ਜ਼ਿਲ੍ਹਾ ਪੁਲੀਸ ਵੱਲੋਂ ਐਂਬੂਲੈਂਸ ਦੀ ਆੜ ’ਚ ਅੰਤਰਰਾਜੀ ਨਾਰਕੋਟਿਕਸ ਸਮਗਲਿੰਗ ਗਰੋਹ ਦਾ ਪਰਦਾਫਾਸ਼, 3 ਕਾਬੂ

ਐਂਬੂਲੈਂਸ ਚਾਲਕ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ, 8 ਕਿੱਲੋ ਅਫ਼ੀਮ ਬਰਾਮਦ, ਪੁਲੀਸ ਨੇ ਐਂਬੂਲੈਂਸ ਵੀ ਕੀਤੀ ਜ਼ਬਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਮੁਹਾਲੀ ਪੁਲੀਸ ਨੇ ਐਂਬੂਲੈਂਸ ਦੀ ਆੜ ਵਿੱਚ ਅੰਤਰਰਾਜੀ ਨਾਰਕੋਟਿਕਸ ਸਮਗਲਿੰਗ ਗਰੋਹ ਦਾ ਪਰਦਾਫਾਸ਼ ਕਰਦਿਆਂ ਐਂਬੂਲੈਂਸ ਚਾਲਕ ਸਣੇ ਤਿੰਨ ਵਿਅਕਤੀਆਂ ਰਵੀ ਸ੍ਰੀਵਾਸਤਵ ਵਾਸੀ ਪਿੰਡ ਧਾਮੋਰਾ ਨੇੜੇ ਪੁਲੀਸ ਚੌਂਕੀ, ਥਾਣਾ ਸ਼ਹਿਜਾਦਨਗਰ, ਜ਼ਿਲ੍ਹਾ ਰਾਮਪੁਰ (ਯੂਪੀ) ਹਾਲ ਵਾਸੀ ਕਿਰਾਏਦਾਰ ਰਾਮ ਦਰਬਾਰ, ਚੰਡੀਗੜ੍ਹ, ਹਰਿੰਦਰ ਸ਼ਰਮਾ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਨਵਾਂ ਗਰਾਓਂ (ਮੁਹਾਲੀ) ਅਤੇ ਅੰਕੁਸ਼ ਕੁਮਾਰ ਵਾਸੀ ਨੇੜੇ ਆਟਾ ਚੱਕੀ, ਪਿੰਡ ਖੁੱਡਾ ਅਲੀਸ਼ੇਰ (ਚੰਡੀਗੜ੍ਹ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਮੁਹਾਲੀ ਦੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਮੁਹਾਲੀ ਦੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਪਿੰਡ ਦੱਪਰ ਨੇੜੇ ਟੋਲ ਪਲਾਜ਼ਾ ਨਜ਼ਦੀਕ ਨਾਕਾਬੰਦੀ ਕਰਕੇ ਸ਼ੱਕ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਅੰਬਾਲਾ ਸਾਈਡ ਤੋਂ ਆ ਰਹੀ ਇੱਕ ਐਂਬੂਲੈਂਸ ਵੈਨ ਨੂੰ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈਕਿੰਗ ਕੀਤੀ ਗਈ। ਪੁਲੀਸ ਅਨੁਸਾਰ ਐਂਬੂਲੈਂਸ ਵਿੱਚ ਇੱਕ ਵਿਅਕਤੀ ਸਚਰ ਨੁਮਾ ਸੀਟ ’ਤੇ ਮਰੀਜ਼ ਵਾਂਗ ਲੰਮਾ ਪਿਆ ਸੀ ਅਤੇ ਇੱਕ ਵਿਅਕਤੀ ਉਸ ਨਾਲ ਦੇਖਭਾਲ ਲਈ ਬੈਠਾ ਸੀ ਅਤੇ ਇੱਕ ਡਰਾਈਵਰ ਸੀਟ ’ਤੇ ਬੈਠਾ ਸੀ ਪਰ ਐਂਬੂਲੈਂਸ ਵੈਨ ਵਿੱਚ ਮੈਡੀਕਲ ਟੀਮ ਦਾ ਕੋਈ ਮੈਂਬਰ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਜਾਂ ਫ਼ਸਟ-ਏਡ (ਮੈਡੀਕਲ) ਕਿੱਟ ਮੌਜੂਦ ਸੀ।
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਪੁਲੀਸ ਨੇ ਸ਼ੱਕ ਪੈਣ ’ਤੇ ਐਂਬੂਲੈਂਸ ਵੈਨ ਨੂੰ ਚੰਗੀ ਤਰ੍ਹਾਂ ਚੈੱਕ ਕਰਨ ’ਤੇ ਮਰੀਜ਼ ਦਾ ਢੋਂਗ ਰੱਚ ਕੇ ਐਂਬੂਲੈਂਸ ਵਿੱਚ ਲੰਮਾ ਪਏ ਵਿਅਕਤੀ ਦੇ ਸਿਰ ਥੱਲੇ ਲਏ ਹੋਏ ਸਿਰਾਣੇ (ਤੱਕੀਆਂ) ਦੀ ਤਲਾਸ਼ੀ ਲਈ ਉੱਥੋਂ 8 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਚਾਲਕ ਸਮੇਤ ਤਿੰਨਾਂ ਵਿਅਕਤੀਆਂ ਖ਼ਿਲਾਫ਼ ਲਾਲੜੂ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰਕੇ ਮੌਕੇ ’ਤੇ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪਾ ਲਈ।

ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਹੀ ਮੁਲਜ਼ਮਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਐਂਬੂਲੈਂਸ ਮਾਰੂਤੀ ਵੈਨ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮ ਹੁਣ ਤੱਕ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਲਈ 10 ਤੋਂ 12 ਵਾਰ ਐਂਬੂਲੈਂਸ ਦੀ ਵਰਤੋਂ ਕਰਕੇ ਪ੍ਰਤੀ ਗੇੜਾ 8 ਤੋਂ 10 ਕਿੱਲੋ ਅਫ਼ੀਮ ਦੀ ਤਸਕਰੀ ਕਰ ਚੁੱਕੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਬਹੁਤ ਸੋਚੀ ਸਮਝੀ ਸਾਜ਼ਿਸ਼ ਤਹਿਤ ਨਸ਼ਿਆਂ ਦੀ ਤਸਕਰੀ ਲਈ ਐਂਬੂਲੈਂਸ ਵੈਨ ਦੀ ਵਰਤੋਂ ਕੀਤੀ ਜਾ ਰਹੀ ਸੀ ਕਿਉਂਕਿ ਇਨਸਾਨੀਅਤ ਦੇ ਨਾਤੇ ਐਂਬੂਲੈਂਸ ਵਿੱਚ ਮਰੀਜ਼ ਹੋਣ ਦੇ ਭੁਲੇਖੇ ਵਿੱਚ ਪੁਲੀਸ ਨਾਕਿਆਂ ਸਮੇਤ ਆਮ ਲੋਕ ਵੀ ਅਕਸਰ ਅਜਿਹੇ ਵਾਹਨਾਂ ਨੂੰ ਅੱਗੇ ਲੰਘਣ ਦੀ ਇਜ਼ਾਜਤ ਦੇ ਦਿੰਦੇ ਹਨ, ਪ੍ਰੰਤੂ ਮੁਲਜ਼ਮ ਐਂਬੂਲੈਂਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…