ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਮਨੁੱਖ ਦੇ ਸੰਪੂਰਨ ਵਿਕਾਸ ਲਈ ਯੋਗ ਇੱਕ ਉੱਤਮ ਵਿਧੀ: ਜੇਐਸ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਮੁਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਸੋਮਵਾਰ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਕੋਵਿਡ ਮਹਾਮਾਰੀ ਦੇ ਚੱਲਦਿਆਂ ਇਸ ਸਬੰਧੀ ਆਨਲਾਈਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਇੰਸਟੀਚਿਊਟ ਦੇ ਵਿਦਿਆਰਥੀਆਂ ਸਮੇਤ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਐਨਸੀਸੀ ਕੈਡਿਟਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੀਐਸ ਬੇਦੀ ਨੇ ਦੱਸਿਆ ਕਿ ਯੋਗ ਦਿਵਸ ਮੌਕੇ ਕੋਵਿਡ ਨਿਯਮਾਂ ਅਤੇ ਫਿਜ਼ੀਕਲ ਦੂਰੀ ਦਾ ਖਾਸ ਧਿਆਨ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮਨੁੱਖ ਦੇ ਸੰਪੂਰਨ ਵਿਕਾਸ ਲਈ ਯੋਗ ਇੱਕ ਉੱਤਮ ਵਿਧੀ ਹੈ। ਜਿਸ ਰਾਹੀਂ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਰਜਸ਼ੀਲ ਰਹਿੰਦੀ ਹੈ। ਇੱਥੋਂ ਦੇ ਯੋਗਾ ਪਾਰਕ ਸੈਕਟਰ-77 ਵਿਖੇ ਯੋਗਾ ਕੈਂਪ ਲਗਾਇਆ ਗਿਆ। ਇਸ ਮੌਕੇ ਯੋਗਾ ਮੁਖੀ ਗੁਰਇਕਬਾਲ ਸਿੰਘ ਜੌਹਲ, ਕਾਂਗਰਸੀ ਕੌਂਸਲਰ ਸੁੱਚਾ ਸਿੰਘ ਕਲੋੜ, ਪਿਆਰਾ ਸਿੰਘ ਤੁਰ ਅਤੇ ਕੈਪਟਨ ਬਲਵਿੰਦਰ ਸਿੰਘ ਵੀ ਹਾਜ਼ਰ ਸਨ।
ਪਿੰਡ ਸ਼ਾਹੀ ਮਾਜਰਾ ਵਿੱਚ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਯੋਗ ਮਨੁੱਖੀ ਸਰੀਰ ਅਤੇ ਮਨ ਦੋਵਾਂ ਨੂੰ ਤੰਦਰੁਸਤ ਰੱਖਦਾ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਰੁਝੇਵੇਂ ਭਰੀ ਜ਼ਿੰਦਗੀ ’ਚੋਂ ਸਮਾਂ ਕੱਢ ਕੇ ਯੋਗ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਸਾਬਕਾ ਕੌਂਸਲਰ ਅਸ਼ੋਕ ਝਾਅ, ਭਾਜਪਾ ਮੰਡਲ ਪ੍ਰਧਾਨ ਅਨਿਲ ਕੁਮਾਰ ਗੁੱਡੂ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਭਾਰਤ ਵਿਕਸ ਪ੍ਰੀਸ਼ਦ ਵੱਲੋਂ ਸੈਕਟਰ-63 ਦੇ ਪਾਰਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਸੰਸਥਾ ਦੇ ਸਕੱਤਰ ਐਨਕੇ ਕਲਸੀ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਸਾਊਥ 7 ਵੱਲੋਂ ਬੇਅੰਤ ਸਿੰਘ ਦੀ ਪ੍ਰਧਾਨਗੀ ਜਗਤਾਰ ਸਿੰਘ ਬੈਨੀਪਾਲ ਅਤੇ ਵਿਨੈ ਮਲਹੋਤਰਾ ਦੀ ਅਗਵਾਈ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਯੋਗ ਆਚਾਰਿਆ ਪੰਡਿਤ ਖ਼ੁਸ਼ੀ ਰਾਮ ਨੇ ਹਾਜ਼ਰ ਮੈਂਬਰਾਂ ਨੂੰ ਯੋਗ ਦੇ ਵੱਖ-ਵੱਖ ਆਸਨ ਕਰਵਾਏ। ਇਸ ਮੌਕੇ ਜਰਨੈਲ ਸਿੰਘ ਨੇ ਹਲਦੀ ਦੁੱਧ ਦੀ ਸੇਵਾ ਕੀਤੀ।
ਇੰਜ ਹੀ ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਚੇਅਰਮੈਨ ਕੇਕੇ ਸੈਣੀ ਦੀ ਅਗਵਾਈ ਹੇਠ ਸਰਕਾਰੀ ਹੈਲਥ ਸੈਂਟਰ ਮਟੌਰ (ਸੈਕਟਰ-70) ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਅਤੇ ਸਿਲਾਈ ਸੈਂਟਰ ਦੀਆਂ ਸਿੱਖਿਆਰਥਣਾਂ ਨੇ ਯੋਗ ਆਸਨ ਕੀਤੇ।
ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ. ਜਤਿੰਦਰ ਕੌਰ ਦੀ ਅਗਵਾਈ ਹੇਠ ਸੱਤਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਆਨਲਾਈਨ ਵਿਧੀ ਰਾਹੀਂ ਮਨਾਇਆ ਗਿਆ। ਕਾਲਜ ਦੇ ਐਨਐਸਐਸ, ਐਨਸੀਸੀ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰੋਗਰਾਮ ਘਰ ਵਿੱਚ ਯੋਗਾ ਅਤੇ ਪਰਿਵਾਰ ਨਾਲ ਯੋਗਾ ਵਿਸ਼ੇ ਨੂੰ ਲੈ ਕੇ ਕਰਵਾਇਆ ਗਿਆ।

ਇਸ ਮੌਕੇ ਪ੍ਰੋਗਰਾਮ ਦੇ ਰਿਸੋਰਸ ਪਰਸਨ ਡਾ. ਜਸਲੀਨ ਕੌਰ ਸਭਰਵਾਲ ਮੁਖੀ ਡਿਵਾਈਨ ਯੋਗਾ ਅਕੈਡਮੀ ਨੇ ਗੂਗਲ ਮੀਟ ਮਾਧਿਅਮ ਰਾਹੀਂ ਯੋਗ ਦੇ ਆਸਨ ਕਰਵਾਏ ਅਤੇ ਯੋਗ ਦੁਆਰਾ ਹੋਣ ਵਾਲੇ ਫਾਇਦਿਆਂ ਬਾਰੇ ਵੀ ਦੱਸਿਆ। ਕਾਲਜ ਦੀ ਪ੍ਰਿੰਸੀਪਲ ਡਾ. ਜਤਿੰਦਰ ਕੌਰ ਨੇ ਕਿਹਾ ਕਿ ਯੋਗ-ਅਭਿਆਸ ਨਾਲ ਅਸੀਂ ਆਪਣੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਸਕਦੇ ਹਾਂ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਸਿਮਰਪ੍ਰੀਤ ਕੌਰ ਅਤੇ ਐਨਐਸਐਸ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਅਸੀਸ ਕੁਮਾਰ ਬਾਜਪੇਈ ਅਤੇ ਐਨਸੀਸੀ ਬਟਾਲੀਅਨ ਦੇ ਅਫ਼ਸਰ ਲੈਫ਼ਟੀਨੈਂਟ ਪ੍ਰੋ. ਸੁਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …