
ਬਲੌਂਗੀ ਵਿੱਚ 60 ਲੋਕਾਂ ਦੀ ਜਾਂਚ, 3 ਸਾਲ ਦੀ ਬੱਚੀ ਸਮੇਤ 5 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਿੰਡਾਂ ਵਿੱਚ ਲੋਕਾਂ ਦੀ ਜਾਂਚ ਤੇ ਕੋਵਿਡ ਟੀਕਾਕਰਨ ਮੁਹਿੰਮ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਮੁਹਾਲੀ ਜ਼ਿਲ੍ਹੇ ਵਿੱਚ ਲਗਾਤਾਰ ਵਧ ਰਹੇ ਕਰੋਨਾ ਮਹਾਮਾਰੀ ਦੇ ਕੇਸਾਂ ਦੇ ਚੱਲਦਿਆਂ ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਦਿਹਾਤੀ ਖੇਤਰ ਵਿੱਚ ਵੱਖ-ਵੱਖ ਪਿੰਡਾਂ ਵਿੱਚ ਸਾਂਝੀਆਂ ਥਾਵਾਂ ’ਤੇ ਕੋਵਿਡ ਟੈਸਟਿੰਗ ਅਤੇ ਕਰੋਨਾ ਟੀਕਾਕਰਨ ਲਈ ਕੈਂਪ ਲਗਾਏ ਗਏ ਅਤੇ ਪਿੰਡਾਂ ਦੇ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਅੱਜ ਇੱਥੋਂ ਦੇ ਨੇੜਲੇ ਪਿੰਡ ਬਲੌਂਗੀ ਸਥਿਤ ਗੁਰਦੁਆਰਾ ਸੰਤ ਬਾਬਾ ਸਮੀਰ ਸਿੰਘ ਸਾਹਿਬ ਵਿਖੇ ਡਾਕਟਰ ਰੀਨਾ ਦੀ ਅਗਵਾਈ ਹੇਠ ਕਰੋਨਾ ਟੈਸਟਿੰਗ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਏਐਨਐਮ ਬਜਿੰਦਰਪਾਲ ਕੌਰ, ਆਸਾ ਫੈਸਟੀਲੇਟਰ ਚਰਨਜੀਤ ਕੌਰ, ਆਸਾ ਵਰਕਰ ਸੋਮਪ੍ਰੀਤ ਕੌਰ, ਮਨਜੀਤ ਕੌਰ ਤੇ ਰਣਜੀਤ ਕੌਰ ਤੇ ਸਮਾਜ ਸੇਵੀ ਅਮਰੀਕ ਸਿੰਘ ਧਾਲੀਵਾਲ ਵੀ ਹਾਜ਼ਰ ਸਨ।
ਡਾਕਟ ਰੀਨਾ ਨੇ ਦੱਸਿਆ ਕਿ ਅੱਜ ਬਲੌਂਗੀ ਵਿੱਚ 60 ਵਿਅਕਤੀਆਂ ਦੇ ਕਰੋਨਾ ਟੈਸਟ ਲਈ ਸੈਂਪਲ ਲਏ ਗਏ। ਜਿਨ੍ਹਾਂ ’ਚੋਂ ਤਿੰਨ ਸਾਲ ਦੀ ਮਾਸੂਮ ਬੱਚੀ ਸਮੇਤ 5 ਵਿਅਕਤੀ ਕਰੋਨਾ ਤੋਂ ਪੀੜਤ ਪਾਏ। ਉਨ੍ਹਾਂ ਦੱਸਿਆ ਕਿ ਪੀੜਤ ਮਰੀਜ਼ਾਂ ਦੀ ਹਾਲਤ ਗੰਭੀਰ ਨਾ ਹੋਣ ਕਾਰਨ ਫਿਲਹਾਲ ਉਨ੍ਹਾਂ ਨੂੰ ਆਪੋ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿਣ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਪਿੰਡਾਂ ਦੇ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਦਿਆਂ ਇਸ ਭਿਆਨਕ ਮਹਾਮਾਰੀ ਤੋਂ ਬਚਨ ਲਈ ਆਪਣੇ ਮੂੰਹ ’ਤੇ ਮਾਸਕ ਲਗਾਉਣ, ਇਕ ਦੂਜੇ ਤੋਂ ਜ਼ਰੂਰੀ ਫਿਜ਼ੀਕਲ ਫਾਸਲਾ ਬਣਾ ਕੇ ਰੱਖਣ ਅਤੇ ਵਾਰ-ਵਾਰ ਸਾਬਣ ਅਤੇ ਸੈਨੇਟਾਈਜਰ ਨਾਲ ਹੱਥ ਸਾਫ਼ ਕਰਨ ਲਈ ਪ੍ਰੇਰਿਆ ਗਿਆ। ਡਾਕਟਰ ਰੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿੰਡਾਂ ਵਿੱਚ ਕਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਧਰ, ਬਲੌਂਗੀ ਥਾਣੇ ਵਿੱਚ ਕੋਵਿਡ ਵੈਕਸੀਨ ਕੈਂਪ ਲਗਾ ਕੇ ਪਿੰਡ ਅਤੇ ਕਲੋਨੀਆਂ ਵਾਸੀਆਂ ਦਾ ਟੀਕਾਕਰਨ ਕੀਤਾ ਗਿਆ। ਇੱਥੇ ਵੱਡੀ ਗਿਣਤੀ ਵਿੱਚ ਲੋਕ ਖਾਸ ਕਰਕੇ ਅੌਰਤਾਂ ਕੋਵਿਡ ਟੀਕਾਕਰਨ ਲਈ ਪੁੱਜੀਆਂ ਸਨ। ਪੁਲੀਸ ਕਰਮਚਾਰੀਆਂ ਨੇ ਸੋਸ਼ਲ ਡਿਸਟੈਂਸੀ ਲਈ ਲੋਕਾਂ ਦੀਆਂ ਦੂਰ ਤੱਕ ਲਾਈਨਾਂ ਲਗਾਈਆਂ ਗਈਆਂ।