ਗੈਰ ਸਰਕਾਰੀ ਸੰਸਥਾਵਾਂ ਦਾ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ: ਡੀਜੀਐਸਈ

ਸਿੱਖਿਆ ਵਿਭਾਗ ਨੇ ਐੱਨਜੀਓਜ਼ ਦੇ ਨੁਮਾਇੰਦਿਆਂ ਨਾਲ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਅਨੁਕੂਲ ਵਾਤਾਵਰਨ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਿੱਖਿਆ ਖੇਤਰ ਵਿੱਚ ਆਪਣੇ ਪੱਧਰ ’ਤੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਦਿਆਰਥੀਆਂ ਦੀ ਬਿਹਤਰ ਸਿੱਖਿਆ ਲਈ ਕਾਰਜ ਕਰ ਰਹੀਆਂ ਗੈਰਸਰਕਾਰੀ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਡੀਜੀਐਸਈ ਪਰਦੀਪ ਕੁਮਾਰ ਅਗਰਵਾਲ ਨੇ ਅੱਜ ਸਿੱਖਿਆ ਭਵਨ ਵਿਖੇ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦ ਬਹੁਤ ਸਾਰੀਆਂ ਸੰਸਥਾਵਾਂ ਵਿਦਿਆਰਥੀਆਂ ਦੀਆਂ ਰੋਜ਼ਾਨਾ ਲੋੜਾਂ ਜਿਵੇਂ ਕਿ ਵਰਦੀ, ਕਾਪੀਆਂ, ਕਿਤਾਬਾਂ, ਸਟੇਸ਼ਨਰੀ ਪੂਰੀਆਂ ਕਰਨ ਵਿੱਚ ਆਪਣਾ ਯੋਗਦਾਨ ਦਿੰਦੀਆਂ ਸਨ ਪਰ ਹੁਣ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਡੀਜੀਐਸਈ ਨੇ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਹੁਣ ਐੱਨਜੀਓਜ਼ ਸਹਾਇਤਾ ਦਾ ਢੰਗ ਬਦਲ ਕੇ ਕਲਾਸਰੂਮ ਅੰਦਰ ਲੋੜੀਂਦੀ ਸੂਚਨਾ ਟੈਕਨਾਲੋਜੀ ਨੂੰ ਉਪਲਬਧ ਕਰਵਾਉਣ ਵਿੱਚ ਸਹਾਈ ਹੋ ਸਕਦੀਆਂ ਹਨ। ਸੰਸਥਾਵਾਂ ਸਵੈ ਇੱਛਾ ਨਾਲ ਬੱਚਿਆਂ ਦੇ ਗੁਣਾਤਮਕ ਪੱਧਰ ਨੂੰ ਉੱਚਾ ਚੁੱਕਣ ਲਈ ਸਿੱਖਣ-ਸਿਖਾਉਣ ਦੀਆਂ ਵਿਧੀਆਂ ਨੂੰ ਪੋਰਟਲ ’ਤੇ ਮੁਫ਼ਤ ਉਪਲਬਧ ਕਰਵਾ ਕੇ ਆਪਣਾ ਯੋਗਦਾਨ ਪਾ ਸਕਦੀਆਂ ਹਨ। ਇਸ ਮੌਕੇ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟਰੇਨਿੰਗਾਂ ਵੀ ਮੌਜੂਦ ਸਨ।
ਮੀਟਿੰਗ ਵਿੱਚ ਸਕੂਲੀ ਵਿਦਿਆਰਥੀਆਂ ਦੀ ਬਿਹਤਰ ਸਿੱਖਿਆ ਲਈ ਆਪਣੇ ਪੱਧਰ ‘ਤੇ ਕਰਜ ਕਰ ਰਹੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਵਲੰਟੀਅਰ ਆਪਣੇ ਪੱਧਰ ’ਤੇ ਜਾ ਕੇ ਸਕੂਲ ਸਮੇਂ ਤੋਂ ਬਾਅਦ ਵੀ ਬੱਚਿਆਂ ਨੂੰ ਜਮਾਤ ਦੇ ਪਾਠਕ੍ਰਮ ਅਨੁਸਾਰ ਪੜ੍ਹਾਉਂਦੇ ਹਨ। ਬਹੁਤ ਸਾਰੀਆਂ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਨੇ ਵਿਦਿਆਰਥੀਆਂ ਦੇ ਲਈ ਮੁਫ਼ਤ ਆਨਲਾਈਨ ਸਿੱਖਿਆ ਦਾ ਪ੍ਰਬੰਧ ਕੀਤਾ ਹੋਇਆ ਹੈ ਜਿਸ ਨਾਲ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਵਿਦਿਆਰਥੀ ਸਕੂਲ ਸਮੇਂ ਤੋਂ ਬਾਅਦ ਇਨ੍ਹਾਂ ਵੱਖ-ਵੱਖ ਪੋਰਟਲਾਂ ’ਤੇ ਉਪਲਬਧ ਸਿੱਖਣ ਸਹਾਇਕ ਸਮੱਗਰੀ ਜਿਵੇਂ ਕਿ ਆਨਲਾਈਨ ਵੀਡੀਓ ਪਾਠਾਂ ਨੂੰ ਦੇਖ ਕੇ ਵਿਸ਼ਾ ਵਸਤੂ ਦੀ ਸੂਝ-ਬੂਝ ਵਧਾ ਰਹੇ ਹਨ।
ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਕੂਲੀ ਸਿੱਖਿਆ ਦਾ ਪ੍ਰਭਾਵ ਜਾਣਨ ਲਈ ਬੱਚਿਆਂ ਨਾਲ ਘਰਾਂ ਵਿੱਚ ਮਿਲ ਕੇ ਉਨ੍ਹਾਂ ਦੇ ਸਿੱਖਣ ਪੱਧਰਾਂ ਦੀ ਜਾਂਚ ਕਰਕੇ ਸਿੱਖਿਆ ਦੀ ਬਿਹਤਰੀ ਲਈ ਹੋਰ ਕਿਹੜੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ’ਤੇ ਵੱਖ-ਵੱਖ ਵਿਸ਼ਲੇਸ਼ਣ ਕਰਤਾ ਕਾਰਜ ਕਰਦੇ ਹਨ। ਇਸਦੇ ਫੀਡਬੈਕ ਸਬੰਧੀ ਸਿੱਖਿਆ ਵਿਭਾਗ ਤੱਕ ਸੁਝਾਅ ਵੀ ਪਹੁੰਚਾਉਣ ਦਾ ਕਾਰਜ ਕੀਤਾ ਜਾਂਦਾ ਹੈ। ਇਨ੍ਹਾਂ ’ਚੋਂ ਕੁਝ ਸੰਸਥਾਵਾਂ ਨੇ ਦੱਸਿਆ ਕਿ ਕਲਾਸਰੂਮ ਵਿੱਚ ਪ੍ਰਭਾਵੀ ਸਿੱਖਿਆ ਦੇਣ ਲਈ ਅਧਿਆਪਕ ਦੀ ਸਮੇਂ-ਸਮੇਂ ਤੇ ਸਿਖਲਾਈ ਅਤੇ ਓਰੀਐਂਟੇਸ਼ਨ ਜ਼ਰੂਰੀ ਹੁੰਦੀ ਹੈ। ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਅਧਿਆਪਕ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਇਹ ਸੰਸਥਾਵਾਂ ਅਤੇ ਇਨ੍ਹਾਂ ਦੇ ਵਿਸ਼ਾ ਮਾਹਿਰ ਬਣਦਾ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਇਸ ਸਿਖਲਾਈ ਵਰਕਸ਼ਾਪ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਖ-ਵੱਖ ਐੱਨਜੀਓਜ਼ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦੇਣ ਲਈ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਆਪਣੇ ਕਾਰਜ ਵਿਧੀ, ਪ੍ਰਭਾਵ ਅਤੇ ਭਵਿੱਖੀ ਯੋਜਨਾਵਾਂ ਦਾ ਜ਼ਿਕਰ ਕੀਤਾ। ਇਨ੍ਹਾਂ ਵਿੱਚ ਮੁੱਖ ਤੌਰ ’ਤੇ ਸੈਂਟਰ ਸਕੂਏਅਰ ਫਾਊਂਡੇਸ਼ਨ, ਸਾਂਝੀ ਸਿੱਖਿਆ, ਅਮੈਰੀਕਨ ਇੰਡੀਆ ਫਾਊਂਡੇਸ਼ਨ, ਭਾਰਤੀ ਫਾਊਂਡੇਸ਼ਨ, ਜੇ-ਪੀਏਐੱਲ, ਖਾਨ ਅਕੈਡਮੀ, ਨਾਂਦੀ ਫਾਊਂਡੇਸ਼ਨ, ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ, ਆਰ.ਐੱਸ. ਫਾਉਂਡੇਸ਼ਨ, ਰਾਊਂਡ ਗਲਾਸ ਫਾਉਂਡੇਸ਼ਨ, ਸ੍ਰੀ ਅੌਰੋਂ ਇੰਫੋ ਸੋਸਾਇਟੀ ਅਤੇ ਹੋਰ ਐੱਨਜੀਓਜ਼ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਵਿੱਚ ਸਟੇਟ ਕੋਆਰਡੀਨੇਟਰ ਮਿਅੰਕ, ਸੁਸ਼ੀਲ ਭਾਰਦਵਾਜ, ਡਾ. ਹਰਪਾਲ ਸਿੰਘ ਬਾਜਕ, ਰਾਜਿੰਦਰ ਸਿੰਘ ਚਾਨੀ, ਨਿਰਮਲ ਕੌਰ, ਸੁਨੀਲ ਕੁਮਾਰ ਅਤੇ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…