼ ਦਾ ਕੈਂਸਰ ਸ਼ਾਮਲ ਹਨ। ਡਾ. ਸ਼ਵੇਤਾ ਨੇ ਐਚਪੀਵੀ ਵੈਕਸੀਨ ਵਰਗੇ ਟੀਕਿਆਂ ਦੀ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਵੱਡੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਿਹਤਮੰਦ ਖਾਣਾ, ਜੀਵਨ-ਸ਼ੈਲੀ ਨੂੰ ਐਕਟਿਵ ਤੇ ਕਾਇਮ ਰੱਖਣਾ, ਪਦਾਰਥਾਂ ਦੀ ਦੁਰਵਰਤੋਂ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ।