
ਦ੍ਰਿਸ਼ਟਮਾਨ ਸੰਸਾਰ ਦੀ ਅਮੋਲਕ ਜੁਗਤ ਹੈ ‘ਗੁਰਬਾਣੀ ਜੀਵਨ ਰਹੱਸ’: ਡਾਕਟਰ ਬੈਦਵਾਨ
ਗੁਰਪ੍ਰੀਤ ਸਿੰਘ ਨਿਆਮੀਆਂ ਦੀ ਪੁਸਤਕ ਗੁਰਬਾਣੀ ਜੀਵਨ ਰਹੱਸ ’ਤੇ ਵਿਚਾਰ ਗੋਸ਼ਟੀ ਕਰਵਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਨਿਆਮੀਆਂ ਦੀ ਧਾਰਮਿਕ ਪੁਸਤਕ ‘ਗੁਰਬਾਣੀ ਜੀਵਨ ਰਹੱਸ’ ’ਤੇ ਵਿਚਾਰ ਗੋਸ਼ਟੀ ਦਾ ਆਯੋਜਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਉੱਘੇ ਪੁਆਧੀ ਲੇਖਕ ਡਾ. ਗੁਰਮੀਤ ਸਿੰਘ ਬੈਦਵਾਨ, ਸੈਂਟਰਲ ਜੇਲ੍ਹ ਰੂਪਨਗਰ ਦੇ ਵਧੀਕ ਸੁਪਰਡੈਂਟ ਹਰਸਿਮਰਨ ਸਿੰਘ ਬੱਲ, ਮਨਦੀਪ ਕੌਰ ਟਿਵਾਣਾ ਅਤੇ ਗੁਰਪ੍ਰੀਤ ਸਿੰਘ ਨਿਆਮੀਆਂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਡਾ. ਕਰਮਜੀਤ ਸਿੰਘ ਚਿੱਲਾ ਨੇ ਮੰਚ ਸੰਚਾਲਨ ਕੀਤਾ ਅਤੇ ਸਾਰਿਆਂ ਦੀ ਜਾਣ ਪਛਾਣ ਕਰਵਾਈ।
ਪੁਸਤਕ ਬਾਰੇ ਬੋਲਦਿਆਂ ਡਾ. ਗੁਰਮੀਤ ਸਿੰਘ ਬੈਦਵਾਨ ਨੇ ਇਸ ਨੂੰ ਦ੍ਰਿਸ਼ਟਮਾਨ ਸੰਸਾਰ ਦੀ ਅਮੋਲਕ ਜੁਗਤ ਦੱਸਦੇ ਹੋਏ ਵਡਿਆਇਆ। ਉਨ੍ਹਾਂ ਕਿਹਾ ਕਿ ਇਹ ਪੁਸਤਕ ਪੜ੍ਹ ਕੇ ਮਨੁੱਖ ਵਿੱਚ ਗੁਰਬਾਣੀ ਨੂੰ ਹੋਰ ਵੀ ਨੇੜਿਓਂ ਜਾਣਨ ਦੀ ਇੱਛਾ ਪੈਦਾ ਹੁੰਦੀ ਹੈ। ਉਨ੍ਹਾਂ ਪੁਆਧੀ ਅਤੇ ਟਕਸਾਲੀ ਬੋਲੀ ਵਿੱਚ ਬੋਲਦਿਆਂ ਆਪਣਾ ਪਰਚਾ ਸੰਪੂਰਨ ਕੀਤਾ। ਉਨ੍ਹਾਂ ਕਿਹਾ ਕਿ ਪੁਸਤਕ ਗੁਰਬਾਣੀ ਜੀਵਨ ਰਹੱਸ ਵੱਖ-ਵੱਖ ਵਿਸ਼ਿਆਂ ’ਤੇ ਝਾਤ ਪਾਉਂਦੀ ਹੈ। ਇਹ ਜੀਵਨ ਬਾਰੇ ਵੀ ਦੱਸਦੀ ਹੈ ਅਤੇ ਗੁਰਬਾਣੀ ਬਾਰੇ ਵੀ ਅਤੇ ਇਨ੍ਹਾਂ ਦੋਵਾਂ ਦੇ ਪਿੱਛੇ ਛੁਪੇ ਰਹੱਸ ਬਾਰੇ ਵੀ ਚਾਨਣਾ ਪਾਉਂਦੀ ਹੈ।
ਡਾ. ਮਨਦੀਪ ਕੌਰ ਟਿਵਾਣਾ ਨੇ ਕਿਹਾ ਕਿ ਇਹ ਪੁਸਤਕ ਇੰਨੀ ਸਰਲ ਭਾਸ਼ਾ ਵਿੱਚ ਲਿਖੀ ਹੋਈ ਹੈ ਕਿ ਗੁਰਬਾਣੀ ਨਾ ਜਾਣਨ ਵਾਲਿਆਂ ਲਈ ਵੀ ਇਹ ਗੁਰਬਾਣੀ ਪ੍ਰਤੀ ਆਕਰਸ਼ਨ ਪੈਦਾ ਕਰਦੀ ਹੈ ਅਤੇ ਵਿਅਕਤੀ ਨੂੰ ਇਹ ਲੱਗਦਾ ਹੈ ਕਿ ਉਸ ਨੂੰ ਗੁਰਬਾਣੀ ਬਾਰੇ ਹੋਰ ਜਾਣਨਾ ਚਾਹੀਦਾ ਹੈ। ਸੈਂਟਰਲ ਜੇਲ੍ਹ ਪਟਿਆਲਾ ਦੇ ਵਧੀਕ ਸੁਪਰਡੈਂਟ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਰਹੱਸ ਸ਼ਬਦ ਬਹੁਤ ਗਹਿਰੀ ਗੱਲ ਕਰਦਾ ਹੈ, ਉਨ੍ਹਾਂ ਕਿਹਾ ਕਿ ਜ਼ਿੰਦਗੀ ਇੱਕ ਰਹੱਸ ਹੈ ਅਤੇ ਇਸ ਰਹੱਸ ਨੂੰ ਜਾਣਨਾ ਹਰੇਕ ਵਿਅਕਤੀ ਦੀ ਇੱਛਾ ਹੁੰਦੀ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਰਹੱਸ ਬਾਰੇ ਜਾਣਨਾ ਵੀ ਹਰ ਇੱਕ ਵਿਅਕਤੀ ਦੀ ਤਾਂਘ ਹੁੰਦੀ ਹੈ।

ਆਪਣੀ ਪੁਸਤਕ ਬਾਰੇ ਬੋਲਦਿਆਂ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਬਜ਼ੁਰਗਾਂ ਤੋਂ ਗੁਰਬਾਣੀ ਦੀ ਲਗਨ ਲੱਗ ਗਈ ਸੀ, ਜਿਸ ਕਰਕੇ ਉਹ ਸਿੱਖ ਇਤਿਹਾਸ ਨਾਲ ਜੁੜੇ ਅਤੇ ਗੁਰਬਾਣੀ ਵੱਲ ਪ੍ਰੇਰਿਤ ਹੋਏ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਆਲ ਇੰਡੀਆ ਰੇਡੀਓ ਜਲੰਧਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਵਿੱਚ ਉਹ ਵਾਰਤਾ ਪੇਸ਼ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਵਾਰਤਾਵਾਂ ਦਾ ਸੰਗ੍ਰਹਿ ਹੀ ਇਸ ਪੁਸਤਕ ਦਾ ਹਿੱਸਾ ਬਣਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਲੇਖ ਇਸ ਪੁਸਤਕ ਲਈ ਲਿਖੇ। ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਇਹ ਪੁਸਤਕ ਹਰ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ। ਉਨ੍ਹਾਂ ਸਮਾਰੋਹ ਵਿੱਚ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ, ਗੁਰਦੁਆਰਾ ਫੇਜ਼-1 ਦੇ ਪ੍ਰਧਾਨ ਪ੍ਰੀਤਮ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਹਰਪਾਲ ਸਿੰਘ ਸੋਢੀ, ਸੁਰਜੀਤ ਸਿੰਘ ਮਠਾੜੂ, ਰਵਿੰਦਰ ਸਿੰਘ ਗੁਰਦੁਆਰਾ ਭਾਈ ਜੈਤਾ, ਖੇਮ ਸਿੰਘ ਗੁਰਦੁਆਰਾ ਫੇਜ਼-4, ਬਾਬਾ ਉਮਰਾਓ ਸਿੰਘ, ਹਰਦਿਆਲ ਸਿੰਘ, ਅਮਰੀਕ ਸਿੰਘ, ਜਤਿੰਦਰ ਸਿੰਘ ਪ੍ਰਚਾਰਕ, ਹਰਜੋਤ ਸਿੰਘ ਢਾਡੀ ਜਥਾ, ਮਾਸਟਰ ਜਸਬੀਰ ਸਿੰਘ, ਸੀਨੀਅਰ ਪੱਤਰਕਾਰ ਹਰਬੰਸ ਸਿੰਘ ਬਾਗੜੀ, ਪਰਦੀਪ ਸਿੰਘ ਹੈਪੀ, ਜਗਦੀਪ ਸਿੰਘ, ਸੁਖਦੀਪ ਸਿੰਘ ਸੋਹੀ, ਗੁਰਜੀਤ ਸਿੰਘ ਬਿੱਲਾ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਵੀ ਹਾਜ਼ਰ ਸਨ।