
ਪੰਜਾਬ ਪੁਲੀਸ ਵੱਲੋਂ ਅੰਤਰਰਾਜੀ ਕਾਰ ਚੋਰ ਗਰੋਹ ਦਾ ਪਰਦਾਫਾਸ਼, 4 ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਸਮੇਤ ਗੁਆਂਢੀ ਸੂਬਿਆਂ ’ਚੋਂ ਕਾਰਾਂ ਚੋਰੀ ਕਰਕੇ ਕਬਾੜ ਵਿੱਚ ਵੇਚਦੇ ਸਨ ਮੁਲਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਅੰਤਰਰਾਜੀ ਕਾਰ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਵਿਨੀਤ ਗੌਤਮ ਤੇ ਸ਼ੁਭਮ ਗੌਤਮ ਉਰਫ਼ ਟਿੰਕੂ, ਦੋਵੇਂ ਵਾਸੀ ਜੁਝਾਰ ਨਗਰ, ਪਿੰਡ ਝਿੱਲ (ਪਟਿਆਲਾ) ਹਾਲ ਵਾਸੀ ਗਗਨ ਵਿਹਾਰ ਭਾਦਸੋਂ ਰੋਡ, ਪਟਿਆਲਾ, ਗੱਗੀ ਵਾਸੀ ਭਾਦਸੋਂ ਰੋਡ ਪਟਿਆਲਾ ਹਾਲ ਵਾਸੀ ਮੁੰਡੀ ਖਰੜ ਅਤੇ ਸਵੇਸ਼ ਵਾਸੀ ਪਿੰਡ ਦਾਦੂਪੁਰ (ਉੱਤਰਾਖੰਡ) ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਚੋਰੀ ਦੀਆਂ 3 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਵਿਨੀਤ ਗੌਤਮ ਅਤੇ ਸ਼ੁਭਮ ਗੌਤਮ ਖ਼ਿਲਾਫ਼ ਪਹਿਲਾਂ ਵੀ ਮੁਹਾਲੀ ਸਮੇਤ ਪੰਚਕੂਲਾ, ਪਟਿਆਲਾ, ਲੁਧਿਆਣਾ, ਜਲੰਧਰ, ਰੂਪਨਗਰ ਅਤੇ ਚੰਡੀਗੜ੍ਹ ਦੇ ਵੱਖ ਵੱਖ ਥਾਣਿਆਂ ਵਿੱਚ ਕਰੀਬ 35 ਕਾਰਾਂ ਚੋਰੀ ਦੇ ਪਰਚੇ ਦਰਜ ਹਨ। ਇਹ ਦੋਵੇਂ ਕਬਾੜੀਏ ਦਾ ਕੰਮ ਕਰਦੇ ਹਨ ਜਦੋਂਕਿ ਸਵੇਸ਼ ਸਕਰੈਪ ਡੀਲਰ ਹੈ। ਐੱਸਐੱਸਪੀ ਗਰਗ ਨੇ ਦੱਸਿਆ ਕਿ ਮੁਹਾਲੀ ਦੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਤਫ਼ਤੀਸ਼ ਦੌਰਾਨ ਉਕਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਸਵਿਫ਼ਟ ਕਾਰਾਂ ਅਤੇ ਇੱਕ ਇੰਡਗੋ ਕਾਰ ਵੀ ਬਰਾਮਦ ਕੀਤੀ ਗਈ ਹੈ।
ਪੁਲੀਸ ਅਨੁਸਾਰ ਮੁਲਜ਼ਮ ਵਿਨੀਤ ਗੌਤਮ ਅਤੇ ਸ਼ੁਭਮ ਗੌਤਮ ਉਰਫ਼ ਟਿੰਕੂ ਅਤੇ ਗੱਗੀ ਆਪਸ ਵਿੱਚ ਮਿਲ ਕੇ ਜ਼ਿਆਦਾਤਰ ਰਾਤ ਸਮੇਂ ਕਾਰਾਂ ਚੋਰੀ ਕਰਦੇ ਸਨ। ਨਵੰਬਰ 2021 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਮੁਹਾਲੀ ਸਮੇਤ ਗੁਆਂਢੀ ਜ਼ਿਲ੍ਹਿਆਂ ਅਤੇ ਰਾਜਾਂ ’ਚੋਂ ਕਰੀਬ 35 ਕਾਰਾਂ ਚੋਰੀ ਕੀਤੀਆਂ ਹਨ। ਮੁਲਜ਼ਮ ਚੋਰੀ ਕੀਤੀਆਂ ਕਾਰਾਂ ਨੂੰ ਸਹਾਰਨਪੁਰ, ਯੂਪੀ ਅਤੇ ਕਾਲੇਸ਼ੀ ਉੱਤਰਾਖੰਡ ਦੇ ਸਕਰੈਪ ਡੀਲਰ ਸਵੇਸ਼ ਵੇਚ ਦਿੰਦੇ ਸਨ। ਇਹ ਸਕਰੈਪ ਡੀਲਰ ਅੱਗੇ ਕਾਰਾਂ ਦੇ ਪੁਰਜੇ ਅਤੇ ਲੋਹੇ ਨੂੰ ਕੱਟ ਵੱਡ ਕੇ ਸਕਰੈਪ ਬਣਾ ਕੇ ਅੱਗੇ ਵੇਚ ਦਿੰਦਾ ਸੀ।