
ਅੰਤਰਰਾਸ਼ਟਰੀ ਯੂਥ ਦਿਵਸ: ਸੰਤ ਈਸ਼ਰ ਸਿੰਘ ਸਕੂਲ ਵਿੱਚ ਵਾਦ-ਵਿਵਾਦ ਪ੍ਰਤੀਯੋਗਤਾ
ਨਵੇਂ ਨਰੋਏ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਯੋਗ ਅਗਵਾਈ ਤੇ ਚੰਗੀ ਲੀਡਰਸ਼ਿਪ ਦੀ ਲੋੜ: ਸੰਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿਖੇ ਅੱਜ ਅੰਤਰਰਾਸ਼ਟਰੀ ਯੂਥ ਦਿਵਸ ਦੇ ਮੌਕੇ ਮੋਬਾਈਲ ਫੋਨ ਤੋਂ ਹੋਣ ਵਾਲੇ ਨੁਕਸਾਨਾਂ ਸਬੰਧੀ ਵਾਦ-ਵਿਵਾਦ ਪ੍ਰਤੀਯੋਗਤਾ ਕਾਰਵਾਈ ਗਈ। ਜਿਸ ਵਿੱਚ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੇ ਜਾਣਿਆ ਕਿ ਮੋਬਾਈਲ ਰੇਡੀਏਸ਼ਨ ਕਿੰਨੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣਦੀਆਂ ਹਨ ਅਤੇ ਮੋਬਾਈਲ ਰੇਡੀਏਸ਼ਨ ਵਿੱਚ ਮਾਈਕਰੋ ਵੇਵਸ ਵਧੇਰੇ ਹੁੰਦੀਆਂ ਹਨ, ਜੋ ਮਨੁੱਖੀ ਸਰੀਰ ਵਿੱਚ ਵਾਇਬਰਰੇਸ਼ਨ ਪੈਦਾ ਕਰਦੀਆਂ ਹਨ। ਜਿਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੇਂ ਨਰੋਏ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਯੋਗ ਅਗਵਾਈ ਅਤੇ ਚੰਗੀ ਲੀਡਰਸ਼ਿਪ ਦੀ ਸਖ਼ਤ ਲੋੜ ਹੈ ਤਾਂ ਯੁਵਾ ਪੀੜ੍ਹੀ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰ ਕੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਅਜਿਹੀ ਸ਼ਕਤੀ ਹੁੰਦੀ ਹੈ ਜੋ ਆਉਣ ਵਾਲੇ ਕੱਲ੍ਹ ਨੂੰ ਚੰਗਾ ਬਣਾ ਸਕਦੀ ਹੈ। ਨੌਜਵਾਨਾਂ ਵੱਲੋਂ ਕੀਤੀ ਸਖ਼ਤ ਮਿਹਨਤ ਉਨ੍ਹਾਂ ਦੇ ਭਵਿੱਖ ਵਿੱਚ ਜ਼ਿੰਦਗੀ ਭਰ ਕੰਮ ਆਉਂਦੀ ਹੈ। ਸਕੂਲ ਦੀ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਨੇ ਵੀ ਨੌਜਵਾਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਦੇ ਹੋਏ ਕਿਹਾ ਕਿ ਸਾਡੇ ਦੇਸ਼ ਨੂੰ ਕੁਸ਼ਲ ਨੌਜਵਾਨਾਂ ਦੀ ਲੋੜ ਹੈ। ਪ੍ਰਗਤੀਸ਼ੀਲ ਨੌਜਵਾਨ ਹੀ ਦੇਸ਼ ਦੀ ਉੱਨਤੀ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯੂਥ ਦਿਵਸ ਹਰ ਸਾਲ ਸੰਸਾਰ ਭਰ ਵਿੱਚ 12 ਅਗਸਤ ਨੂੰ ਮਨਾਇਆ ਜਾਂਦਾ ਹੈ। ਕਿਸੇ ਵੀ ਦੇਸ਼ ਦਾ ਵਿਕਾਸ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਸ ਦੇਸ਼ ਦੇ ਨੌਜਵਾਨ ਕਿੰਨੇ ਕੁ ਨਿਪੁੰਨ ਹਨ। ਇਸ ਗਤੀਵਿਧੀ ਦਾ ਉਦੇਸ਼ ਵੀ ਨੌਜਵਾਨਾਂ ਨੂੰ ਚੰਗੀਆਂ ਆਦਤਾਂ ਪ੍ਰਤੀ ਸੁਚੇਤ ਕਰਨਾ ਹੈ ਤਾਂ ਜੋ ਉਹ ਭਵਿੱਖ ਦੀਆਂ ਚੁਨੌਤੀਆਂ ਦਾ ਟਾਕਰਾ ਕਰ ਸਕਣ।